ਫਤਹਿਗੜ੍ਹ ਸਾਹਿਬ – ਸ਼ਹੀਦ ਬਾਬਾ ਜੋਰਾਵਰ ਸਿੰਘ, ਸ਼ਹੀਦ ਬਾਬਾ ਫਤਿਹ ਸਿੰਘ, ਜਗਤ ਮਾਤਾ ਗੁਜ਼ਰ ਕੌਰ ਅਤੇ ਸ਼ਹੀਦ ਬਾਬਾ ਮੋਤੀ ਸਿੰਘ ਮਹਿਰਾ ਨੂੰ ਸ਼ਰਧਾਂ ਦੇ ਫੁੱਲ ਭੇਟ ਕਰਦੇ ਹੋਏ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਵੱਲੋਂ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਬਹੁਤ ਹੀ ਭਰਵੀ ਸ਼ਹੀਦੀ ਕਾਨਫਰੰਸ ਵਿਚ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਆਪਣੀ ਬਹੁਤ ਹੀ ਪ੍ਰਭਾਵਸ਼ਾਲੀ ਅਤੇ ਬਾਦਲੀਲ ਤਰੀਕੇ ਤਕਰੀਰ ਕਰਦੇ ਹੋਏ ਜਿਥੇ ਸ਼ਹੀਦਾਂ ਨੂੰ ਸ਼ਰਧਾਂ ਸਾਹਿਤ ਫੁੱਲ ਭੇਟ ਕੀਤੇ, ਉਥੇ ਉਹਨਾਂ ਨੇ ਕਿਹਾ ਕਿ 7 ਸਾਲ ਅਤੇ 9 ਸਾਲ ਦੀਆਂ ਮਾਸੂਮ ਜਿੰਦਾਂ ਨੇ ਸਮੇਂ ਦੇ ਮੁਗਲ ਜ਼ਾਬਰ ਹੁਕਮਰਾਨਾਂ ਦੇ ਅਸਹਿ ਤਸੀਹੇ ਅਤੇ ਦੁੱਖ-ਤਕਲੀਫਾਂ ਦੀ ਕੋਈ ਪ੍ਰਵਾਹ ਨਾ ਕਰਦੇ ਹੋਏ ਅਤੇ ਹੁਕਮਰਾਨਾਂ ਵੱਲੋਂ ਉਹਨਾਂ ਨੂੰ ਨਵਾਬੀਆਂ, ਧਨ-ਦੌਲਤਾਂ ਦੇ ਭੰਡਾਰ ਅਤੇ ਸੁੰਦਰ ਸਹਿਜ਼ਾਦੀਆਂ ਦੇ ਡੋਲਿਆਂ ਦੇ ਵੱਡੇ ਲਾਲਚ ਦਿੱਤੇ ਗਏ ਲੇਕਿਨ ਸਾਹਿਬਜ਼ਾਦਿਆਂ ਨੇ ਇਨ੍ਹਾਂ ਦੁਨਿਆਵੀਂ ਵਸਤੂਆਂ ਅਤੇ ਉੱਚ ਅਹੁਦਿਆ ਨੂੰ ਠੁਕਰਾਕੇ, ਕੌਮ ਦੀ ਬਾਦਸ਼ਾਹੀ ਕਾਇਮ ਕਰਨ ਅਤੇ ਮਨੁੱਖੀ ਕਦਰਾਂ-ਕੀਮਤਾਂ ਉਤੇ ਪਹਿਰਾ ਦੇਣਾ ਮੁਨਾਸਿਬ ਸਮਝਿਆਂ । ਭਾਵੇ ਕਿ ਉਹਨਾਂ ਨੂੰ ਆਪਣੇ ਇਸ ਨੇਕ ਉੱਦਮਾਂ ਲਈ ਆਪਣੀਆਂ ਮਹਾਨ ਕੁਰਬਾਨੀਆਂ ਦੇਣੀਆਂ ਪਈਆਂ । ਲੇਕਿਨ ਦੁੱਖ ਅਤੇ ਅਫ਼ਸੋਸ ਹੈ ਕਿ ਅੱਜ ਸਿੱਖ ਕੌਮ ਦੀ ਬਹੁ-ਗਿਣਤੀ ਕੌਮੀ ਸੰਜ਼ੀਦਾਂ ਮਸਲਿਆਂ, ਕੌਮੀ ਨਿਸ਼ਾਨੇ ਖ਼ਾਲਿਸਤਾਨ ਅਤੇ ਗੁਰੂ ਸਾਹਿਬਾਨ ਜੀ ਦੀ ਵੱਡਮੁੱਲੀ ਮਨੁੱਖਤਾ ਪੱਖੀ ਸਿੱਖ ਸੋਚ ਨੂੰ ਪਿੱਠ ਦੇਕੇ ਆਪਣੀਆਂ ਦੁਨਿਆਵੀ, ਪਰਿਵਾਰਿਕ ਸਵਾਰਥਾਂ ਅਤੇ ਉੱਚ ਅਹੁਦੇ ਪ੍ਰਾਪਤ ਕਰਕੇ ਕੋਠੀਆਂ, ਬੰਗਲਿਆਂ, ਕਾਰਾਂ, ਜ਼ਮੀਨਾਂ-ਜ਼ਾਇਦਾਦਾਂ ਅਤੇ ਧਨ-ਦੌਲਤਾਂ ਦੇ ਭੰਡਾਰ ਇਕੱਤਰ ਕਰਨ ਵਿਚ ਮਸਰੂਫ ਹੋ ਚੁੱਕੀ ਹੈ । ਜਿਸ ਕਾਰਨ ਕੌਮ ਵਿਚ ਵੱਡੀ ਇਖ਼ਲਾਕੀ ਅਤੇ ਧਰਮੀ ਗਿਰਾਵਟ ਆ ਜਾਣ ਕਾਰਨ ਕੌਮ ਵੱਲੋਂ “ਸੱਚ ਅਤੇ ਝੂਠ” ਕਿਹੜੀ ਧਿਰ ਕੌਮ ਨਾਲ ਧੋਖੇ-ਬੇਈਮਾਨੀ ਕਰ ਰਹੀ ਹੈ ਅਤੇ ਕਿਹੜੀ ਧਿਰ ਸੰਜ਼ੀਦਗੀ ਅਤੇ ਦ੍ਰਿੜਤਾਂ ਨਾਲ ਸਿੱਖ ਸੋਚ ਤੇ ਪਹਿਰਾ ਦੇ ਰਹੀ ਹੈ, ਦਾ ਫੈਸਲਾ ਕਰਨ ਦਾ ਤੇਜ਼ ਅਤੇ ਆਤਮਿਕ ਸ਼ਕਤੀ ਵੀ ਖ਼ਤਮ ਹੋਣ ਵੱਲ ਵੱਧ ਰਹੀ ਹੈ ਜੋ ਹੋਰ ਵੀ ਗਹਿਰੀ ਚਿੰਤਾ ਵਾਲੀ ਗੱਲ ਹੈ । ਉਹਨਾਂ ਕਿਹਾ ਕਿ ਇਹੀ ਦੁਨਿਆਵੀਂ ਲਾਲਸਾਵਾਂ ਦੇ ਮੁੱਖ ਕਾਰਨ ਹਨ ਕਿ ਅੱਜ ਸਿੱਖ ਕੌਮ ਅਤੇ ਮੁਸਲਿਮ ਕੌਮ ਆਪਣੇ ਕੌਮੀ ਕਾਤਿਲਾਂ ਅਤੇ ਦੋਵੇ ਕੌਮਾਂ ਨਾਲ ਧੋਖੇ-ਫਰੇਬ ਕਰਨ ਵਾਲੀਆਂ ਜ਼ਮਾਤਾਂ ਬੀਜੇਪੀ ਅਤੇ ਮੋਦੀ ਨੂੰ ਗੁਜਰਾਤ ਵਿਚ ਵੋਟਾਂ ਪਾਕੇ ਜਿਤਾ ਰਹੇ ਹਨ ਅਤੇ ਸਿੱਖ ਕੌਮ ਦਿੱਲੀ ਵਿਚ ਕਾਂਗਰਸ ਨੂੰ ਤੇ ਪੰਜਾਬ ਵਿਚ ਬਾਦਲ-ਬੀਜੇਪੀ ਨੂੰ, ਜੋ ਸਿੱਖ ਕੌਮ ਤੇ ਪੰਜਾਬੀਆਂ ਨਾਲ ਨਿਰੰਤਰ ਧੋਖੇ-ਫਰੇਬ ਕਰਦੇ ਆ ਰਹੇ ਹਨ, ਉਹਨਾਂ ਨੂੰ ਹਰ ਵਾਰੀ ਵੋਟਾਂ ਪਾਕੇ ਜਿਤਾ ਦਿੰਦੀ ਹੈ । ਜੋ ਸਿੱਖ ਕੌਮ ਅਤੇ ਮੁਸਲਿਮ ਕੌਮ ਵਿਚ ਆਪਣੇ ਕੌਮੀ ਕਾਤਿਲਾਂ ਦੀ ਦਹਿਸਤ ਘਰ ਕਰ ਚੁੱਕੀ ਹੈ, ਇਹ ਵਰਤਾਰਾ ਹੋਰ ਵੀ ਦੁੱਖਦਾਂਇਕ ਹੈ ਅਤੇ ਮਾਰਸ਼ਲ ਕੌਮਾਂ ਲਈ ਅਜਿਹੇ ਅਮਲ ਕਰਨਾ ਇਤਿਹਾਸ ਤੋ ਮੁਨਕਰ ਹੋਣ ਵਾਲੀ ਗੱਲ ਹੈ ।
ਉਹਨਾਂ ਆਪਣੀ ਤਕਰੀਰ ਵਿਚ ਖ਼ਾਲਿਸਤਾਨ ਨੂੰ ਜ਼ਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਦੀ ਗੱਲ ਨੂੰ ਪੂਰਨ ਦ੍ਰਿੜਤਾਂ ਨਾਲ ਦੁਹਰਾਉਦੇ ਹੋਏ ਕਿਹਾ ਕਿ ਬੀਤੇ ਕੁਝ ਦਿਨ ਪਹਿਲੇ ਦਿੱਲੀ ਵਿਖੇ ਇਕ ਪੀ.ਐਚ.ਡੀ. ਕਰ ਰਹੀ ਵਿਦਿਆਰਥਣ ਨਾਲ ਬਲਾਤਕਾਰੀਆਂ ਨੇ ਸਮੂਹਿਕ ਤੌਰ ਤੇ ਅਤਿ ਘਿਣੋਨੀ ਅਤੇ ਸ਼ਰਮਨਾਕ ਕਾਰਵਾਈ ਕੀਤੀ । ਜਿਸ ਵਿਰੁੱਧ ਸਮੁੱਚਾ ਮੀਡੀਆਂ, ਅਖ਼ਬਾਰ, ਟੀ.ਵੀ.ਚੈਨਲਾਂ ਨੇ ਬੀਤੇ ਕਈ ਦਿਨਾਂ ਤੋ ਆਵਾਜ਼ ਵੀ ਉਠਾਈ ਹੋਈ ਹੈ ਅਤੇ ਸਿਆਸੀ ਜਮਾਤਾਂ ਅਤੇ ਹੋਰ ਸਮਾਜਿਕ ਸੰਗਠਨ ਜੋਰਦਾਰ ਰੋਸ ਵਿਖਾਵੇ ਕਰ ਰਹੇ ਹਨ, ਜੋ ਕਿ ਇਨਸਾਨੀ ਉੱਦਮ ਹੈ । ਲੇਕਿਨ ਅਸੀਂ ਹਿੰਦ ਦੇ ਹੁਕਮਰਾਨਾਂ, ਅਫ਼ਸਰਸ਼ਾਹੀ, ਸਮੁੱਚੇ ਮੀਡੀਏ, ਸਿਆਸੀ ਜਮਾਤਾਂ ਅਤੇ ਹਿੰਦ ਵਿਚ ਵਿਚਰ ਰਹੇ ਸਮਾਜਿਕ ਸੰਗਠਨ ਆਦਿ ਸਭ ਨੂੰ ਪੁੱਛਣਾਂ ਚਾਹੁੰਦੇ ਹਾਂ ਕਿ ਜਦੋ 1984 ਵਿਚ ਦਿੱਲੀ ਦੇ ਅਤੇ ਹੋਰ ਅਨੇਕਾਂ ਸ਼ਹਿਰਾਂ ਵਿਚ ਸਿੱਖਾਂ ਦੀਆਂ ਹਜ਼ਾਰਾਂ ਹੀ ਧੀਆਂ-ਭੈਣਾਂ ਨਾਲ ਦਿਨ-ਦਿਹਾੜੇ, ਪੁਲਿਸ, ਫੌ਼ਜ ਅਤੇ ਡਾ. ਮਨਮੋਹਨ ਸਿੰਘ ਦੀ ਕੈਬਨਿਟ ਵਿਚ ਸ਼ਾਮਿਲ ਪੀ.ਚਿੰਦਬਰਮ ਤੇ ਕਮਲਨਾਥ ਵਰਗੇ ਮੁਤੱਸਵੀ ਸਿਆਸਤਦਾਨਾਂ ਦੀ ਨਜ਼ਰ ਦੇ ਹੇਠ ਇਹ ਸ਼ਰਮਨਾਕ ਕਾਰਾ ਅਤੇ ਸਿੱਖਾਂ ਦੇ ਕਤਲ ਹੁੰਦੇ ਰਹੇ, ਉਸ ਸਮੇਂ ਅੱਜ ਦੀ ਤਰ੍ਹਾਂ ਮੀਡੀਆਂ, ਬੁੱਧੀਜੀਵੀ, ਸਿਆਸਤਦਾਨ, ਸਿਆਸੀ ਜਮਾਤਾਂ ਅਤੇ ਸਮਾਜਿਕ ਸੰਗਠਨਾਂ ਨੇ ਇਹ ਇਨਸਾਨੀ ਜਿੰਮੇਵਾਰੀ ਕਿਉਂ ਨਾ ਨਿਭਾਈ ? ਸਿੱਖ ਕੌਮ ਦੇ ਕਾਤਿਲਾਂ, ਬਲਾਤਕਾਰੀਆਂ ਤੇ ਸਿੱਖ ਕੌਮ ਉਤੇ ਜੁਲਮ ਕਰਨ ਵਾਲੇ ਸਿਆਸਤਦਾਨਾਂ ਅਤੇ ਅਫ਼ਸਰਾਂ ਨੂੰ ਹਿੰਦ ਹਕੂਮਤ ਨੇ 28 ਸਾਲ ਬੀਤ ਜਾਣ ਤੇ ਵੀ ਕਿਸੇ ਇਕ ਵੀ ਦੋਸੀ ਨੂੰ ਕਾਨੂੰਨ ਦੇ ਕਟਹਿਰੇ ਵਿਚ ਖੜ੍ਹਾ ਨਹੀ ਕੀਤਾ । ਉਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾਵਾਂ ਦਿਵਾਉਣਾਂ ਤਾਂ ਬਹੁਤ ਦੂਰ ਦੀ ਗੱਲ ਹੈ। ਇਨ੍ਹਾਂ ਹੁਕਮਰਾਨਾਂ ਤੋ ਸਿੱਖ ਕੌਮ ਨੂੰ ਇਨਸਾਫ ਕਤਈ ਨਹੀ ਮਿਲ ਸਕਦਾ । ਇਸ ਲਈ ਅੱਜ ਦੇ ਇਸ ਮਹਾਨ ਦਿਹਾੜੇ ਤੇ ਸਾਨੂੰ ਸ਼ਹੀਦਾਂ ਤੋ ਸੇਧ ਲੈਦੇ ਹੋਏ ਇਹ ਪ੍ਰਣ ਕਰ ਲੈਣਾ ਚਾਹੀਦਾ ਹੈ ਕਿ ਹੁਣ ਸਿੱਖ ਕੌਮ ਦਾ ਗੁਜ਼ਾਰਾਂ ਖ਼ਾਲਿਸਤਾਨ ਨੂੰ ਕਾਇਮ ਕਰਨ ਤੋ ਬਿਨ੍ਹਾਂ ਨਹੀ ਹੋ ਸਕਦਾ । ਜਦੋ ਸਿੱਖ ਸਟੇਟ ਖ਼ਾਲਿਸਤਾਨ ਤਿੰਨ ਪ੍ਰਮਾਣੂ ਤਾਕਤਾਂ ਹਿੰਦੂ ਹਿੰਦੂਸਤਾਨ, ਕਾਊਮਨਿਸਟ ਚੀਨ, ਇਸਲਾਮਿਕ ਪਾਕਿਸਤਾਨ ਦੇ ਵਿਚਕਾਰ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਂਖ ਵਿਚ ਕਾਇਮ ਹੋ ਗਿਆ ਤਾ ਅਸੀਂ ਆਪਣੇ ਸਿੱਖ ਬੱਫਰ ਸਟੇਟ ਖ਼ਾਲਿਸਤਾਨ ਦੇ ਵਿਧਾਨ ਦੇ ਅਨੁਸਾਰ ਇਨ੍ਹਾਂ ਕਾਤਿਲਾਂ ਨੂੰ ਕੌਮਾਂਤਰੀ ਅਦਾਲਤ ਇੰਟਰਨੈਸਨਲ ਕਰੀਮੀਨਲ ਕੋਰਟ ਦਾ ਹੇਗ ਵਿਚ ਖੜ੍ਹਾ ਕਰਕੇ ਕੌਮਾਂਤਰੀ ਕਾਨੂੰਨਾਂ ਅਨੁਸਾਰ ਹਰ ਕੀਮਤ ਤੇ ਸਜ਼ਾਵਾਂ ਦਿਵਾਵਾਗੇ ।
ਅੱਜ ਦੇ ਇਸ ਇਤਿਹਾਸਿਕ ਇਕੱਠ ਵਿਚ ਹਾਜਰੀਣ ਖ਼ਾਲਸਾ ਪੰਥ ਦੇ ਆਗੂਆਂ ਅਤੇ ਵੱਖ-ਵੱਖ ਪੰਥਕ ਜਥੇਬੰਦੀਆਂ ਦੇ ਮੁੱਖੀਆਂ ਅਤੇ ਸੰਗਤਾਂ ਦੀ ਹਾਜਰੀ ਵਿਚ ਸਿੱਖ ਕੌਮ, ਮਨੁੱਖਤਾ ਅਤੇ ਕੌਮਾਂਤਰੀ ਸਥਿਤੀ ਨਾਲ ਸੰਬੰਧਤ ਕੋਈ 22 ਦੇ ਕਰੀਬ ਬਹੁਤ ਹੀ ਸੰਜ਼ੀਦਾਂ ਅਤੇ ਮਨੁੱਖਤਾ ਨਾਲ ਸੰਬੰਧਤ ਮਤੇ ਜੈਕਾਰਿਆਂ ਦੀ ਗੂੰਜ ਵਿਚ ਪਾਸ ਕੀਤੇ ਗਏ ਜਿਨ੍ਹਾਂ ਵਿਚ ਮੁੱਖ ਤੌਰ ਤੇ ਅਮਰੀਕਾ ਨੂੰ ਇਸਲਾਮ ਨਾਲ ਆਪਣੀ ਦੁਸ਼ਮਣੀ ਬੰਦ ਕਰਨ ਅਤੇ ਡਰੋਨ ਹਮਲੇ ਬੰਦ ਕਰਨ ਦੀ ਬੇਨਤੀ, ਅਮਰੀਕਾ ਦੇ ਸਟੇਟ ਡਿਪਾਰਟਮੈਂਟ ਅਤੇ ਵੱਖ-ਵੱਖ ਮੁਲਕਾਂ ਵਿਚ ਸਥਿਤ ਸਫ਼ਾਰਤਖ਼ਾਨਿਆਂ ਵਿਚ “ਸਿੱਖ ਡੈਸਕ” ਕਾਇਮ ਕਰਨ, ਸ੍ਰੀ ਓਬਾਮਾ ਵੱਲੋਂ ਸਿੱਖ ਕੌਮ ਦੀ ਹਿਫਾਜ਼ਤ ਲਈ ਉਚੇਚੇ ਯਤਨ ਕਰਦੇ ਹੋਏ ਅਮਰੀਕਨ ਝੰਡਿਆਂ ਨੂੰ ਇਕ ਹਫਤੇ ਲਈ ਅੱਧ ਨੀਵਾ ਕਰਨ ਦਾ ਧੰਨਵਾਦ, ਕੌਮਾਂਤਰੀ ਹਵਾਲਗੀ ਸੰਧੀ ਦੀ ਸਹੀ ਪਾਲਣਾ ਕਰਨ, ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਚੰਡੀਗੜ੍ਹ, ਰਾਜਸਥਾਨ, ਜੰਮੂ-ਕਸ਼ਮੀਰ, ਲੇਹ-ਲਦਾਂਖ ਨੂੰ ਨੋ ਫਲਾਈ ਜੋਨ ਐਲਾਨਣ, ਤਿੰਨੋ ਪ੍ਰਮਾਣੂ ਤਾਕਤਾਂ ਹਿੰਦ,ਚੀਨ ਅਤੇ ਪਾਕਿਸਤਾਨ ਦੇ ਵਿਚਕਾਰ “ਬੱਫਰ ਸਟੇਟ” (ਖ਼ਾਲਿਸਤਾਨ) ਕਾਇਮ ਕਰਨ, ਸਰਕਾਰੀ ਸਰਪ੍ਰਸਤੀ ਵਾਲੇ ਸਿੱਖ ਵਿਰੋਧੀ ਡੇਰੇਦਾਰਾਂ ਦੀਆਂ ਕਾਰਵਾਈਆਂ ਉਤੇ ਪਾਬੰਦੀ ਲਗਾਉਣ, ਸੁਖਬੀਰ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਐਸ.ਓ.ਆਈ. ਦੇ ਬਦਮਾਸ਼ਾਂ ਦੀਆਂ ਕਾਰਵਾਈਆਂ ਨੂੰ ਸਹਿਣ ਨਾ ਕਰਨ, ਪੰਜਾਬ ਵਿਚ ਕਾਨੂੰਨੀ ਵਿਵਸਥਾਂ ਫੇਲ੍ਹ ਹੋ ਜਾਣ ਤੇ ਗਵਰਨਰ ਨੂੰ ਕਾਰਵਾਈ ਕਰਨ ਦੀ ਅਪੀਲ, ਖ਼ਾਲਿਸਤਾਨ ਵਿਚ ਸਮੂਹ ਕੌਮਾਂ, ਧਰਮਾਂ ਨੂੰ ਬਰਾਬਰਤਾ ਦਾ ਸਤਿਕਾਰ ਅਤੇ ਅਧਿਕਾਰ ਦਿੰਦੇ ਹੋਏ ਕੁੱਲੀ, ਜੁੱਲੀ ਅਤੇ ਗੁੱਲੀ ਹਰ ਨਿਵਾਸੀ ਨੂੰ ਪ੍ਰਦਾਨ ਕਰਨ, ਖ਼ਾਲਿਸਤਾਨ ਦੇ ਹਰ ਪਿੰਡ ਅਤੇ ਸ਼ਹਿਰ ਨਿਵਾਸੀ ਨੂੰ ਮੁਫਤ ਵਿਦਿਆ ਅਤੇ ਸਿਹਤ ਸਹੂਲਤਾਂ ਦੇਣ, ਨਸ਼ੀਲੀਆਂ ਵਸਤਾਂ ਦੀ ਖ੍ਰੀਦੋਂ-ਫਰੋਖਤ ਉਤੇ ਪੂਰਨ ਪਾਬੰਦੀ ਲਗਾਕੇ ਡਰਾਈ ਸਟੇਟ ਕਾਇਮ ਕਰਨ, ਮੁਲਕੀ ਸਰਹੱਦਾਂ ਅਤੇ ਹੱਦਾਂ ਦੀਆਂ ਰੁਕਾਵਟਾਂ ਖ਼ਤਮ ਕਰਨ, ਕੌਮਾਂਤਰੀ ਬਜ਼ਾਰ ਦੀ ਖੁੱਲ੍ਹੀ ਮੰਡੀ ਵਾਲਾ ਪ੍ਰਬੰਧ ਕਾਇਮ ਕਰਨ, ਖ਼ਾਲਿਸਤਾਨ ਮੀਰੀ ਅਤੇ ਪੀਰੀ ਤੇ ਅਧਾਰਿਤ ਅਗਵਾਈ ਕਰੇਗਾ, ਕੌਮਾਂਤਰੀ ਪੱਧਰ ਦੀਆਂ ਮੈਟਰੋਂ ਰੇਲਾਂ ਤੇ ਹੋਰ ਆਵਾਜ਼ਾਦੀ ਦੇ ਸਾਧਨਾਂ ਦਾ ਪ੍ਰਬੰਧ ਹੋਵੇਗਾ, ਹਿੰਦ ਵਿਚ ਫ਼ਾਂਸੀ ਦੀ ਸਜ਼ਾ ਨੂੰ ਖ਼ਤਮ ਕਰਕੇ 130 ਮੁਲਕਾਂ ਦੀ ਸੋਚ ਨੂੰ ਹੋਰ ਬਲ ਦੇਣ ਦੀ ਅਪੀਲ ਅਤੇ ਅਖ਼ੀਰਲੇ ਮਤੇ ਵਿਚ ਕੌਮਾਂਤਰੀ ਪੱਧਰ ਉਤੇ ਨਿਊਕਲਰ ਖ਼ਤਰਨਾਕ ਹਥਿਆਰਾਂ, ਮਿਜਾਇਲਾਂ, ਬੰਬਾਂ ਨੂੰ ਖ਼ਤਮ ਕਰਨ ਲਈ ਮੁਹਿੰਮ ਵਿੰਢਣ ਦਾ ਪ੍ਰਣ ਕਰਦੇ ਹੋਏ ਇਸ ਸ਼ਹੀਦੀ ਕਾਨਫਰੰਸ ਵਿਚ ਉਪਰੋਕਤ ਮਤੇ ਪਾਸ ਕੀਤੇ ਗਏ ਅਤੇ ਖ਼ਾਲਿਸਤਾਨ ਨੂੰ ਜਮਹੂਰੀਅਤ ਅਤੇ ਅਮਨਮਈ ਤਰੀਕੇ ਕਾਇਮ ਕਰਨ ਦਾ ਪੰਡਾਲ ਵੱਲੋਂ ਪ੍ਰਣ ਕੀਤਾ ਗਿਆ ।