ਅਹਿਮਦਾਬਾਦ- ਭਾਰਤ-ਪਾਕਿਸਤਾਨ ਵਿਚਕਾਰ ਖੇਡੇ ਗਏ ਦੂਜੇ ਟੀ-20 ਮੈਚ ਨੂੰ 11 ਦੌੜਾਂ ਨਾਲ ਜਿੱਤ ਕੇ ਭਾਰਤੀ ਟੀਮ ਨੇ ਇਹ ਸੀਰੀਜ਼ ਬਰਾਬਰ ਕਰ ਲਈ। ਇਸਤੋਂ ਪਹਿਲਾਂ ਖੇਡੇ ਗਏ ਮੈਚ ਵਿਚ ਪਾਕਿਸਤਾਨੀ ਟੀਮ ਨੂੰ ਜਿੱਤ ਹਾਸਲ ਹੋਈ ਸੀ।
ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਟੀਮ ਨੇ 20 ਓਵਰਾਂ ਵਿਚ 192 ਦੌੜਾਂ ਬਣਾਈਆਂ। ਇਸ ਵੱਡੇ ਸਕੋਰ ਦਾ ਪਿੱਛਾ ਕਰਨ ਲਈ ਉਤਰੀ ਪਾਕਿਸਤਾਨ ਦੀ ਟੀਮ ਨੇ ਪੂਰੇ ਹੌਸਲੇ ਨਾਲ ਖੇਡਦਿਆਂ ਹੋਇਆਂ ਮੈਚ ਨੂੰ ਇਕ ਰੋਮਾਂਚਕ ਸਥਿਤੀ ਵਿਚ ਲਿਆਣ ਖੜਾ ਕੀਤਾ ਪਰੰਤੂ ਅਖੀਰਲੇ ਓਵਰਾਂ ਵਿਚ ਰਨ ਰੇਟ ਬਰਕਰਾਰ ਨਾ ਰਹਿ ਜਾਣ ਕਰਕੇ ਪਾਕਿਸਤਾਨੀ ਟੀਮ ਸੱਤ ਵਿਕਟਾਂ ਦੇ ਨੁਕਸਾਨ ‘ਤੇ 20 ਓਵਰਾਂ ਵਿਚ 181 ਦੌੜਾਂ ਹੀ ਬਣਾ ਸਕੀ।
ਇੰਜ ਭਾਰਤ ਅਤੇ ਪਾਕਿਸਤਾਨ ਖੇਡੇ ਗਈ ਦੋ ਮੈਚਾਂ ਦੀ ਸੀਰੀਜ਼ 1-1 ਨਾਲ ਬਰਾਬਰ ਰਹੀ। ਇਸ ਮੈਚ ਦੌਰਾਨ ਕੁਲ 14 ਛੱਕੇ ਅਤੇ 37 ਚੌਕੇ ਲੱਗੇ।
ਇਕ ਮੁਸ਼ਕਲ ਟੀਚੇ ਦਾ ਪਿੱਛਾ ਕਰਦਿਆਂ ਹੋਇਆਂ ਪਾਕਿਸਤਾਨੀ ਟੀਮ ਦੇ ਦੋਵੇਂ ਓਪਨਰਾਂ ਨੇ ਵਧੀਆ ਸ਼ੁਰੂਆਤ ਕੀਤੀ। ਇਨ੍ਹਾਂ ਦੋਵਾਂ ਨੇ ਵਧੀਆ ਖੇਡ ਖੇਡਦਿਆਂ ਹੋਇਆਂ ਸਿਰਫ਼ 31 ਗੇਂਦਾਂ ‘ਤੇ ਆਪਣੀਆਂ 50 ਦੌੜਾਂ ਮੁਕੰਮਲ ਕਰ ਲਈਆਂ। ਭਾਰਤੀ ਟੀਮ ਨੂੰ ਪਹਿਲੀ ਕਾਮਯਾਬੀ ਜਮਸ਼ੇਦ (41 ਦੌੜਾਂ) ਦੇ ਰੂਪ ਵਿਚ 10ਵੇਂ ਓਵਰ ਵਿਚ ਮਿਲੀ। ਪਾਕਿਸਤਾਨੀ ਟੀਮ ਦਾ ਪਹਿਲਾ ਵਿਕਟ 74 ਦੇ ਸਕੋਰ ‘ਤੇ ਡਿੱਗਿਆ। ਇਸਤੋਂ ਅਗਲੇ ਓਵਰ ਵਿਚ ਯੁਵਰਾਜ ਸਿੰਘ ਨੇ ਸ਼ਹਿਜਾਦ
(31 ਦੌੜਾਂ) ਨੂੰ ਆਊਟ ਕੀਤਾ। ਪਾਕਿਸਤਾਨੀ ਟੀਮ ਦੇ ਕਪਤਾਨ ਨੇ ਧਮਾਕੇਦਾਰ ਖੇਡ ਖੇਡਦਿਆਂ ਹੋਇਆਂ ਸਿਰਫ਼ 26 ਗੇਂਦਾਂ ‘ਤੇ 55 ਦੌੜਾਂ ਬਣਾਕੇ ਭਾਰਤੀ ਖਿਡਾਰੀਆਂ ਨੂੰ ਫਿਕਰਾਂ ਵਿਚ ਪਾ ਦਿੱਤਾ। ਕੋਈ ਵੇਲਾ ਸੀ ਜਦੋਂ 5 ਓਵਰਾਂ ਵਿਚ ਪਾਕਿਸਤਾਨੀ ਖਿਡਾਰੀਆਂ ਨੂੰ 57 ਦੌੜਾਂ ਚਾਹੀਦੀਆਂ ਸਨ ਅਤੇ ਉਨ੍ਹਾਂ ਕੋਲ 8 ਵਿਕਟਾਂ ਬਚੀਆਂ ਹੋਈਆਂ ਸਨ। ਇਸਤੋਂ ਬਾਅਦ ਡਿੰਡਾ ਨੇ 2 ਓਵਰਾਂ ਵਿਚ ਤਿੰਨ ਵਿਕਟਾਂ ਲੈ ਕੇ ਭਾਰਤੀ ਟੀਮ ਦੇ ਹੌਸਲੇ ਵਧਾ ਦਿੱਤੇ। ਅਖੀਰਲੇ ਓਵਰ ਵਿਚ ਪਾਕਿਸਤਾਨੀ ਟੀਮ ਨੂੰ ਜਿੱਤਣ ਲਈ 20 ਦੌੜਾਂ ਚਾਹੀਦੀਆਂ ਸਨ ਪਰੰਤੂ ਪਾਕਿਸਤਾਨੀ ਟੀਮ ਇਸ ਟੀਚੇ ਨੂੰ ਹਾਸਲ ਨਾ ਕਰ ਸਕੀ ਅਤੇ ਭਾਰਤੀ ਟੀਮ ਨੇ ਇਹ ਮੈਚ 11 ਦੌੜਾਂ ਨਾਲ ਜਿੱਤ ਲਿਆ।
ਪਹਿਲੇ ਅਤੇ ਦੂਜੇ ਮੈਚਾਂ ਵਿਚ 50 ਦੌੜਾਂ ਤੋਂ ਵੱਧ ਦੀ ਵਧੀਆ ਖੇਡ ਖੇਡਣ ਕਰਕੇ ਪਾਕਿਸਤਾਨੀ ਟੀਮ ਦੇ ਕਪਤਾਨ ਮੁਹੰਮਦ ਹਫੀਜ ਨੂੰ ‘ਮੈਨ ਆਫ ਦ ਸੀਰੀਜ਼’ ਐਲਾਨਿਆ ਗਿਆ।
ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਓਪਨਿੰਗ ਖਿਡਾਰੀਆਂ ਰਹਾਣੇ ਅਤੇ ਗੌਤਮ ਗੰਭੀਰ ਨੇ ਵਧੀਆ ਸ਼ੁਰੂਆਤ ਕੀਤੀ। ਇਨ੍ਹਾਂ ਦੇ ਆਊਟ ਹੋਣ ਤੋਂ ਬਾਅਦ ਦੌੜਾਂ ਬਨਾਉਣ ਦੀ ਰਫ਼ਤਾਰ ਕਾਫ਼ੀ ਮੱਧਮ ਹੋ ਗਈ। 10 ਓਵਰ ਖ਼ਤਮ ਹੋਣ ਤੱਕ ਭਾਰਤੀ ਟੀਮ ਨੇ ਦੋ ਵਿਕਟਾਂ ਗੁਆਕੇ 75 ਦੌੜਾਂ ਬਣਾਈਆਂ ਸਨ। ਵਿਰਾਟ ਕੋਹਲੀ 27 ਦੌੜਾਂ ਬਣਾਕੇ ਰਨ ਆਊਟ ਹੋ ਗਏ। ਇਸਤੋਂ ਬਾਅਦ ਯੁਵਰਾਜ ਸਿੰਘ ਨੇ ਛੱਕਿਆਂ ਦੀ ਝੜੀ ਲਾ ਦਿੱਤੀ। ਉਸਨੇ 36 ਗੇਂਦਾਂ ‘ਤੇ 72 ਦੌੜਾਂ ਬਣਾਈਆਂ। ਧੋਨੀ ਨੇ ਵੀ 33 ਦੌੜਾਂ ਬਣਾਈਆਂ।
ਆਪਣੀ ਸ਼ਾਨਦਾਰ ਖੇਡ ਕਰਕੇ ਯੁਵਰਾਜ ਸਿੰਘ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ। ਉਸਨੇ ਤੇਜ਼ ਰਫ਼ਤਾਰ ਨਾਲ 72 ਦੌੜਾਂ ਬਣਾਈਆਂ ਅਤੇ ਇਕ ਵਿਕਟ ਵੀ ਲਈ।