ਅੰਮ੍ਰਿਤਸਰ- ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਧੁੰਮਾ ਨੇ ਕਿਹਾ ਹੈ ਕਿ ਦਿੱਲੀ ਵਿੱਚ ਵਿਦਿਆਰਥਣ ਨਾਲ ਜੋ ਘਟਨਾ ਵਾਪਰੀ ਹੈ,ਉਹ ਅਤਿ ਨਿੰਦਣਯੋਗ ਹੈ। ਉਨ੍ਹਾਂ ਨੇ ਕਿਹਾ ਕਿ ਸਿੱਖ ਔਰਤਾਂ ਨੂੰ ਵੀ ਸਿੱਖ ਮਰਿਆਦਾ ਅਨੁਸਾਰ ਕਪੜੇ ਪਹਿਨਣੇ ਚਾਹੀਦੇ ਹਨ।ਉਨ੍ਹਾਂ ਨੇ ਇਹ ਵੀ ਕਿਹਾ ਕਿ ਔਰਤਾਂ ਦੇ ਖਿਲਾਫ਼ ਜੋ ਅਪਰਾਧ ਵੱਧ ਰਹੇ ਹਨ, ਉਨ੍ਹਾਂ ਨੂੰ ਰੋਕਣ ਲਈ ਸਖਤ ਕਾਨੂੰਨ ਬਣਨੇ ਚਾਹੀਦੇ ਹਨ।
ਬਾਬਾ ਧੁੰਮਾ ਨੇ ਕਿਹਾ ਕਿ 1984 ਦੇ ਬਲਿਊ ਸਟਾਰ ਅਪਰੇਸ਼ਨ ਦੌਰਾਨ ਸ਼ਹੀਦ ਹੋਏ ਸਿੱਖ ਸ਼ਰਧਾਲੂਆਂ ਦੀ ਯਾਦ ਵਿੱਚ ਬਣੀ ਯਾਦਗਰ ਲਗਭੱਗ ਤਿਆਰ ਹੋ ਗਈ ਹੈ। ਸੰਗਮਰਮਰ ਲਗਣ ਦਾ ਥੋੜਾਂ ਜਿਹਾ ਹੀ ਕੰਮ ਬਾਕੀ ਰਹਿ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਸ਼ਹੀਦਾਂ ਦੀ ਇਸ ਯਾਦਗਰ ਦੇ ਨਿਰਮਾਣ ਦਾ ਕਾਰਜ ਸਿੱਖ ਕੌਮ ਨੇ ਦਮਦਮੀ ਟਕਸਾਲ ਨੂੰ ਸੌਂਪਿਆ ਸੀ। ਹੁਣ ਇਹ ਨਿਰਮਾਣ ਪੂਰਾ ਹੋਣ ਦੇ ਕੰਢੇ ਹੈ।ਇਹ ਯਾਦਗਰ 6 ਜੂਨ 2013 ਨੂੰ ਸਿੱਖ ਕੌਮ ਨੂੰ ਸਮਰਪਿਤ ਕਰ ਦਿੱਤੀ ਜਾਵੇਗੀ।