-ਹਰਦਮ ਸਿੰਘ ਮਾਨ
ਦਮਗਜੇ ਤਾਂ ਦੋਸਤੀ ਦੇ ਮਾਰਦਾ ਹੈ ਆਦਮੀ।
ਸੀਨੇ ਅੰਦਰ ਨਫਰਤਾਂ ਉਂਜ ਪਾਲਦਾ ਹੈ ਆਦਮੀ।
ਰਾਤ ਦਿਨ ਰਹਿੰਦਾ ਹੈ ਭਾਵੇਂ ਪਾਣੀਆਂ ਨੂੰ ਰਿੜਕਦਾ
ਫੇਰ ਵੀ ਮੱਖਣ ਦੇ ਪੇੜੇ ਭਾਲਦਾ ਹੈ ਆਦਮੀ।
ਜ਼ਿਹਨ ਦੇ ਹਰ ਕੋਨੇ ਅੰਦਰ ਸਜ ਰਹੇ ਬਾਜ਼ਾਰ ਨੇ
ਰਿਸ਼ਤਿਆਂ ਨੂੰ ਭਾਨ ਵਾਗੂੰ ਖਰਚਦਾ ਹੈ ਆਦਮੀ।
ਖੂਬਸੂਰਤ ਮਹਿਲ ਨੇ, ਸੁਖ, ਐਸ਼ ਦੇ ਸਾਧਨ ਅਨੇਕ
ਫੇਰ ਵੀ ਬਣਨਾ ਪਰਿੰਦਾ ਲੋਚਦਾ ਹੈ ਆਦਮੀ।
ਦੌਲਤਾਂ ਤੇ ਸ਼ੁਹਰਤਾਂ ਦੀ ਤਾਂਘ ਰਹਿੰਦੀ ਹਰ ਸਮੇਂ
‘ਮਾਨ’ ਕਿੰਨਾ ਸਾਧ, ਫੱਕਰ ਜਾਪਦਾ ਹੈ ਆਦਮੀ।