ਤੂੰ ਨਹੀਂ ਮਰੀ ਦਾਮਿਨੀ
ਦਾਮਨ ਕਦੇ ਇੰਜ਼ ਨਹੀ ਮਰਦੇ ਹੁੰਦੇ-
ਅੱਜ ਤਾਂ ਇਨਸਾਨੀਅਤ ਮਰੀ ਹੈ-
ਨਾ ਹੀ ਕੋਈ ਗੀਤ ਮਰਿਆ ਹੈ-
ਨਾ ਹੀ ਕੋਈ ਸਾਜ਼
ਮਰੇ ਹਨ ਸੰਵਿਧਾਨ ਦੇ ਬੁੱਢੇ ਵਰਕੇ
ਤੂੰ ਜੋ ਸੋਨ ਰੰਗੇ ਸਫ਼ੇ ਲਿਖੇ
ਤਾਰੀਖ਼ ਬਣਨਗੇ
ਪਰਚਮ ਬਣ ਲਹਿਰਣਗੇ
ਪੂਰਬ ਦੇ ਬਨੇਰੇ ਤੇ
ਜਾਂ ਹੈਵਾਨਗੀ ਮਰੀ ਹੈ ਅੱਜ
ਤੇ ਜਾਂ ਮਜ਼ਹਬਾਂ ਦੀ ਮੌਤ ਹੋਈ ਹੈ-
ਅਦਾਲਤਾਂ ‘ਚ ਜੜ੍ਹੇ ਕਾਨੂੰਨ
ਜਰੂਰ ਬਹਿਸਣਗੇ ਤੇਰੇ ਲਈ
ਪਰ ਫ਼ੈਸਲੇ ਬੁੱਢੇ ਹੋ ਮਰਨਗੇ-
ਤੂੰ ਅਮਰ ਹੋ ਗਈ
ਸ਼ਹਾਦਤਾਂ ਵਾਲੇ
ਨਿੱਤ ਜੂਝਦੇ ਸਦਾ ਅਮਰ ਹੁੰਦੇ ਹਨ-
ਦਰਿੰਦਗੀ ਨਾਲ ਹਸਤ-ਪੰਜ਼ਾ ਹੋਈ
ਤੂੰ ਤਲਵਾਰ ਬਣ ਲੜ੍ਹੀ ‘ਕੱਲੀ
ਤੂੰ ਤਾਂ ਸੂਰਜ ਬਣ ਚਮਕੀ
ਦਿਨ ਰਾਤ ਰੌਸ਼ਨ ਕਰਤੇ ਤੈਂ
ਤੇਰੀ ਕਬਰ ਤੇ ਤਾਂ
ਸਦਾ ਦੀਪਕ ਜਗਣਗੇ
ਸਮੇਂ ਦੇ ਮੱਥੇ ‘ਤੇ ਉੱਕਰੀ ਤੈਂ ਲੀਕ
ਧਰਤ ਨੇ ਤੈਨੂੰ ਗੋਦ ਬਖ਼ਸ਼ੀ
ਅਰਸ਼ ਨੇ ਤਾਜ਼ ਦਿਤਾ ਸੂਰਜ ਦਾ-
ਤੂੰ ਬਣੀ ਏਂ ਵਕਤ-ਏ-ਨੂਰ
ਜੋ ਸਮੇਂ ਦੀ ਹਿੱਕ ਤੇ
ਤਾਰੀਖ ਬਣ ਵਿਛਦੇ ਹਨ-
ਯੁਗਾਂ ਤੀਕ
ਸੂਰਜ ਬਣ ਚਮਕਦੇ ਹਨ ਅਰਸ਼ਾਂ ‘ਤੇ-
ਸੂਰਜ ਕਦੇ ਮਿਟਦੇ ਨਹੀਂ ਹੁੰਦੇ ਦਾਮਿਨੀ-
ਛੁਪਦੇ ਨੇ ਰਾਤ ਭਰ ਲਈ
ਜਾਂ ਕਿਸੇ ਹੋਰ ਧਰਤ ਤੇ ਉਦੈ ਹੋ ਜਾਂਦੇ ਹਨ-
ਤੂੰ ਸਾਡੇ ਸਮੇਂ ਦਾ ਸੂਰਜ ਬਣੀ-
ਤੈਨੂੰ ਮੱਥਿਆਂ ਤੇ ਸਜਾਵਾਂਗੇ
ਤੇਰੀ ਫ਼ੋਟੋ ਵਕਤ ਦੇ ਫਰੇਮ ‘ਚ ਜੜਾਵਾਂਗੇ
ਤੈਨੂੰ ਚੰਨ ਦੇ ਵਿਹੜੇ ਬਿਠਾਵਾਂਗੇ–