ਨਵੀਂ ਦਿੱਲੀ :- ਅੱਜ ਦਾ ਦਿਨ, ਜਦਕਿ ਮੂਲ ਨਾਨਕਸ਼ਾਹੀ ਕੈਲੰਡਰ ਅਨੁਸਾਰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਇਆ ਜਾ ਰਿਹਾ ਹੈ, ਸਾਨੂੰ ਸਿੱਖੀ ਅਤੇ ਸਿੱਖੀ ਬਾਣੇ ਦੇ ਨਾਲ ਹੀ ਸਿੱਖੀ ਦੀਆਂ ਮਾਨਤਾਵਾਂ, ਮਰਿਆਦਾਵਾਂ ਅਤੇ ਪਰੰਪਰਾਵਾਂ ਦੀ ਰਖਿਆ ਕਰਨ ਪ੍ਰਤੀ ਵਚਨਬੱਧਤਾ ਪੁਰ ਦ੍ਰਿੜਤਾ ਨਾਲ ਪਹਿਰਾ ਦੇਣ ਦੀ ਯਾਦ ਕਰਾਉਂਦਾ ਹੈ। ਸ. ਪਰਮਜੀਤ ਸਿੰਘ ਸਰਨਾ, ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮਨਾਉਣ ਲਈ ਲਖੀ ਸ਼ਾਹ ਵਣਜਾਰਾ ਹਾਲ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਜੁੜੀਆਂ ਸੰਗਤਾਂ ਨੂੰ ਪੁਰਬ ਦੀ ਵਧਾਈ ਦਿੰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਸ. ਸਰਨਾ ਨੇ ਆਪਣੇ ਸੰਬੋਧਨ ਵਿਚ ਹੋਰ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਿੱਖੀ ਸਰੂਪ, ਬਾਣੇ ਅਤੇ ਸਿੱਖੀ ਪ੍ਰਤੀ ਵਿਸ਼ਵਾਸ ਨੂੰ ਦ੍ਰਿੜ ਕਰਵਾਉਣ ਲਈ ਨਾ ਕੇਵਲ ਆਪਣਾ ਆਪ ਕੁਰਬਾਨ ਕੀਤਾ, ਸਗੋਂ ਆਪਣਾ ਸਰਬੰਸ ਵੀ ਵਾਰ ਦਿਤਾ। ਉਨ੍ਹਾਂ ਤੋਂ ਉਪਰੰਤ ਅਨੇਕਾਂ ਸਿੱਖਾਂ ਨੇ ਸਿੱਖੀ ਸਿਦਕ ਪੁਰ ਪਹਿਰਾ ਦਿੰਦਿਆਂ ਆਪਣੀਆਂ ਸ਼ਹੀਦੀਆਂ ਦਿਤੀਆਂ। ਉਨ੍ਹਾਂ ਕਿਹਾ ਕਿ ਅਜ ਉਨ੍ਹਾਂ ਦੇ ਦਸੇ ਰਾਹ ਅਤੇ ਪਾਏ ਪੂਰਨਿਆਂ ਪੁਰ ਅਗੇ ਵਧਣਾ ਸਾਡੀ ਸਾਰਿਆਂ ਦੀ ਸਾਂਝੀ ਜ਼ਿਮੇਂਦਾਰੀ ਹੈ।
ਸ. ਸਰਨਾ ਨੇ ਦਸਿਆ ਕਿ ਸਿੱਖੀ ਪ੍ਰਚਾਰ ਦੀ ਘਾਟ ਅਤੇ ਪ੍ਰਚਾਰ ਸਾਧਨਾਂ ਦੀ ਰਾਜਸੀ ਸੁਆਰਥ ਲਈ ਵਰਤੋਂ ਕੀਤੇ ਜਾਣ ਦਾ ਨਤੀਜਾ ਇਹ ਹੋ ਰਿਹਾ ਹੈ, ਕਿ ਪੰਜਾਬ ਦਾ ਸਿੱਖ ਨੌਜਵਾਨ ਹੀ ਨਹੀਂ, ਸਗੋਂ ਸਿੱਖੀ ਦੀ ਪਨੀਰੀ ਵੀ ਆਪਣੇ ਕੁਰਬਾਨੀਆਂ ਭਰੇ ਵਿਰਸੇ ਤੋਂ ਅਨਜਾਣ ਹੋਣ ਕਾਰਣ ਭਟਕਦੀ ਅਤੇ ਸਿੱਖੀ ਰਹਿਤ ਨਾਲੋਂ ਟੁੱਟ ਸਿੱਖੀ ਸਰੂਪ ਤਿਆਗਦੀ ਜਾ ਰਹੀ ਹੈ।
ਸ. ਸਰਨਾ ਨੇ ਚਿਤਾਵਨੀ ਭਰੇ ਸ਼ਬਦਾਂ ਵਿਚ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਪੰਜਾਬ ਦੀ ਇਹ ਸਿੱਖੀ ਤੇ ਸਿੱਖੀ ਸਰੂਪ ਵਿਰੋਧੀ ਹਵਾ ਪੰਜਾਬੋਂ ਬਾਹਰ ਪੈਰ ਫੈਲਾਣ ਲਈ ਦਿੱਲੀ ਪੁਰ ਹਮਲਾ ਕਰਨ ਵਲ ਵਧਣ ਲਗੀ ਹੈ। ਜੇ ਦਿੱਲੀ ਦੀਆਂ ਸਿੱਖ ਸੰਗਤਾਂ, ਜੋ ਸਿੱਖੀ-ਸਰੂਪ, ਬਾਣੇ ਅਤੇ ਸਿੱਖੀ ਦੀਆਂ ਪਰੰਪਰਾਵਾਂ ਦੀ ਰਖਿਆ ਪ੍ਰਤੀ ਆਪਣੀ ਵਚਨਬੱਧਤਾ ਦ੍ਰਿੜਤਾ ਨਾਲ ਨਿਭਾਉਦੀਆਂ ਚਲੀਆਂ ਆ ਰਹੀਆ ਹਨ, ਇਸ ਰੁਝਾਨ ਦੀ ਹਵਾ ਨੂੰ ਠਲ੍ਹ ਪਾਣ ਵਿਚ ਸਫਲ ਨਾ ਹੋਈਆਂ ਤਾਂ ਇਹ ਦੇਸ਼ ਦੇ ਹੀ ਨਹੀਂ, ਸਗੋਂ ਵਿਸ਼ਵ ਭਰ ਵਿਚ ਫੈਲੇ ਸਿੱਖੀ-ਸਰੂਪ, ਬਾਣੇ ਅਤੇ ਪਰੰਪਰਾਵਾਂ ਨੂੰ ਆਪਣਾ ਸ਼ਿਕਾਰ ਬਣਾਉਣ ਵਿਚ ਸਫਲ ਹੋ ਜਾਇਗੀ। ਇਸਲਈ ਦਿੱਲੀ ਵਿਚ ਵਸਦੇ ਸਿੱਖਾਂ ਨੂੰ ਸਿੱਖੀ ਸਰੂਪ, ਬਾਣੇ ਅਤੇ ਪਰੰਪਰਾਵਾਂ ਦੀ ਰਖਿਆ ਪ੍ਰਤੀ ਆਪਣੇ ਵਿਸ਼ਵਾਸ ਪੁਰ ਦ੍ਰਿੜਤਾ ਨਾਲ ਪਹਿਰਾ ਦੇਣਾ ਹੋਵੇਗਾ। ਉਨ੍ਹਾਂ ਕਿਹਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਪੁਰਬ ਮਨਾਉਂਦਿਆਂ ਇਸੇ ਵਚਨਬੱਧਤਾ ਅਤੇ ਵਿਸ਼ਵਾਸ ਦੀ ਰਖਿਆ ਦੇ ਪ੍ਰਣ ਨੂੰ ਮੁੜ ਦੁਹਰਾ, ਇਸਦਾ ਸੰਦੇਸ਼ ਸੰਸਾਰ ਭਰ ਵਿਚ ਪਹੁੰਚਾਣਾ ਹੋਵੇਗਾ।
ਇਸ ਮੌਕੇ ਤੇ ਸ. ਮਨਜੀਤ ਸਿੰਘ ਕਲਕਤਾ ਚੇਅਰਮੈਨ ਸਿੱਖ ਮਿਸ਼ਨ ਇੰਟਰਨੈਸ਼ਨਲ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਅਤੇ ਸਿੱਖੀ ਸਿਦਕ ਦੀ ਰਖਿਆ ਕਰਦਿਆਂ ਸ਼ਹੀਦੀਆਂ ਦੇਣ ਵਾਲੇ ਸਿੱਖਾਂ ਬਾਰੇ ਵਿਸਥਾਰ ਨਾਲ ਜਾਣਕਾਰੀ ਦਿਤੀ। ਇਸ ਮੌਕੇ ਤੇ ਗੁਰਦੁਆਰਾ ਕਮੇਟੀ ਵਲੋਂ ਧਾਰਮਕ, ਸਮਾਜਕ ਅਤੇ ਪੰਥਕ ਖੇਤਰ ਵਿਚ ਕੀਤੀਆਂ ਗਈਆਂ ਸੇਵਾਵਾਂ ਦੇ ਵੇਰਵਿਆਂ ਅਧਾਰਤ ਪੁਸਤਿਕਾ ਅਤੇ ਨਵੇਂ ਵਰ੍ਹੇ ਦਾ ਕੈਲੰਡਰ ਜਾਰੀ ਕਰਨ ਦੀ ਰਸਮ ਅਦਾ ਕੀਤੀ ਗਈ। ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਲਖੀ ਸ਼ਾਹ ਵਣਜਾਰਾ ਹਾਲ, ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਵਿਸ਼ਾਲ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ। ਜਿਸਦੀ ਅਰੰਭਤਾ ਸੁਖਮਨੀ ਸਾਹਿਬ ਅਤੇ ਨਿਤਨੇਮ ਦੇ ਪਾਠ ਨਾਲ ਹੋਈ। ਇਸ ਮੌਕੇ ਤੇ ਆਸਾ ਦੀ ਵਾਰ ਦਾ ਕੀਰਤਨ ਭਾਈ ਕੁਲਤਾਰ ਸਿੰਘ ਦੇ ਕੀਰਤਨੀ ਜਥੇ ਨੇ ਕੀਤਾ, ਜਦਕਿ ਭਾਈ ਸਰਬਜੀਤ ਸਿੰਘ ਯੂ. ਕੇ. ਵਾਲਿਆਂ ਨੇ ਗੁਰਸ਼ਬਦ ਵਿਚਾਰਾਂ ਰਾਹੀਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿਤੀ। ਉਪਰੰਤ ਪੰਥ ਪ੍ਰਵਾਨਤ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਗੁਰਬਾਣੀ ਦੇ ਰਸਭਿੰਨੇ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਤੇ ਹੋਏ ਕਵੀ-ਦਰਬਾਰ ਵਿਚ ਪੰਜਾਬੀ ਦੇ ਪ੍ਰਮੁੱਖ ਕਵੀਆਂ ਨੇ ਆਪਣੀਆਂ ਕਾਵਿ-ਰਚਨਾਵਾਂ ਰਾਹੀਂ ਗੁਰੂ ਸਾਹਿਬ ਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਪੁਰ ਰੋਸ਼ਨੀ ਪਾਈ। ਇਸ ਮੌਕੇ ਤੇ ਸਟੇਜ ਸਕਤੱਰ ਦੀ ਜ਼ਿਮੇਂਵਾਰੀ ਨਿਭਾਉਂਦਿਆਂ ਸ. ਤਰਸੇਮ ਸਿੰਘ ਚੇਅਰਮੈਨ ਧਰਮ ਪ੍ਰਚਾਰ ਕਮੇਟੀ ਨੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਸੰਘਰਸ਼, ਖਲਸਾ ਪੰਥ ਦੀ ਸਿਰਜਨਾ ਅਤੇ ਸਿੱਖੀ ਵਿਚ ਰਹਿਤ ਤੇ ਕੁਰਹਿਤ ਦੀ ਮੱਹਤਤਾ ਬਾਰੇ ਸੰਗਤਾਂ ਨੂੰ ਵਿਸਥਾਰ ਨਾਲ ਜਾਣਕਾਰੀ ਦਿਤੀ। ਦੁਪਹਿਰ ਬਾਅਦ ਸਟੇਜ ਸਕਤੱਰ ਦੀ ਜ਼ਿਮੇਂਦਾਰੀ ਸ. ਜਸਬੀਰ ਸਿੰਘ ਕਾਕਾ ਨੇ ਬਹੁਤ ਹੀ ਸੁਚਜਤਾ ਨਾਲ ਨਿਭਾਈ। ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਹੋਏ ਅੰਮ੍ਰਿਤ ਸੰਚਾਰ ਸਮਾਗਮ ਦੌਰਾਨ ਅਨੇਕਾਂ ਪ੍ਰਾਣੀ ਦਸ਼ਮੇਸ਼ ਪਿਤਾ ਦੀ ਬਖਸ਼ੀ ਦਾਤ ਅੰਮ੍ਰਿਤ ਦੀ ਪ੍ਰਾਪਤੀ ਕਰ ਗੁਰੂ ਵਾਲੇ ਬਣੇ। ਦਿੱਲੀ ਦੇ ਇਤਿਹਾਸਕ ਗੁਰਧਾਮਾਂ ਪੁਰ ਦਰਸ਼ਨੀ ਦੀਪਮਾਲਾ ਕੀਤੀ ਗਈ ਅਤੇ ਗੁਰਦੁਆਰਾ ਰਕਾਬ ਗੰਜ ਸਾਹਿਬ ਵਿਖੇ ਆਤਿਸ਼ਬਾਜ਼ੀ ਦਾ ਆਕਰਸ਼ਕ ਪ੍ਰਦਰਸ਼ਨ ਕੀਤਾ ਗਿਆ। ਮੈਟਰੋ ਰਾਹੀਂ ਗੁਰਮਤਿ ਸਮਾਗਮ ਵਿਚ ਆਉਣ ਵਾਲੀਆਂ ਸੰਗਤਾਂ ਨੂੰ ਰਾਜੀਵ ਚੌਂਕ ਅਤੇ ਪਟੇਲ ਚੌਂਕ ਮੈਟਰੋ ਸਟੇਸ਼ਨਾਂ ਤੋਂ ਗੁਰਦੁਆਰਾ ਰਕਾਬ ਗੰਜ ਸਾਹਿਬ ਲਿਆਉਣ ਤੇ ਵਾਪਸ ਛੱਡਣ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਵਿਸ਼ੇਸ਼ ਬੱਸਾਂ ਦਾ ਪ੍ਰਬੰਧ ਕੀਤਾ ਗਿਆ।