ਸਿੱਖ ਸ਼ਹਾਦਤਾਂ ਦਾ ਇਹ ਮਹੀਨਾ ਸਿੱਖਾਂ ਲਈ ਆਤਮ ਵਿਸ਼ਲੇਸਨ ਕਰਨ ਦਾ ਮਹੀਨਾ ਹੈ। ਇਸ ਮਹੀਨੇ ਸਿੱਖ ਸ਼ਹਾਦਤਾਂ ਦੀ ਜੋ ਝੜੀ ਲੱਗੀ ਉਸ ਪਿੱਛੇ ਸਾਂਝਾ ਕਾਰਨ ਮਨੁੱਖੀ ਅਜ਼ਾਦੀ ਸੀ। ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਸਾਹਿਬ ਜੀ ਦੇ ਬਾਬਰ ਨੂੰ ਜਾਬਰ ਕਹਿਣ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਦੇ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਗੱਦੀ ਦੇਣ ਤੱਕ ਗੁਰੂ ਕਾਲ ਅਤੇ ਉਸ ਤੋਂ ਬਾਅਦ ਵਿਦੇਸ਼ੀ ਹਮਲਾਵਰਾਂ ਨੂੰ ਭਾਰਤ ਦੀ ਧਰਤੀ ਤੋਂ ਲੁੱਟਾਂ-ਖੋਹਾਂ ਸਦਾ ਲਈ ਰੋਕਣ ਤੱਕ ਬੇਸੁਮਾਰ ਸ਼ਹਾਦਤਾਂ ਮਨੁੱਖੀ ਅਧਿਕਾਰਾਂ ਦੀ ਪਾਲਣਾ ਨੂੰ ਲਾਗੂ ਕਰਨ ਦਾ ਸਿਖਰ ਸੀ। ਇਸ ਸਮੇਂ ਹਿੰਦੂਸਤਾਨ ਦੀ ਧਰਤੀ ’ਤੇ ਰਾਜਸੀ ਅਤੇ ਧਾਰਮਿਕ ਜੀਵਨ ਤਬਾਹ ਹੋ ਚੁੱਕਿਆ ਸੀ। ਸਥਾਨਕ ਲੋਕਾਂ ਦੀ ਜ਼ਬਰਦਸਤੀ ਧਰਮੀ ਤਬਦੀਲੀ ਅਤੇ ਮਨੁੱਖਾਂ ਤੋਂ ਪਸ਼ੂਆਂ ਵਾਂਗ ਕੰਮ ਲਿਆ ਜਾਂਦਾ ਸੀ ਹਿੰਦੋਸਤਾਨ ਦੇ ਲੋਕਾਂ ਨੇ ਇਸ ਧੱਕੇਸ਼ਾਹੀ ਨੂੰ ਆਪਣੀ ਕਿਸਮ ਮੰਨ ਕੇ ਸਭ ਕੁਝ ਬਰਦਾਸ਼ਤ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਵੇਲੇ ਕਿਸੇ ਅਜਿਹੀ ਵਿਚਾਰਧਾਰਾ ਦੀ ਬਹੁਤ ਲੋੜ ਸੀ ਜੋ ਨਿਰਬਲ ਹੋ ਚੁੱਕੀ ਆਤਮਿਕ ਅਵਸਥਾ ਨੂੰ ਝੰਜੋੜ ਸਕੇ। ਜੇ ਇਹ ਕੰਮ ਕਰਨਾ ਇੰਨਾ ਸੌਖਾ ਹੁੰਦਾ ਤਾਂ ਸੰਭਵ ਸੀ ਕਿ ਗੁਰੂ ਸਾਹਿਬਾਨਾਂ ਤੋਂ ਇਲਾਵਾ ਹੋਰ ਵੀ ਅਨੇਕਾਂ ਸੂਰਬੀਰ ਯੋਧੇ ਸਮੇਂ ਦੇ ਸੱਚ ਦਾ ਮੁਕਾਬਲਾ ਕਰਨ ਲਈ ਰਣ-ਤੱਤੇ ਵਿਚ ਆ ਜਾਂਦੇ, ਪਰ ਕੋਈ ਵੀ ਜਾਂਬਾਜ਼ ਸੂਰਮੇ ਨੇ ਵਗਾਰ ਨੂੰ ਕਬੂਲ ਨਾ ਕੀਤਾ। ਸਭ ਨੂੰ ਇਸ ਗੱਲ ਦਾ ਇਲਮ ਸੀ ਕਿ ਮਨੁੱਖੀ ਹੱਕਾਂ ਨੂੰ ਮੁੜ ਬਹਾਲ ਕਰਵਾਉਣਾ ਹੁਣ ਆਸਾਨ ਕੰਮ ਨਹੀਂ ਹੈ ਸਗੋਂ ਇਸ ਲਈ ਸਦੀਆਂ ਤੱਕ ਲਗਾਤਾਰ ਸੰਘਰਸ਼ ਕਰਨਾ ਪਵੇਗਾ। ਭਾਵੇਂ ਵਿਦੇਸ਼ੀ ਧਾੜਵੀਆਂ ਵੱਲੋਂ ਪੂਰੇ ਹਿੰਦੋਸਤਾਨ ਦੇ ਲੋਕਾਂ ਨਾਲ ਹੀ ਬੇਨਿਆਈ ਕੀਤੀ ਜਾ ਰਹੀ ਸੀ ਪਰ ਫਿਰ ਵੀ ਜੇ ਜ਼ੁਲਮ ਦੀ ਇਸ ਕਾਗ ਮੂਹਰੇ ਡਟ ਕੇ ਖੜ੍ਹੇ ਤਾਂ ਉਹ ਸਿੱਖੀ ਵਿਚਾਰਧਾਰਾ ਦੇ ਲੋਕ ਹੀ ਸਨ। ਸੋਚਣਾ ਪਵੇਗਾ ਕਿ ਆਖਿਰ ਇਹਨਾਂ ਮੁੱਠੀ ਭਰ ਲੋਕਾਂ ਦੇ ਪਿੱਛੇ ਕਿਹੜੀ ਤਾਕਤ ਸੀ ਜੋ ਸਿੱਖਾਂ ਨੂੰ ਹਜ਼ਾਰਾਂ ਮੀਲਾਂ ਵਿਚ ਰਾਜ ਕਰ ਰਹੀ ਮੁਸਲਮਾਨ ਸਲਤਨਤ ਨਾਲ ਟੱਕਰ ਲੈਣ ਲਈ ਤਿਆਰ ਕਰ ਰਹੀ ਸੀ? ਬਿਨਾਂ ਸ਼ੱਕ ਇਸ ਜਾਗ ਚੁੱਕੀਆਂ ਜਮੀਰਾਂ ਪਿੱਛੇ ‘ਇਕ ਅਕਾਲ ਪੁਰਖ’ ਦਾ ‘ਰੱਬੀ ਫਲਸਫ਼ਾ’ ਹੀ ਪ੍ਰੇਰਨਾ ਸਰੋਤ ਸੀ। ਇਸ ਮਹਾਨ ਫਲਸਫ਼ੇ ਨੇ ਇਹ ਗੱਲ ਮਨਾਂ ਵਿਚ ਦ੍ਰਿੜ ਕਰ ਦਿੱਤੀ ਸੀ ਕਿ ਮਨੁੱਖੀ ਵਿਰਾਸਤਾਂ ਨੂੰ ਮੂਲ ਰੂਪ ਵਿਚ ਤਾਂ ਹੀ ਅੱਗੇ ਤੋਰਿਆ ਜਾ ਸਕਦਾ ਹੈ ਜੇ ਇਸ ਨੂੰ ਕਾਇਮ ਰੱਖਣ ਦੇ ਹਲਫ਼ਕਰਤਾ ਪ੍ਰਮਾਤਮਾ ਦੀ ਵਿਸ਼ਾਲਤਾ ਨਾਲ ਇਕਮਿਕ ਹੋਣ। ਗੁਰੂ ਗੋਬਿੰਦ ਸਾਹਿਬ ਜੀ ਦੇ ਛੋਟੇ ਸਾਹਿਬਜ਼ਾਦਿਆਂ ਦਾ ਇੰਨੀ ਛੋਟੀ ਉਮਰ ਵਿਚ ਵੀ ਆਪਣੀ ਵਿਚਾਰਧਾਰਾ ਨੇ ਦ੍ਰਿੜ ਰਹਿਣਾ ਇਸੇ ਪ੍ਰੇਰਨਾ ਸਰੋਤ ਦੀ ਦੇਣ ਸੀ। ਮਨੁੱਖੀ ਹੱਕਾਂ ਦਾ ਇਹ ਫਲਸਫ਼ਾ ਇੰਨਾ ਮਹਾਨ ਹੈ ਕਿ ਦੁਨੀਆਂ ਦੇ ਨਕਸ਼ੇ ਵਿਚ ਮਿਲੀ ਮੀਟਰਾਂ ਕੁ ਜਿੰਨੀ ਥਾਂ ਵਿਚ ਪੈਦਾ ਹੋਈ ਸਿੱਖ ਕੌਮ ਅੱਜ ਅਨੇਕਾਂ ਚੁਣੌਤੀਆਂ ਦੇ ਬਾਵਜੂਦ ਦੁਨੀਆਂ ਭਰ ਵਿਚ ਸ਼ਾਨ ਸਹਿਤ ਵਸ ਰਹੀ ਹੈ।
ਚਿੰਤਨ ਦੇ ਦੂਜੇ ਪੜਾਅ ਵਿਚ ਸਾਨੂੰ ਸਿੱਖ ਕੋਮ ਦੇ ਮੌਜੂਦਾ ਹਾਲਾਤਾਂ ਬਾਰੇ ਧਿਆਨ ਕੇਂਦਰਿਤ ਕਰਨਾ ਹੋਵੇਗਾ। ਅਜਿਹਾ ਸੋਚਦਿਆਂ ਹੀ ਪਤਨ ਦੀਆਂ ਮਾਯੂਸੀਆਂ ਸਾਡਾ ਰਾਹ ਆ ਘੇਰਦੀਆਂ ਹਨ। ‘ਸ਼ਾਨ ਤੋਂ ਨਿਵਾਣ’ ਵੱਲ ਦਾ ਇਹ ਉਲਟਾ ਸਫ਼ਰ ਸ਼ੁਰੂ ਹੋਣ ਦਾ ਇਕੋ ਇਕ ਕਾਰਨ ਉਸ ‘ਸਿੱਖ ਦਰਸ਼ਨ’ ਤੋਂ ਮੂੰਹ ਫੇਰ ਲੈਣਾ ਹੈ ਜਿਸ ਦੀ ਬਦੌਲਤ ਅਸੀਂ ਸਿਖਰਾਂ ਸੂਹੀਆਂ ਸਨ। ‘ਇਕ ਅਕਾਲ ਪੁਰਖ’ ਦੇ ਫਲਸਫ਼ੇ ਤੋਂ ਥਿੱੜਕ ਕੇ ਸਾਡੀ ਕੌਮ ਨੇ ‘ਪੁੱਠੇ ਪੈਰੀਂ’ ਸਫ਼ਰ ਕਰਨਾ ਸ਼ੁਰੂ ਕਰ ਲਿਆ ਹੈ ਜਿਸ ਦੇ ਹਰ ਰਾਹ ’ਤੇ ਸਿੱਖ ਫਿਲਾਸਫ਼ੀ ਨੂੰ ਤਬਾਹ ਕਰਨ ਵਾਲੇ ਸਿੱਖੀ ਸਰੂਪ ਵਿਚ ਹੀ ਰਾਹਾਂ ਮੱਲੀ ਬੈਠੇ ਹਨ। ਇਸ ਵੇਲੇ ਇਕ ਪਾਸੇ ਡੇਰੇਦਾਰ ਪਾਖੰਡੀ ਸਾਧ ਅਤੇ ਸੰਪਾਰਦਾਈ ਲੋਕ ਸਿੱਖ ਸ਼ਕਲਾਂ ਵਿਚ ਸਿੱਖਾਂ ਨੂੰ ਗੁੰਮਰਾਹ ਕਰ ਰਹੇ ਹਨ ਉਥੇ ਦੂਜੇ ਪਾਸੇ ਉਹ ਲੋਕ ਵੀ ਸਾਡੀ ਵਿਚਾਰਧਾਰਾ ਨੂੰ ਖਤਮ ਕਰਨ ਲਈ ਸਰਗਰਮ ਹਨ ਜਿਨਾਂ ਤੋਂ ਬਚਾਅ ਲਈ ਅਸੀਂ ਬਦਲੇ ਹਾਲਾਤਾਂ ਵਿਚ ਆਪਣਾ ਬਚਾਅ ਕਰਨਾ ਨਹੀਂ ਸਿੱਖ ਸਕੇ। ਇਸ ਸਭ ਕੁਝ ਦਾ ਅਸਰ ਇਹ ਹੋਇਆ ਕਿ ਕਰੋੜਾਂ ਲੋਕਾਂ ਦੇ ਮਨੁੱਖੀ ਹੱਕ ਬਹਾਲ ਕਰਵਾਉਣ ਵਾਲੀ ਸਿੱਖ ਕੌਮ ਅੱਜ ਆਪਣੇ ਮਨੁੱਖੀ ਹੱਕ ਵੀ ਗੁਆ ਰਹੀ ਹੈ। ਗੁਰਮੁਖ ਤੋਂ ਮਨਮੁਖ ਹੋ ਕੇ ਅਸੀਂ ਕਿਸ ਹਾਲਤ ਵਿਚ ਪੁੱਜ ਗਏ ਹਾਂ ਇਸ ਦੀਆਂ ਦੋ ਤਾਜ਼ਾ ਉਦਾਹਰਣਾਂ ਸਾਡੇ ਸਾਹਮਣੇ ਹਨ। ਪਹਿਲੀ ਉਦਾਹਰਣ ਥਾਣਾ ਤਪਾ ਦੇ ਪਿੰਡ ਮਹਿਤਾ ਦੀ ਹੈ ਜਿਥੇ ਗੁਰਦੁਆਰਾ ਸਾਹਿਬ ਵਿਚ ਕਥਾ ਕਰਦਿਆਂ ਗ੍ਰੰਥੀ ਭਾਈ ਰਣਜੀਤ ਸਿੰਘ ਨੂੰ ਸਿਰਸਾ ਸਾਧ ਦੇ ਡੇਰਾ ਪ੍ਰੇਮੀਆਂ ਨੇ ਇਸ ਕਰਕੇ ਥਾਣੇ ਪਹੁੰਚਾ ਦਿੱਤਾ ਕਿਉਂਕਿ ਉਹ ਗੁਰਬਾਣੀ ਅਨੁਸਾਰ ਸਿੱਖ ਸੰਗਤ ਨੂੰ ਡੇਰੇਦਾਰ ਲੋਕਾਂ ਤੋਂ ਚੁਕੰਨੇ ਰਹਿਣ ਲਈ ਪ੍ਰੇਰਨਾ ਕਰ ਰਿਹਾ ਸੀ। ਇਸੇ ਤਰ੍ਹਾਂ ਦੂਜੀ ਘਟਨਾ ਬਠਿੰਡਾ ਜ਼ਿਲ੍ਹੇ ਦੇ ਪਿੰਡ ਰਾਮਪੁਰਾ-ਫੂਲ ਨੇੜੇ ਦੀ ਹੈ ਜਿੱਥੇ ਹਿੰਦੂ ਜਥੇਬੰਦੀਆਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਚਾਰਕ ਭਾਈ ਨਿਰਭੈ ਸਿੰਘ ਦੀ ਗੁਰਬਾਣੀ ਅਨੁਸਾਰ ਕੀਤੀ ਜਾ ਰਹੀ ਕਥਾ ਦਾ ਇੰਨਾ ਵਿਰੋਧ ਕੀਤਾ ਕਿ ਸ਼ਹਿਰ ਨੂੰ ਬੰਦ ਕਰਕੇ ਮੁੱਖ ਸੜਕ ਤੱਕ ਬੰਦ ਕਰ ਦਿੱਤਾ। ਇਸ ਘਟਨਾ ਦਾ ਸਭ ਤੋਂ ਮਾੜਾ ਪੱਖ ਇਹ ਰਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਮੇਜਰ ਸਿੰਘ ਢਿੱਲੋਂ ਨੇ ਹਿੰਦੂ ਜਥੇਬੰਦੀਆਂ ਨੂੰ ਵਿਸ਼ਵਾਸ ਦਿਵਾਇਆ ਕਿ ‘‘ਅੱਗੇ ਤੋਂ ਗੁਰਦੁਆਰਿਆਂ ਵਿਚ ਸੂਚਨਾ ਬੋਰਡ ਲਾ ਦੇਣਗੇ ਕਿ ਕੋਈ ਵੀ ਕਥਾਵਾਚਕ ਅਜਿਹੀ ਕਥਾ ਨਾ ਕਰੇ ਜਿਸ ਦਾ ਸਬੰਧ ਹਿੰਦੂ ਦੇਵੀ-ਦੇਵਤਿਆਂ ਨਾਲ ਹੋਵੇ’’। ਇਹ ਦੋਨੇ ਤਾਜ਼ੀਆਂ ਘਟਨਾਵਾਂ ਸਾਨੂੰ ਆਪਣੀ ਚੇਤਨਾ ਠੋਕਰਨ ਲਈ ਕਾਫ਼ੀ ਹੋਣੀਆਂ ਚਾਹੀਦੀਆਂ ਹਨ ਤਾਂ ਕਿ ਅਸੀਂ ਸ਼ਹਾਦਤਾਂ ਦੇ ਮਹੀਨੇ ਵਿਚ ਹੀ ਇਹ ਸਮਝ ਸਕੀਏ ਕਿ ਅੱਜ ਅਸੀਂ ਆਪ ਮਨੁੱਖੀ ਹੱਕਾਂ ਅਤੇ ਧਾਰਮਿਕ ਸੁਤੰਤਰਤਾ ਦੇ ਮੁੱਦੇ ’ਤੇ ਕਿੱਥੇ ਕੁ ਖੜ੍ਹੇ ਹਾਂ? ਸ਼ਹਾਦਤਾਂ ਦੇ ਪੋਹ ਮਹੀਨੇ ਵਿਚ ਅਸੀਂ ਆਪਣੇ ਸਿੱਖ ਭੈਣ-ਭਰਾਵਾਂ ਨੂੰ ਇਹ ਮੁੱਦਾ ਵਿਸ਼ੇਸ਼ਤਾ ਨਾਲ ਵਿਚਾਰਨ ਲਈ ਅਪੀਲ ਕਰਦੇ ਹਾਂ ਨਾਲ ਹੀ ਅਸੀਂ ਉਹਨਾਂ ਵੀਰਾਂ ਨੂੰ ਜੋ ਸਿੱਖ ਕੌਮ ਨੂੰ ਖਤਮ ਕਰਕੇ ਹੀ ਆਪਣਾ ਧਰਮ ਪ੍ਰਫੁੱਲਤ ਹੋਣਾ ਲੋਚਦੇ ਹਨ, ਨੂੰ ਇਹ ਤਾਕੀਦ ਕਰਦੇ ਹਾਂ ਕਿ ਉਹ ‘ਅਮਰਵੇਲ’ ਤੋਂ ਸਬਕ ਲੈਣ ਜਿਸਦਾ ਆਪਣੇ ਮਕਸਦ ਵਿਚ ਕਾਮਯਾਬ ਹੋਣ ਤੋਂ ਬਾਅਦ ਆਪਣਾ ਸੁੱਕਣਾ ਵੀ ਯਕੀਨੀ ਹੁੰਦਾ ਹੈ।