ਇਕ ਬੱਚੀ ਦਾ ਗੈਂਗ-ਰੇਪ ਅਤੇ ਖ਼ੂਨੀ ਨਵੰਬਰ 1984 ਦੇ ਸੈਂਕੜੇ ਗੈਂਗ-ਰੇਪ
16 ਦਸੰਬਰ 2012 ਦੇ ਦਿਨ ਦਿੱਲੀ ਵਿਚ ਇਕ ਨੌਜਵਾਨ ਬੱਚੀ ਦਾ 6 ਬੰਦਿਆਂ ਨੇ ਚਲਦੀ ਬੱਸ ਵਿਚ ਰੇਪ ਕੀਤਾ ਅਤੇ ਉਸ ਮਗਰੋਂ ਉਸ ਦੇ ਗੁਪਤ ਵਿਚ ਲੋਹੇ ਦੀ ਸੀਖ ਲੰਘਾ ਕੇ ਉਸ ਨੂੰ ਅਧਮੋਇਆ ਕਰ ਕੇ ਤੇ ਨੰਗਿਆਂ ਕਰ ਕੇ ਬੱਸ ਵਿਚੋਂ ਬਾਹਰ ਸੁੱਟ ਦਿੱਤਾ। ਬੇਸ਼ਕ ਇਹ ਜ਼ੁਲਮ ਹੈ, ਦਰਿੰਦਗੀ ਹੈ ਅਤੇ ਇਹ ਸਿਰਫ਼ ਨਾ-ਮੁਆਫ਼ ਕਰਨ ਦਾ ਕਾਬਲ ਗੁਨਾਹ ਨਹੀਂ ਬਲਕਿ ਸਖ਼ਤ ਤੋਂ ਸਖ਼ਤ ਦਿੱਤੇ ਜਾਣ ਵਾਲਾ ਜੁਰਮ ਹੈ। ਇਸ ਜ਼ੁਲਮ ਦੇ ਖ਼ਿਲਾਫ਼ ਹਜ਼ਾਰਾਂ ਲੋਕਾਂ ਨੇ ਜ਼ੋਰਦਾਰ ਰੋਹ ਦਾ ਇਜ਼ਹਾਰ ਕੀਤਾ ਹੈ, ਦਿੱਲੀ ਦੇ ਸਟੁਡੈਂਟ ਤੇ ਨੌਜਵਾਨ ਸੜਕਾਂ ‘ਤੇ ਉਤਰੇ ਹਨ, ਭਾਰਤ ਦੇ ਮੀਡੀਆ ਨੇ ਇਸ ਜ਼ੁਲਮ ਦੇ ਖ਼ਿਲਾਫ਼ ਜ਼ਬਰਦਸਤ ਆਵਾਜ਼ ਉਠਾਈ ਹੈ। ਸਿਆਸੀ ਪਾਰਟੀਆਂ (ਖ਼ਾਸ ਕਰ ਕੇ ਭਾਜਪਾ ਅਤੇ ਹੋਰ ਅਪੋਜ਼ੀਸ਼ਨ ਪਾਰਟੀਆਂ) ਨੇ ਪਾਰਲੀਮੈਂਟ ਵਿਚ ਅਤੇ ਸੜਕਾਂ ‘ਤੇ ਉਚੀ ਆਵਾਜ਼ ਨਾਲ ਅਤੇ ਜਜ਼ਬਾਤੀ ਇਜ਼ਹਾਰ ਨਾਲ ਰੌਲਾ ਪਾਇਆ ਹੈ। ਕਹਿਰ ਦੇ ਖ਼ਿਲਾਫ਼ ਇਸ ਤਰ੍ਹਾਂ ਦਾ ਰੋਸ ਤੇ ਰੋਹ ਕੀ ਇਸ ਮੁਲਕ ਵਿਚ ਇਨਸਾਨੀਅਤ ਦੇ ਜ਼ਿੰਦਾ ਹੋਣ ਦਾ ਇਜ਼ਹਾਰ ਹੈ?
ਸ਼ਾਇਦ ਨਹੀਂ! ਸਵਾਲ ਇਹ ਹੈ ਕਿ ਕੀ ਜੋ ਲੋਕ ਇਸ ਰੋਸ ਤੇ ਰੋਹ ਦਾ ਇਜ਼ਹਾਰ ਕਰ ਰਹੇ ਹਨ ਕੀ ਉਹ ਸੱਚਮੁਚ ਇਨਸਾਨੀਅਤ ਦੇ ਅਲੰਬਰਦਾਰ ਹਨ? ਕੀ ਉਨ੍ਹਾਂ ਦੀ ਰੂਹ ਨੂੰ ਇਕ ਰੋ ਰਹੀ ਇਕ ਧੀ ਦੀਆਂ ਚੀਖ਼ਾਂ ਤੇ ਕੁਰਲਾਹਟ ਟੁੰਬਦੀ ਹੈ? ਕੀ ਉਹ ਜ਼ੁਲਮ ਨੂੰ ਬਰਦਾਸ਼ਤ ਨਹੀਂ ਕਰ ਸਕਦੇ? ਕੀ ਉਹ ਇਨਸਾਫ਼ ਦੇ ਪੁਜਾਰੀ ਹਨ? ਅਫ਼ਸੋਸ ਹੈ ਕਿ ਮੈਨੂੰ ਅਜਿਹਾ ਕੁਝ ਨਜ਼ਰ ਨਹੀਂ ਆਇਆ। ਮੈਨੂੰ ਯਕੀਨ ਹੈ ਕਿ ਰੋਹ ਤੇ ਰੋਸ ਦਾ ਇਜ਼ਹਾਰ ਕਰ ਰਹੇ ਲੋਕਾਂ ਵਿਚ ਕਈ ਲੋਕ ਤਾਂ ਸੱਚਮੁਚ ਹੀ ਇਨਸਾਨੀਅਤ ਦੇ ਪੁੰਜ ਹੋਣਗੇ, ਪਰ ਦੂਜੇ ਪਾਸੇ ਬਹੁਤੇ ਲੋਕ ਇਸ ਵਿਚੋਂ ਸਿਆਸਤ ਕਰ ਰਹੇ ਹਨ ਅਤੇ ਕਈ ਸਿਰਫ਼ ਸੁਰਖੀਆਂ ਵਿਚ ਆਉਣ ਅਤੇ ਦਿਖਾਵਾ ਕਰਨ ਦੀ ਕਾਰਵਾਈ ਵੀ ਕਰ ਰਹੇ ਹੋਣਗੇ।
ਇਸੇ ਦਿੱਲੀ (ਅਤੇ ਭਾਰਤ ਮੁਲਕ ਦੇ ਕਈ ਹੋਰ ਜਗਹ ਵੀ) ਵਿਚ ਅਜ ਤੋਂ 28 ਸਾਲ ਪਹਿਲਾਂ ‘ਖ਼ੂਨੀ ਨਵੰਬਰ 1984’ ਦੌਰਾਨ ਇਕ ਨਹੀਂ ਬਲਕਿ ਕਿੰਨੀਆਂ ਹੀ ਬੱਚੀਆਂ, ਅਬਲਾਵਾਂ ਨਾਲ ਇਹੋ ਜਿਹਾ ਹੀ ਨਹੀਂ ਇਸ ਤੋਂ ਵਧ ਭਿਆਨਕ ਜ਼ੁਲਮ ਹੋਇਆ ਸੀ। ਕਿੰਨਂੀਆਂ ਹੀ ਸਿੱਖ ਬੀਬੀਆਂ ਦਾ ਰੇਪ ਕੀਤਾ ਗਿਆ ਸੀ; ਕਿੰਨੀਆਂ ਨੂੰ ਤਾਂ ਉਨ੍ਹਾਂ ਦੇ ਪਿਤਾ, ਮਾਤਾ ਅਤੇ ਹੋਰ ਰਿਸ਼ਤੇਦਾਰਾਂ ਦੇ ਸਾਹਮਣੇ ਰੇਪ ਕੀਤਾ ਗਿਆ ਸੀ ਤੇ ਉਨ੍ਹਾਂ ਵਿਚੋਂ ਕਈਆਂ ਨੂੰ ਰੇਪ ਕਰਨ ਮਗਰੋਂ ਜ਼ਿੰਦਾ ਜਲਾ ਦਿੱਤਾ ਗਿਆ ਸੀ। ਕਿੰਨੇ ਹੀ ਹਜ਼ਾਰਾਂ ਲੋਕਾਂ ਨੂੰ ਦੁਨੀਆਂ ਭਰ ਦੇ ਤਸੀਹੇ ਦੇ ਕੇ ਜ਼ਾਲਮਾਨਾ ਤਰੀਕੇ ਨਾਲ ਕਤਲ ਕੀਤਾ ਗਿਆ ਸੀ। ਕੀ ਉਹ ਬੀਬੀਆਂ ਅਤੇ ਬੱਚੇ ਤੇ ਆਦਮੀ ਇਨਸਾਨ ਨਹੀਂ ਸਨ? ਉਦੋਂ ਨਾ ਤਾਂ ਮੀਡੀਆ ਨੂੰ ਕੋਈ ਦਰਦ ਹੋਇਆ, ਨਾ ਕਿਸੇ ਅਦਾਲਤ ਨੇ ਇਸ ਦਾ ਨੋਟਿਸ ਲਿਆ, ਨਾ ਕਿਸੇ ਪਾਸੇ ਰੋਸ ਜਲੂਸ ਨਿਕਲੇ, ਨਾ ਕਿਸੇ ਨੇ ਧਰਨੇ ਮਾਰੇ, ਨਾ ਹਾਹਾ-ਕਾਰ ਮੱਚੀ। ਕੀ ਉਦੋਂ ਲੋਕਾਂ ਦਾ ਖ਼ੂਨ ਪਾਣੀ ਹੋ ਗਿਆ ਸੀ? ਕੀ ਉਦੋਂ ਜ਼ੁਲਮ ਦਾ ਸ਼ਿਕਾਰ ਹੋਈਆਂ ਬੱਚੀਆਂ ਇਨਸਾਨ ਨਹੀਂ ਸਨ? ਕੀ ਉਹ ਦੁਸ਼ਮਣ ਮੁਲਕ ਜਾਂ ਕਿਸੇ ਹੋਰ ਗ੍ਰਹਿ ਦੀਆਂ ਬੱਚੀਆਂ ਸਨ?
ਫਿਰ ਏਨਾ ਹੀ ਬੱਸ ਨਹੀਂ ਬਲਕਿ ਜੇ ਕੁਝ ਇਨਸਾਨੀ ਹਕੂਕ ਵਾਲੀਆਂ ਜਮਾਤਾਂ ਨੇ ਜ਼ਰਾ ਮਾਸਾ ਆਵਾਜ਼ ਉਠਾਈ ਤਾਂ ਉਲਟਾ ਉਨ੍ਹਾਂ ‘ਤੇ ਕੇਸ ਦਰਜ ਕੀਤੇ ਗਏ। ਇਸ ਦੇ ਨਾਲ ਹੀ ਜੇ ਕੁਝ ਤਥ ਸਾਹਮਣੇ ਆਏ ਤਾਂ ਉਨ੍ਹਾਂ ਨੂੰ ਖ਼ਤਮ ਕਰਨ ਵਾਸਤੇ ਸਾਜ਼ਸ਼ਾਂ ਘੜੀਆਂ ਗਈਆਂ; ਦਰਿੰਦਿਆਂ ਨੂੰ ਉਚੀਆਂ ਸਿਆਸੀ ਪੁਜ਼ੀਸ਼ਨਾਂ ਦਿੱਤੀਆਂ ਗਈਆਂ; ਮੁਜਰਿਮਾਂ ਨੂੰ ਬਚਾਉਣ ਵਾਸਤੇ ਸਰਕਾਰਾਂ, ਪੁਲਸ, ਸੀ. ਬੀ. ਆਈ. ਅਤੇ ਅਦਾਲਤਾਂ ਨੇ ਸਾਜ਼ਸ਼ੀ ਅਤੇ ਸ਼ਰਮਨਾਕ ਰੋਲ ਅਦਾ ਕੀਤਾ।
ਏਨਾ ਹੀ ਬਸ ਨਹੀਂ, ਹੁਣ ਵੀ ਜਦੋਂ ਵੀ ਉਸ ਜ਼ੁਲਮ ‘ਤੇ ਐਕਸ਼ਨ ਕਰਨ ਵਾਸਤੇ ਆਵਾਜ਼ ਉਠਦੀ ਹੈ ਤਾਂ ਵਾਰ-ਵਾਰ ਉਸ ਨੂੰ ਭੁੱਲ ਜਾਣ ਵਾਸਤੇ ਕਿਹਾ ਜਾਂਦਾ ਹੈ; ਉਸ ਦਾ ਦਾ ਜ਼ਿਕਰ ਕਰਨ ਨੂੰ ਅਕਸਰ ਫ਼ਿਰਕਾਪ੍ਰਸਤੀ ਦਾ ਦਰਜਾ ਦੇ ਕੇ ਉਸ ਆਵਾਜ਼ ਨੂੰ ਨਿੰਦਿਆ ਜਾਂਦਾ ਹੈ ਅਤੇ ਜੇ ਕਿਤੇ ਪ੍ਰੋਟੈਸਟ ਹੁੰਦਾ ਹੈ ਤਾਂ ਬਹੁਤਾ ਮੀਡੀਆ ਉਸ ਦਾ ਜ਼ਿਕਰ ਤਕ ਨਹੀਂ ਕਰਦਾ। ਇਹ ਕਿਹੋ ਜਿਹਾ ਇਨਸਾਫ਼ ਹੈ? ਇਹ ਕਿਹੋ ਜਿਹੀ ਇਨਸਾਨੀਅਤ ਹੈ? ਇਹ ਕਿਹੋ ਜਿਹੀ ‘ਨਿਰਪਖਤਾ’ ਹੈ? ਕੀ ਸਿੱਖ ਬੀਬੀ ਇਨਸਾਨ ਨਹੀਂ? ਕੀ ਸਿੱਖ ਬੀਬੀਆਂ ਦਾ ਰੇਪ ਕਰਨਾ ਜ਼ੁਲਮ ਨਹੀਂ? ਕੀ ਘਟਗਿਣਤੀ ‘ਤੇ ਜ਼ੁਲਮ ਹੱਕ ਬਜਾਨਬ ਅਤੇ ਜਾਇਜ਼ ਕਾਰਵਾਈ ਹੈ? ਇਹ ਕਿਹੋ ਜਿਹਾ ਇਨਸਾਫ਼ ਹੈ ਜੋ ਇਕ ਇਨਸਾਨ ਦਾ ਦੂਜੇ ਇਨਸਾਨ ਤੋਂ ਫ਼ਰਕ ਕਰਦਾ ਹੈ?
ਇਕ ਹੋਰ ਗੱਲ ਵੀ ਕਰਨੀ ਚਾਹਵਾਂਗਾ। ‘ਖ਼ੂਨੀ ਨਵੰਬਰ 1984’ ਦੌਰਾਨ ਜੋ ਜ਼ੁਲਮ, ਜੋ ਕਤਲ, ਜੋ ਰੇਪ, ਜੋ ਲੁੱਟਮਾਰ ਅਤੇ ਇਨਸਾਨੀਅਤ ਦਾ ਘਾਣ ਹੋਇਆ ਸੀ, ਉਸ ਦੀ ਸਰਪਰਸਤੀ ਸਰਕਾਰ ਦੇ ਸਰਕਰਦਾ ਆਗੂ, ਪੁਲਸ ਅਤੇ ਹੋਰ ਹਾਕਮ ਅੰਸਰ ਕਰ ਰਹੇ ਸਨ; ਬੇਸ਼ਕ ਉਨ੍ਹਾਂ ਭੀੜਾਂ ਦੀ ਅਗਵਾਈ ਰੱਜੇ ਪੁੱਜੇ, ਕਾਂਗਰਸੀ ਆਗੂ ਤੇ ਰਸੂਖ ਵਾਲੇ ਸਿੱਖ-ਦੁਸ਼ਮਣ ਲੋਕ ਕਰ ਰਹੇ ਸਨ, ਪਰ ਉਹ ਦਰਿੰਦਗੀ ਅਤੇ ਜ਼ੁਲਮ ਬਹੁਤਾ ਕਰ ਕੇ ਭਾੜੇ ‘ਤੇ ਲਿਆਂਦੇ ਮੁਜਰਿਮਾਂ ਅਤੇ ਦਿਹਾੜੀਦਾਰ ਲੋਕਾਂ ਤੋਂ ਕਰਵਾਏ ਗਏ ਸਨ। ਯਾਨਿ ਉਦੋਂ ਕਤਲ, ਰੇਪ ਅਤੇ ਲੁੱਟ-ਮਾਰ ਦੀਆਂ ਕਾਰਵਾਈਆਂ ਵਿਚ ਗ਼ਰੀਬ, ਮਜ਼ਦੂਰ ਤਬਕੇ ਦੇ ਲੋਕ ਅਤੇ ਆਮ ਮੁਜਰਿਮ ਵਰਤੇ ਗਏ ਸਨ। ਜਦ ਮੈਂ ਇਸ ਬੱਚੀ ਦੇ ਰੇਪ ਵਿਚ ਸ਼ਾਮਿਲ ਛੇ ਲੋਕਾਂ ਦਾ ਪਿਛੋਕੜ ਦੇਖਦਾ ਹਾਂ ਤਾਂ ਹੈਰਾਨ ਹੁੰਦਾ ਹਾਂ ਕਿ ਇਨ੍ਹਾਂ ਵਿਚੋਂ ਕੋਈ ਝੁੱਗੀਆਂ ਵਿਚ ਰਹਿਣ ਵਾਲਾ ਹੈ, ਕੋਈ ਬਹੁਤ ਗ਼ਰੀਬ ਘਰ ਦਾ ਹੈ ਤੇ ਕੋਈ ਮਜ਼ਦੂਰ ਪਰਵਾਰ ਵਿਚੋਂ ਹੈ। ਇਨ੍ਹਾਂ ਵਿਚੋਂ ਕਈ ਵੀ ਕਿਸੇ ਅਮੀਰ ਬਾਪ ਦਾ ਵਿਗੜਿਆ ਬੱਚਾ ਨਹੀਂ, ਕੋਈ (ਅੰਮ੍ਰਿਤਸਰ ਦੇ ਏ.ਐਸ.ਆਈ. ਦੇ ਕਾਤਲ ਅਕਾਲੀ ਆਗੂ ਵਾਂਗ) ਜ਼ਮੀਨ ਵੇਚ ਕੇ ਆਏ ਪੈਸੇ ਨਾਲ ਅੱਯਾਸ਼ੀ ਕਰਨ ਵਾਲਾ ਗੁੰਡਾ-ਸੋਚ ਦਾ (ਕਿਸੇ ਮਜੀਠਿਆ ਬਰਗੇਡ ਕਿਸਮ ਦਾ) ਬੰਦਾ ਨਹੀਂ, ਕੋਈ ਕਿਸੇ ਪੁਲਸੀਏ, ਸਿਆਸੀ ਆਗੂ ਦਾ ਪੁੱਤਰ ਜਾਂ ਰਿਸ਼ਤੇਦਾਰ ਨਹੀਂ (ਵਰਨਾ, ਸ਼ਾਇਦ, ਹੁਣ ਤਕ ਨਕਸ਼ਾ ਹੋਰ ਹੀ ਹੁੰਦਾ; ਪੁਲਸ ਤੇ ਸਿਆਸੀ ਪਾਰਟੀਆਂ ਦਾ ਰਵੱਈਆ ਤੇ ਵਰਤਾਰਾ ਵਖਰੀ ਕਿਸਮ ਦਾ ਹੁੰਦਾ)। ਖ਼ੈਰ ਮੈਂ ਜਿਸ ਨੁਕਤੇ ਵੱਲ ਲਿਆਉਣਾ ਚਾਹੁੰਦਾ ਹਾਂ ਉਹ ਇਹ ਹੈ ਕਿ ਭਾਰਤ ਮੁਲਕ ਵਿਚ ਜ਼ੁਲਮ ਅਤੇ ਗੁੰਡਾਗਰਦੀ ਹੁਣ ਸਿਆਸੀ ਆਗੂਆਂ, ਪੁਲਸੀਆਂ ਤੇ ਅਮੀਰਾਂ ਦੇ ਬੱਚਿਆਂ ਤਕ ਮਹਿਦੂਦ (ਸੀਮਤ) ਨਹੀਂ ਰਹਿ ਗਈ ਅਤੇ ਸ਼ਾਇਦ ਇਹ ਇਕ ਕੌਮੀ ‘ਖ਼ੂਬੀ’ ਬਣਦੀ ਜਾ ਰਹੀ ਹੈ (ਮੈਂ ਲਫ਼ਜ਼ ‘ਖ਼ੂਬੀ’ ਵਰਤਿਆ ਹੈ ‘ਬੁਰਾਈ’ ਨਹੀਂ ਕਿਉਂ ਕਿ ਬੁਰਾਈ ਨੂੰ ਤਾਂ ਸਾਰੇ ਨਿੰਦਦੇ ਹਨ ਜਦ ਕਿ ਇਸ ਗੁੰਡਾਗਰਦੀ ਅਤੇ ਬੁਰਛਾਗਰਦੀ ਨੂੰ ਅਕਸਰ ਇਕ ਚੁੱਪ ਜਿਹੀ ਮਨਜ਼ੂਰੀ ਮਿਲੀ ਹੈ)। ਜਦ ਸਿਆਸੀ ਲੋਕ ਇਸ ਗ਼ਰੀਬ ਤਬਕੇ ਨੂੰ ਗੁੰਡਾਗਰਦੀ ਵਾਸਤੇ ਵਰਤਦੇ ਹਨ ਤਾਂ ਇਨ੍ਹਾਂ ਗ਼ਰੀਬਾਂ ਦੇ ਮਨਾਂ ਦੇ ਅੰਦਰ ਗੁੰਡਾ ਗਰਦੀ ਤੇ ਜ਼ੁਲਮ ਕਰਨ ਦਾ ਸ਼ੌਕ ਪੈਦਾ ਹੋ ਜਾਂਦਾ ਹੈ ਜਿਸ ਨੂੰ, ਮੌਕਾ ਮਿਲਣਾ ‘ਤੇ, ਉਹ ਆਪਣੇ ਤੋਂ ਕਮਜ਼ੋਰ ਲੋਕਾਂ ‘ਤੇ ਵਰਤਦੇ ਹਨ, ਅਤੇ ਇਹੀ ਇਸ ਬੱਚੀ ਨਾਲ ਹੋਇਆ ਹੈ।
ਜੇ ਭਾਰਤੀ ਲੋਕਾਂ, ਆਗੂਆਂ ਅਤੇ ਮੀਡੀਆ ਨੇ ‘ਖ਼ੂਨੀ ਨਵੰਬਰ 1984’ ਦੌਰਾਨ ਹੋਏ ਜ਼ੁਲਮ ਦੇ ਖ਼ਿਲਾਫ਼ ਇੰਞ ਹੀ ਆਵਾਜ਼ ਉਠਾਈ ਹੁੰਦੀ ਤਾਂ ਇਹ ਕੁਝ ਨਹੀਂ ਸੀ ਹੋਣਾ। ਇਸ ਕਰ ਕੇ ਇਸ ਬੱਚੀ ਨਾਲ ਜ਼ੁਲਮ ਕਰਨ ਵਾਲਿਆਂ ਨੂੰ ਸਜ਼ਾ ਦੇਣ ਦੇ ਨਾਲ-ਨਾਲ ਉਨ੍ਹਾਂ ਨੂੰ ਵੀ ਸਜ਼ਾ ਦੇਣੀ ਲਾਜ਼ਮੀ ਹੈ ਜਿਨ੍ਹਾਂ ਨੇ ਸਿੱਖ ਬੱਚੀਆਂ ‘ਤੇ ਜ਼ੁਲਮ ਕੀਤੇ ਸਨ। ਉਨ੍ਹਾਂ ਜ਼ੁਲਮਾਂ ਨੂੰ ਅਗਵਾਈ ਦੇਣ ਅਤੇ ਜ਼ਾਲਮਾਂ ਨੂੰ ਪਨਾਹ ਦੇਣ ਵਾਲੇ ਭਗਤ, ਟਾਈਟਲਰ, ਸੱਜਣ ਕੁਮਾਰ, ਕਮਲ ਨਾਥ ਵਰਗਿਆਂ ਦੀ ਸ਼ਨਾਖ਼ਤ ਉਦੋਂ ਹੀ ਹੋ ਗਈ ਸੀ। ਜੇ ਆਮ ਲੋਕਾਂ ਵਿਚ ਇਨਸਾਨੀਅਤ ਹੁੰਦੀ ਤਾਂ ਉਹ ਇਨ੍ਹਾਂ ਲੋਕਾਂ ਨੂੰ ਵੋਟਾਂ ਪਾ ਕੇ ਨਾ ਚੁਣਦੇ; ਜੇ ਸਿਆਸੀ ਪਾਰਟੀਆਂ ਵਿਚ ਇਨਸਾਨੀਅਤ ਹੁੰਦੀ ਤਾਂ ਉਹ ਇਨ੍ਹਾਂ ਨੂੰ ਆਪਣੇ ਉਮੀਦਵਾਰ ਨਾ ਬਣਾਉਂਦੇ ਅਤੇ ਜੇ ਮੀਡੀਆ ਵਿਚ ਇਨਸਾਨੀਅਤ ਹੁੰਦੀ ਤਾਂ ਇਨ੍ਹਾਂ ਦੇ ਖ਼ਿਲਾਫ਼ ਆਵਾਜ਼ ਉਠਾਉਂਦਾ ਅਤੇ ਇਨ੍ਹਾਂ ਦੇ ਹੱਕ ਵਿਚ ਉਠਣ ਵਾਲੀ ਬੇਈਮਾਨ ਆਵਾਜ਼ ਦਾ ਬਲੈਕ-ਆਉਟ ਕਰਦਾ।
ਪਰ ਜਾਪਦਾ ਹੈ ਕਿ ਨਾ ਆਮ ਲੋਕਾਂ ਵਿਚ ਇਨਸਾਨੀਅਤ ਦਾ ਬੀਅ ਪੁੰਗਰਿਆ ਹੈ, ਨਾ ਸਿਆਸੀ ਆਗੂਆਂ ਵਿਚ ਧਰਮ ਤੇ ਇਨਸਾਫ਼ ਨੇ ਅਸਰ ਕੀਤਾ ਹੈ ਅਤੇ ਨਾ ਮੀਡੀਆ ਨੇ ਨਿਰਪੱਖ ਹੋ ਕੇ ਰੋਲ ਅਦਾ ਕੀਤਾ ਹੈ; ਬਹੁਤੇ ਲੋਕ ਤੇ ਅਦਾਰੇ ਸਿਰਫ਼ ਆਪਣੀਆਂ ਰੋਟੀਆਂ ਸੇਕ ਰਹੇ ਹਨ। ਜੇ ਉਹ ਸੱਚੇ ਹਨ ਤਾਂ ਹਰ ਇਕ ਨੂੰ ਇਨਸਾਫ਼ ਦਿਵਾਉਣ ਵਾਸਤੇ ਆਵਾਜ਼ ਉਠਾਉਣ, ਵਰਨਾ ਦਸੰਬਰ 2012 ਦਾ ਦਰਦਨਾਕ ਸਾਕਾ ਭੁੱਲਣ ਵਿਚ ਬਹੁਤੀ ਦੇਰ ਨਹੀਂ ਲੱਗੇਗੀ ਅਤੇ ਫਿਰ ਕਿਸੇ ਹੋਰ ਧੀ ਨਾਲ ਜ਼ੁਲਮ ਹੋਵੇਗਾ ਤੇ ਫਿਰ ਕੁਝ ਚਿਰ ਰੋਲਾ ਪੈ ਕੇ ਲੋਕ, ਆਗੂ ਅਤੇ ਮੀਡੀਆ ਚੁਪ ਹੋ ਜਾਣਗੇ।