ਨਵੀਂ ਦਿੱਲੀ- ਕੇਂਦਰ ਸਰਕਾਰ ਨੇ ਇਹ ਫੈਸਲਾ ਕੀਤਾ ਹੈ ਕਿ ਉਨ੍ਹਾਂ ਵਿਦੇਸ਼ੀ ਸੈਲਾਨੀਆਂ ਦੇ ਖਿਲਾਫ਼ ਸਖਤ ਕਦਮ ਉਠਾਏ ਜਾਣਗੇ ਜੋ ਭਾਤਰ ਵਿੱਚ ਆਉਂਦੇ ਤਾਂ ਟੂਰਿਸਟ ਵੀਜ਼ੇ ਤੇ ਹਨ ਪਰ ਇੱਥੇ ਆ ਕੇ ਪੱਤਰਕਾਰਿਤਾ ਕਰਨ ਲਗਦੇ ਹਨ।ਸਰਕਾਰ ਦਾ ਕਹਿਣਾ ਹੈ ਕਿ ਜੋ ਲੋਕ ਟੂਰਿਸਟ ਵੀਜ਼ੇ ਤੇ ਦੇਸ਼ ਵਿੱਚ ਆਉਂਦੇ ਹਨ, ਉਹ ਘੁੰਮਣ-ਫਿਰਨ, ਇੰਜੁਆਏ ਕਰਨ ਪਰ ਦੇਸ਼ ਵਿੱਚ ਕੀ ਹੋ ਰਿਹਾ ਹੈ ਉਸ ਤੇ ਕੋਈ ਕਮੈਂਟ ਨਾਂ ਕਰਨ।
ਦੇਸ਼ ਦੇ ਗ੍ਰਹਿ ਮੰਤਰਾਲੇ ਨੇ ਇੱਕ ਬਿਆਨ ਜਾਰੀ ਕਰਕੇ ਕਿਹਾ ਹੈ ਕਿ ਇਹ ਵੇਖਣ ਵਿੱਚ ਆਇਆ ਹੈ ਕਿ ਟੂਰਿਸਟ ਵੀਜ਼ੇ ਤੇ ਭਾਰਤ ਆਉਣ ਵਾਲੇ ਵਿਦੇਸ਼ੀ ਨਾਗਰਿਕ ਪੱਤਰਕਾਰਿਤਾ ਨਾਲ ਜੁੜੇ ਕੰਮਾਂ ਨਾਲ ਸਬੰਧਿਤ ਹੁੰਦੇ ਹਨ। ਉਹ ਦੇਸ਼ ਵਿੱਚ ਹੋ ਰਹੀਆਂ ਘਟਨਾਵਾਂ ਬਾਰੇ ਲਿਖਦੇ ਹਨ ਜੋ ਕਿ ਉਚਿਤ ਨਹੀਂ ਹੈ। ਇਨ੍ਹਾਂ ਲੋਕਾਂ ਨੂੰ ਅਜਿਹੀਆਂ ਗਤੀਵਿਧੀਆਂ ਵਿੱਚ ਸ਼ਾਮਿਲ ਨਹੀਂ ਹੋਣਾ ਚਾਹੀਦਾ।ਸਰਕਾਰ ਨੇ ਇਹ ਸਪੱਸ਼ਟ ਕੀਤਾ ਕਿ ਟੂਰਿਸਟ ਵੀਜ਼ਾ ਉਨ੍ਹਾਂ ਵਿਦੇਸ਼ੀ ਨਾਗਰਿਕਾਂ ਨੂੰ ਦਿੱਤਾ ਜਾਂਦਾ ਹੈ ਜੋ ਨਾਂ ਤਾਂ ਭਾਰਤ ਵਿੱਚ ਕੰਮ ਕਰਦੇ ਹਨ ਅਤੇ ਨਾਂ ਹੀ ਇੱਥੇ ਉਨ੍ਹਾਂ ਦੇ ਰਹਿਣ ਦਾ ਕੋਈ ਟਿਕਾਣਾ ਹੈ। ਉਨ੍ਹਾਂ ਦਾ ਇੱਥੇ ਆਉਣ ਦਾ ਮੁੱਖ ਮਕਸਦ ਦੇਸ਼ ਦੇ ਵੱਖ-ਵੱਖ ਸਥਾਨਾਂ ਤੇ ਘੁੰਮਣਾ ਫਿਰਨਾ ਅਤੇ ਸਬੰਧੀਆਂ ਅਤੇ ਦੋਸਤਾਂ-ਮਿੱਤਰਾਂ ਨੂੰ ਮਿਲਣਾ ਹੁੰਦਾ ਹੈ।ਇਸ ਵੀਜ਼ੇ ਤੇ ਕਿਸੇ ਹੋਰ ਗਤੀਵਿਧੀ ਵਿੱਚ ਸ਼ਾਮਿਲ ਹੋਣ ਦੀ ਇਜਾਜ਼ਤ ਨਹੀਂ ਹੁੰਦੀ।
ਗ੍ਰਹਿ ਵਿਭਾਗ ਨੇ ਵਿਦੇਸ਼ ਵਿਭਾਗ ਨੂੰ ਕਿਹਾ ਹੈ ਕਿ ਉਹ ਵਿਦੇਸ਼ਾਂ ਵਿੱਚ ਸਥਿਤ ਭਾਰਤੀ ਸਫਾਰਤਖਾਨਿਆਂ ਨੂੰ ਇਸ ਸਬੰਧੀ ਸੂਚਿਤ ਕਰ ਦੇਵੇ ਤਾਂ ਕਿ ਵੀਜ਼ਾ ਜਾਰੀ ਕਰਦੇ ਸਮੇਂ ਜਿਆਦਾ ਸਾਵਧਾਨੀ ਵਰਤੀ ਜਾਵੇ। ਦੇਸ਼ ਦੇ ਸਾਰੇ ਰਾਜਾਂ ਅਤੇ ਕੇਂਦਰ ਪ੍ਰਸ਼ਾਸਿਤ ਰਾਜਾਂ ਦੀਆਂ ਸਰਕਾਰਾਂ ਨੂੰ ਵੀ ਇਸ ਸਬੰਧੀ ਸਖਤ ਕਾਰਵਾਈ ਕਰਨ ਲਈ ਕਿਹਾ ਗਿਆ ਹੈ।