ਕੋਲਕਤਾ-ਇਥੇ ਖੇਡੇ ਗਏ ਦੂਜੇ ਵਨ ਡੇਅ ਕ੍ਰਿਕਟ ਮੈਚ ਵਿਚ ਪਾਕਿਸਤਾਨ ਦੀ ਟੀਮ ਨੇ ਭਾਰਤੀ ਕ੍ਰਿਕਟ ਟੀਮ ਨੂੰ 85 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਤਿੰਨ ਮੈਚਾਂ ਦੀ ਸੀਰੀਜ਼ ਵਿਚ 2-0 ਨਾਲ ਜਿੱਤ ਹਾਸਲ ਕਰਨ ਕਰਕੇ ਪਾਕਿਸਤਾਨੀ ਟੀਮ ਨੇ ਇਸ ਸੀਰੀਜ਼ ‘ਤੇ ਵੀ ਆਪਣਾ ਕਬਜ਼ਾ ਕਰ ਲਿਆ।
ਪਾਕਿਸਤਾਨੀ ਟੀਮ ਵਲੋਂ ਪਹਿਲਾਂ ਖੇਡਦਿਆਂ ਹੋਇਆਂ 250 ਦੌੜਾਂ ਬਣਾਈਆਂ ਗਈਆਂ, ਇਸਦੇ ਜਵਾਬ ਵਿਚ ਭਾਰਤੀ ਟੀਮ ਸਿਰਫ 165 ਦੌੜਾਂ ਬਣਾਕੇ ਹੀ ਆਊਟ ਹੋ ਗਈ। ਭਾਰਤੀ ਬੱਲੇਬਾਜ਼ਾਂ ਵਲੋਂ ਗੌਤਮ ਗੰਭੀਰ (11 ਦੌੜਾਂ), ਸਹਿਵਾਗ (31 ਦੌੜਾਂ), ਵਿਰਾਟ ਕੋਹਲੀ (6 ਦੌੜਾਂ), ਯੁਵਰਾਜ ਸਿੰਘ (9 ਦੌੜਾਂ), ਸੁਰੇਸ਼ ਰੈਨਾ (18 ਦੌੜਾਂ) ਦੇ ਸਕੋਰ ‘ਤੇ ਹੀ ਆਊਟ ਹੋ ਗਏ। ਬੱਲੇਬਾਜ਼ਾਂ ਚੋਂ ਸਿਰਫ ਧੋਨੀ ਨੇ ਹੀ 54 ਦੌੜਾਂ ਬਣਾਈਆਂ। ਉਹ ਵੀ ਅਖੀਰ ਵਿਚ ਇਵੇਂ ਖੇਡ ਰਿਹਾ ਸੀ ਜਿਵੇਂ ਟੈਸਟ ਮੈਚ ਦੌਰਾਨ ਘੱਟ ਰਨ ਰੇਟ ਨਾਲ ਦੌੜਾਂ ਬਣਾਇਆਂ ਹੀ ਜਿੱਤ ਹਾਸਲ ਕਰ ਲਵੇਗਾ। ਇੰਜ ਭਾਰਤੀ ਪਾਰੀ ਸਿਰਫ਼ 165 ਦੌੜਾਂ ਦੇ ਸਕੋਰ ‘ਤੇ ਹੀ ਸਿਮਟ ਗਈ।
ਪਹਿਲਾਂ ਖੇਡਦਿਆਂ ਹੋਇਆਂ ਪਾਕਿਸਤਾਨੀ ਟੀਮ ਨੇ 250 ਦੌੜਾਂ ਬਣਾਈਆਂ। ਜਿਨ੍ਹਾਂ ਵਿਚ ਨਾਸਿਰ ਜਮਸ਼ੇਦ ਨੇ 106 ਸ਼ਾਨਦਾਰ ਦੌੜਾਂ ਬਣਾਈਆਂ ਅਤੇ ਮੁਹੰਮਦ ਹਫੀਜ ਨੇ 76 ਦੌੜਾਂ ਦਾ ਯੋਗਦਾਨ ਪਾਇਆ। ਆਪਣੀਆਂ 106 ਦੌੜਾਂ ਜਮਸ਼ੇਦ ਨੇ 120 ਗੇਂਦਾਂ ਵਿਚ 12 ਚੌਕਿਆਂ ਅਤੇ ਦੋ ਛੱਕਿਆਂ ਦੀ ਮਦਦ ਨਾਲ ਬਣਾਈਆਂ। ਇਸ ਕਰਕੇ ਜਮਸ਼ੇਦ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ।