ਭਾਰਤੀ ਕ੍ਰਿਕਟ ਖਿਡਾਰੀ ਯੁਵਰਾਜ ਸਿੰਘ ਨੇ ਇੰਗਲੈਂਡ ਦੇ ਖਿਲਾਫ਼ ਪਹਿਲੇ ਟੀ-20 ਮੈਚ ਵਿਚ ਮਿਲੇ ‘ਮੈਨ ਆਫ਼ ਦ ਮੈਚ’ ਐਵਾਰਡ ਨੂੰ ਦਿੱਲੀ ਵਿਖੇ ਘਿਨਾਉਣੇ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਨੂੰ ਸਮਰਪਿਤ ਕੀਤਾ ਹੈ।
ਦਿੱਲੀ ਦੇ ਸਫ਼ਦਰਜੰਗ ਹਸਪਤਾਲ ਵਿਚ ਭਰਤੀ ਇਹ ਲੜਕੀ ਇਸ ਵੇਲੇ ਜ਼ਿੰਦਗ਼ੀ ਅਤੇ ਮੌਤ ਦੀ ਲੜਾਈ ਲੜ ਰਹੀ ਹੈ। ਬੀਤੇ ਐਤਵਾਰ ਨੂੰ ਇਸ ਲੜਕੀ ਦੇ ਨਾਲ ਇਕ ਚਲਦੀ ਹੋਈ ਬੱਸ ਵਿਚ ਕੁਝ ਵਹਿਸ਼ੀਆਂ ਵਲੋਂ ਸਮੂਹਕ ਬਲਾਤਕਾਰ ਕੀਤਾ ਗਿਆ ਸੀ। ਉਸ ਲੜਕੀ ਦੀ ਹਾਲਤ ਇੰਨੀ ਚਿੰਤਾਜਨਕ ਬਣੀ ਹੋਈ ਹੈ ਕਿ ਡਾਕਟਰਾਂ ਨੂੰ ਉਸਦੀਜ਼ਿੰਦਗ਼ੀ ਬਚਾਉਣ ਲਈ ਉਸਦੀਆਂ ਕਈ ਅੰਤੜੀਆਂ ਨੂੰ ਕੱਢਣਾ ਪਿਆ । ਡਾਕਟਰਾਂ ਅਨੁਸਾਰ ਉਹ ਲੜਕੀ ਕਾਫ਼ੀ ਹਿੰਮਤ ਦੇ ਨਾਲ ਹਾਲਾਤ ਦਾ ਸਾਹਮਣਾ ਕਰ ਰਹੀ ਹੈ। ਇਸ ਲੜਕੀ ਹੁਣ ਆਈਸੀਯੂ ਵਿਚ ਰੱਖਿਆ ਗਿਆ ਹੈ।
ਇੰਗਲੈਂਡ ਦੇ ਵਿਰੁੱਧ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੁਵਰਾਜ ਸਿੰਘ ਨੇ 3 ਵਿਕਟਾਂ ਲੈ ਕੇ 38 ਦੌੜਾਂ ਬਣਾਈਆਂ ਸਨ ਜਿਸ ਕਰਕੇ ਉਸਨੂੰ ‘ਮੈਨ ਆਫ਼ ਦਾ ਮੈਚ’ ਇਨਾਮ ਦਿੱਤਾ ਗਿਆ। ਮੈਚ ਤੋਂ ਬਾਅਦ ਬੋਲਦਿਆਂ ਹੋਇਆਂ ਯੁਵਰਾਜ ਸਿੰਘ ਨੇ ਕਿਹਾ ਕਿ ਇਸ ਇਨਾਮ ਨੂੰ ਮੈਂ ਸਮੂਹਿਕ ਬਲਾਤਕਾਰ ਦਾ ਸ਼ਿਕਾਰ ਹੋਈ ਲੜਕੀ ਨੂੰ ਸਮਰਪਿਤ ਕਰਨਾ ਚਾਹੁੰਦਾ ਹਾਂ। ਜੋ ਕੁਝ ਉਸਦੇ ਨਾਲ ਹੋਇਆ, ਉਸ ਬਾਰੇ ਸੁਣਕੇ ਪੂਰੀ ਟੀਮ ਨੂੰ ਬਹੁਤ ਦੁੱਖ ਹੋਇਆ ਹੈ ਅਤੇ ਅਸੀਂ ਚਿੰਤਿਤ ਹਾਂ। ਇਸਦੇ ਨਾਲ ਹੀ ਯੁਵਰਾਜ ਨੇ ਇਸ ਲੜਕੀ ਦੇ ਜਲਦੀ ਠੀਕ ਹੋਣ ਲਈ ਦੁਆ ਕੀਤੀ।