ਹੋਰ ਤਾਂ ਮੈਂ ਤੈਨੂੰ ਕੁਝ ਦੇਣ ਜੋਗਾ ਨਹੀਂ,
ਲੈ, ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ, ਦਾਮਿਨੀ!
ਅੱਜ ਤੂੰ ਨਹੀਂ, ਇਨਸਾਨੀਅਤ,
ਤੇ ਸਾਡੇ ਲੀਡਰਾਂ ਦੀ ਰਹਿੰਦੀ-ਖੂੰਹਦੀ ਜ਼ਮੀਰ ਮਰੀ ਐ!
ਤੈਨੂੰ ਅੱਖ ਦਾ ਹੰਝੂ ਅਰਪਨ ਕਰਦਾ ਹੋਇਆ,
ਓਸ ਸਵਿਧਾਨ ‘ਤੇ ‘ਧਤੂਰੇ’ ਦਾ ਫ਼ੁੱਲ ਚੜ੍ਹਾਉਂਦਾ ਹਾਂ,
ਜੋ ਪਤਾ ਨਹੀਂ ਕਿੰਨੀਆਂ ਕੁ ਦਾਮਨੀਆਂ ਦੇ
ਦਾਮਨ ਦਾਗੀ ਹੋਣ ਤੋਂ ਬਚਾ ਨਹੀਂ ਸਕਿਆ!
ਨਾ ਤਾਂ ਤੈਨੂੰ ਅਲਵਿਦਾ ਕਹੂੰਗਾ,
ਤੇ ਦਿਊਂਗਾ ਸ਼ਰਧਾਂਜਲੀ
ਕਿਉਂਕਿ ਤੂੰ ਤਾਂ
ਹਰ ਜਾਗਦੀ ਜ਼ਮੀਰ ਵਾਲ਼ੇ ਇਨਸਾਨ ਦੇ
ਹਿਰਦੇ ‘ਤੇ ਵਾਸ ਕਰੇਂਗੀ!
ਚਾਹੇ ਤੂੰ ਚੜ੍ਹ ਗਈ ਹੈਂ,
ਢੀਠ ਅਤੇ ਭ੍ਰਿਸ਼ਟ ਢਾਂਚੇ ਦੀ ਭੇਂਟ,
ਪਰ ਤੇਰਾ ਬਲੀਦਾਨ
ਕੋਈ ਨਾ ਕੋਈ ਰੰਗ ਜ਼ਰੂਰ ਲਿਆਵੇਗਾ!
ਸੱਪ ਮਾਰ ਕੇ ਸੋਟੀ ਬਚਾਉਣ ਵਾਲ਼ੇ
ਦੱਲੇ ਅਤੇ ਮਾਂਦਰੀ ਤਾਂ ਮੈਂ ਬਥੇਰੇ ਦੇਖੇ
ਪਰ ਬੰਦੇ ਦਾ ਖ਼ੂਨ ਪੀ ਕੇ
ਉਸ ਨੂੰ ਬਚਾਉਣ ਵਾਲ਼ਾ ਕੋਈ ਨਾ ਟੱਕਰਿਆ!!
ਮੇਰੀ ਅੱਖ ਦਾ ਇੱਕ ਹੰਝੂ ਲੈ ਜਾਹ!
This entry was posted in ਕਵਿਤਾਵਾਂ.