ਨਵੀਂ ਦਿੱਲੀ- ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਨਵੀਂ ਦਿੱਲੀ ਵਿੱਚ ਆਯੋਜਿਤ 13ਵੇਂ ਭਾਰਤ-ਰੂਸ ਸਾਲਾਨਾ ਸਮਾਗਮ ਨੂੰ ਸੰਬੋਧਨ ਕੀਤਾ। ਉਨ੍ਹਾਂ ਨੇ ਇਸ ਸੰਮੇਲਨ ਵਿੱਚ ਸ਼ਾਮਿਲ ਹੋਣ ਲਈ ਆਏ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੂਤਿਨ ਦਾ ਸਵਾਗਤ ਕੀਤਾ।ਡਾ: ਮਨਮੋਹਨ ਸਿੰਘ ਨੇ ਪੂਤਿਨ ਦੀ ਪ੍ਰਸੰਸਾ ਕਰਦੇ ਹੋਏ ਕਿਹਾ ਕਿ ਰਾਸ਼ਟਰਪਤੀ ਪੂਤਿਨ ਭਾਰਤ ਦੇ ਇੱਕ ਮਹੱਤਵਪੂਰਣ ਦੋਸਤ ਹਨ ਅਤੇ ਭਾਰਤ-ਰੂਸ ਰਣਨੀਤਕ ਸਾਂਝੇਦਾਰੀ ਦੇ ਸੂਤਰਧਾਰ ਵੀ ਹਨ।
ਪ੍ਰਧਾਨਮੰਤਰੀ ਨੇ ਮੀਡੀਆ ਨੂੰ ਜਾਰੀ ਇੱਕ ਬਿਆਨ ਵਿੱਚ ਕਿਹਾ ਕਿ ਪਰਮਾਣੂੰ ਊਰਜਾ ਪ੍ਰੋਗਰਾਮ ਦਾ ਵਿਕਾਸ ਦੋਵਾਂ ਦੇਸ਼ਾਂ ਦੇ ਵਿੱਚਕਾਰ ਰਣਨੀਤਕ ਸਾਂਝੇਦਾਰੀ ਦਾ ਮੁੱਖ ਬਿੰਧੂ ਹੈ। ਕੁਡਨਕੁਲਮ ਪਰਮਾਣੂੰ ਊਰਜਾ ਪਰਿਯੋਜਨਾ ਦੀ ਪਹਿਲੀ ਇਕਾਈ ਦਾ ਨਿਰਮਾਣ ਹੋ ਚੁੱਕਾ ਹੈ ਅਤੇ ਜਲਦੀ ਹੀ ਊਰਜਾ ਦਾ ਉਤਪਾਦਨ ਸ਼ੁਰੂ ਹੋ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਭਾਰਤ ਰੂਸ ਦੇ ਇੰਜੀਨੀਅਰਾਂ ਅਤੇ ਵਿਗਿਆਨਿਕਾਂ ਵੱਲੋਂ ਮਿਲੇ ਸਹਿਯੋਗ ਦੀ ਪ੍ਰਸੰਸਾ ਕਰਦਾ ਹੈ। ਅਗਲੇ ਸਾਲ ਇਸਪਰਿਯੋਜਨਾ ਦੀ ਦੂਸਰੀ ਇਕਾਈ ਦਾ ਨਿਰਮਾਣ ਕਾਰਜ ਪੂਰਾ ਹੋਣ ਦੀ ਉਮੀਦ ਹੈ। ਪ੍ਰਧਾਨਮੰਤਰੀ ਨੇ ਕਿਹਾ ਕਿ 2010 ਵਿੱਚ ਰੂਸ ਅਤੇ ਭਾਰਤ ਨੇ ਪਰਮਾਣੂੰ ਊਰਜਾ ਦੇ ਖੇਤਰ ਵਿੱਚ ਸਹਿਯੋਗ ਦੇਣ ਦਾ ਜੋ ਖਾਕਾ ਤਿਆਰ ਕੀਤਾ ਸੀ, ਉਸ ਨੂੰ ਅਸੀਂ ਹੋਰ ਵੀ ਅੱਗੇ ਵਧਾਂਵਾਂਗੇ।ਉਨ੍ਹਾਂ ਨੇ ਰੂਸ ਦੇ ਵਿਸ਼ਵ ਵਪਾਰ ਸੰਗਠਨ ਵਿੱਚ ਸ਼ਾਮਿਲ ਹੋਣ ਤੇ ਰਾਸ਼ਟਰਪਤੀ ਪੂਤਿਨ ਨੂੰ ਵਧਾਈ ਦਿੱਤੀ।ਪ੍ਰਧਾਨਮੰਤਰੀ ਮਨਮੋਹਨ ਸਿੰਘ ਨੇ ਕਿਹਾ ਕਿ ਭਾਰਤ ਦੇ ਸੈਨਿਕ ਬਲਾਂ ਨੂੰ ਆਧੁਨਿਕ ਬਣਾਉਣ ਅਤੇ ਆਪਣੀ ਰੱਖਿਆ ਤਿਆਰੀ ਨੂੰ ਮਜਬੂਤ ਕਰਨ ਵਿੱਚ ਰੂਸ ਸਾਡਾ ਮਹੱਤਵਪੂਰਣ ਸਾਥੀ ਹੈ।