ਨਵੀਂ ਦਿੱਲੀ- ਇਥੋਂ ਦੇ ਫਿਰੋਜ਼ਸ਼ਾਹ ਕੋਟਲਾ ਮੈਦਾਨ ਵਿਚ ਖੇਡੇ ਗਏ ਤੀਜੇ ਇਕ ਰੋਜ਼ਾ ਕ੍ਰਿਕਟ ਮੈਚ ਵਿਚ ਭਾਰਤ ਨੇ ਨਾਟਕੀ ਢੰਗ ਨਾਲ ਪਾਕਿਸਤਾਨ ਨੂੰ 10 ਦੌੜਾਂ ਤੋਂ ਜਿੱਤ ਹਾਸਲ ਕਰ ਲਈ, ਪਰੰਤੂ ਇਸਤੋਂ ਪਹਿਲੇ 2 ਮੈਚ ਜਿੱਤਣ ਕਰਕੇ ਪਾਕਿਸਤਾਨ ਨੇ ਸੀਰੀਜ਼ ਜਿੱਤ ਲਈ।
ਇਸ ਜਿੱਤ ਨੂੰ ਹਾਸਲ ਕਰਕੇ ਭਾਰਤੀ ਟੀਮ ਕਲੀਨ ਸਵੀਪ ਦੀ ਸ਼ਰਮਨਾਕ ਹਾਰ ਤੋਂ ਬੱਚ ਗਈ, ਨਹੀਂ ਤਾਂ 3 ਮੈਚਾਂ ਦੀ ਸੀਰੀਜ਼ ਦੇ ਤਿੰਨੇ ਮੈਚਾਂ ਵਿਚ ਪਾਕਿਸਤਾਨੀ ਟੀਮ ਨੇ ਜਿੱਤ ਹਾਸਲ ਕਰ ਲੈਣੀ ਸੀ। ਜਿਥੇ ਪਾਕਿਸਤਾਨੀ ਟੀਮ ਹੱਥੋਂ ਸ਼ਰਮਨਾਕ ਕਲੀਨ ਸਵੀਪ ਤੋਂ ਬਚਣ ਕਰਕੇ ਭਾਰਤੀ ਟੀਮ ਖੁਸ਼ ਸੀ, ਉਥੇ ਰਵੀ ਸ਼ਾਸਤਰੀ ਅਤੇ ਸੁਨਿਲ ਗਾਵਸਕਰ ਭਾਰਤੀ ਟੀਮ ਦੇ ਸਾਬਕਾ ਕਪਤਾਨ ਅਤੇ ਤੇਜ਼ ਗੇਂਦਬਾਜ਼ ਕਪਿਲ ਦੇਵ ਨੂੰ ਉਸਦੇ 53ਵੇਂ ਜਨਮਦਿਨ ਦੀਆਂ ਵਧਾਈਆਂ ਵੀ ਦੇ ਰਹੇ ਸਨ।
ਇਹ ਬੜਾ ਹੀ ਰੋਮਾਂਚਕ ਮੈਚ ਰਿਹਾ ਅਖੀਰ ਤੱਕ ਇਹ ਲੱਗ ਰਿਹਾ ਸੀ ਕਿ ਪਾਕਿਸਤਾਨੀ ਟੀਮ ਇਹ ਮੈਚ ਜਿੱਤ ਜਾਵੇਗੀ। ਪਹਿਲਾਂ ਖੇਡਦਿਆਂ ਹੋਇਆਂ ਭਾਰਤੀ ਟੀਮ ਨੇ ਪਾਕਿਸਤਾਨੀ ਟੀਮ ਨੂੰ ਜਿੱਤਣ ਲਈ ਮਾਮੂਲੀ ਜਿਹਾ 168 ਦੌੜਾਂ ਦਾ ਟੀਚਾ ਦਿੱਤਾ। ਲੇਕਨ ਭਾਰਤੀ ਖਿਡਾਰੀਆਂ ਦੀ ਵਧੀਆ ਗੇਂਦਬਾਜ਼ੀ ਅਤੇ ਲਾਜਵਾਬ ਫੀਲਡਿੰਗ ਕਰਕੇ ਪਾਕਿਸਤਾਨੀ ਟੀਮ ਸਿਰਫ਼ 157 ਦੌੜਾਂ ਬਣਾਕੇ ਹੀ ਆਲ ਆਊਟ ਹੋ ਗਈ। ਭਾਰਤੀ ਖਿਡਾਰੀਆਂ ਵਲੋਂ ਇਕ ਕੈਚ ਛੱਡਣ ਅਤੇ ਇਕ ਰਨ ਆਊਟ ਦਾ ਮੌਕਾ ਗਵਾਊਣ ਤੋਂ ਇਲਾਵਾ ਫੀਲਡਿੰਗ ਬਹੁਤ ਵਧੀਆ ਰਹੀ। ਜਿਸ ਕਰਕੇ ਭਾਰਤੀ ਟੀਮ ਨੇ ਘੱਟੋ ਘੱਟ 20 ਤੋਂ 30 ਦੌੜਾਂ ਬਚਾਈਆਂ।
ਇਸ ਮੈਚ ਵਿਚ ਪਾਕਿਸਤਾਨੀ ਖਿਡਾਰੀ ਸਈਦ ਅਜਮਲ ਨੇ 24 ਦੌੜਾਂ ਦੇ ਕੇ 5 ਵਿਕਟਾਂ ਲਈਆਂ। ਜੋ ਉਸਦੇ ਕੈਰੀਅਰ ਦਾ ਸਭ ਤੋਂ ਵਧੀਆ ਪ੍ਰਦਰਸ਼ਨ ਰਿਹਾ। ਭਾਰਤੀ ਖਿਡਾਰੀਆਂ ਚੋਨ ਈਸ਼ਾਂਤ ਸ਼ਰਮਾ ਨੇ 36 ਦੌੜਾਂ ਦੇ ਕੇ 3, ਭੁਵਨੇਸ਼ਵਰ ਅਤੇ ਅਸ਼ਵਿਨ ਨੇ 2-2 ਵਿਕਟਾਂ ਲਈਆਂ ਅਤੇ ਆਪਣੇ ਵਨ ਡੇਅ ਕੈਰੀਅਰ ਦੀ ਸ਼ੁਰੂਆਤ ਕਰ ਰਹੇ ਤੇਜ਼ ਗੇਂਦਬਾਜ਼ ਸ਼ਮੀ ਅਹਿਮਦ ਨੇ 10 ਓਵਰਾਂ ਚੋਂ 4 ਓਵਰ ਮੇਡਨ ਕਰਕੇ ਕਿਫਾਇਤੀ ਗੇਂਦਬਾਜ਼ੀ ਕਰਦਿਆਂ ਹੋਇਆਂ ਸਿਰਫ਼ 23 ਦੌੜਾਂ ਦੇ ਕੇ 1 ਵਿਕਟ ਹਾਸਲ ਕੀਤੀ।
ਇਸ ਮੈਚ ਵਿਚ 36 ਦੌੜਾਂ ਬਨਾਉਣ ਕਰਕੇ ਅਤੇ ਵਧੀਆ ਕਪਤਾਨੀ ਕਰਕੇ ਜਿੱਤ ਹਾਸਲ ਕਰਾਉਣ ਲਈ ਮਹਿੰਦਰ ਸਿੰਘ ਧੋਨੀ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ ਅਤੇ 3 ਮੈਚਾਂ ਵਿਚ ਵਧੀਆ ਬੱਲੇਬਾਜ਼ੀ ਕਰਨ ਕਰਕੇ ਨਾਸਿਰ ਜਮਸ਼ੇਦ ਨੂੰ ‘ਮੈਨ ਆਫ਼ ਦ ਸੀਰੀਜ਼’ ਐਵਾਰਡ ਦੇ ਕੇ ਸਨਮਾਨਿਆ ਗਿਆ।
ਇਸ ਘੱਟ ਦੌੜਾਂ ਦੇ ਵਨ ਡੇਅ ਮੈਚ ਦਾ ਇਕ ਕਾਰਨ ਦਿੱਲੀ ਵਿਚ ਧੁੰਦਲੇ ਮੌਸਮ ਅਤੇ ਘੱਟ ਤਾਪਮਾਨ ਨੂੰ ਵੀ ਮੰਨਿਆ ਜਾ ਰਿਹਾ ਹੈ। ਮੈਚ ਸ਼ੁਰੂ ਹੋਣ ਤੋਂ ਲੈ ਕੇ ਖਤਮ ਹੋਣ ਤੱਕ ਪੂਰੀ ਤਰ੍ਹਾਂ ਠੰਡ ਪੈ ਰਹੀ ਸੀ ਅਤੇ ਪਾਰਾ 2 ਡਿਗਰੀ ਸੈਲਸੀਅਸ ਤੱਕ ਡਿੱਗਿਆ ਰਿਹਾ।
ਇਸਦੇ ਨਾਲ ਹੀ ਭਾਰਤ ਅਤੇ ਇੰਗਲੈਂਡ ਵਿਕਚਾਰ 11 ਜਨਵਰੀ ਤੋਂ ਸ਼ੁਰੂ ਹੋਣ ਵਾਲੀ 5 ਇਕ ਰੋਜ਼ਾ ਮੈਚਾਂ ਦੇ ਪਹਿਲੇ 3 ਮੈਚਾਂ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਵਿਚੋਂ ਵਰਿੰਦਰ ਸਹਿਵਾਗ ਦੀ ਛੁੱਟੀ ਹੋ ਗਈ ਹੈ ਅਤੇ ਚਿਤੇਸ਼ਵਰ ਪੁਜਾਰਾ ਨੂੰ ਪਹਿਲੀ ਵਾਰ ਸ਼ਾਮਲ ਕੀਤਾ ਗਿਆ ਹੈ।
ਟੀਮ ਇਸ ਪ੍ਰਕਾਰ ਹੈ:
ਮਹਿੰਦਰ ਸਿੰਘ ਧੋਨੀ (ਕਪਤਾਨ), ਗੌਤਮ ਗੰਭੀਰ, ਅੰਜਿਕਯਾ ਰਹਾਨੇ, ਚਿਤੇਸ਼ਵਰ ਪੁਜਾਰਾ, ਵਿਰਾਟ ਕੋਹਲੀ, ਰੋਹਿਤ ਸ਼ਰਮਾ, ਯੁਵਰਾਜ ਸਿੰਘ, ਸੁਰੇਸ਼ ਰੈਨਾ, ਆਰ ਅਸ਼ਵਿਨ, ਰਵਿੰਦਰ ਜਡੇਜਾ, ਅਮਿਤ ਮਿਸ਼ਰਾ, ਈਸ਼ਾਂਤ ਸ਼ਰਮਾ, ਭੁਵਨੇਸ਼ਵਰ ਕੁਮਾਰ, ਅਸ਼ੋਕ ਡਿੰਡਾ ਅਤੇ ਸ਼ਮੀ ਅਹਿਮਦ।
ਇਹ ਤਿੰਨ ਮੈਚ ਕ੍ਰਮਵਾਰ ਰਾਜਕੋਟ, ਕੋਚੀ ਅਤੇ ਰਾਂਚੀ ਵਿਚ 11, 15 ਅਤੇ 19 ਜਨਵਰੀ, 2013 ਨੂੰ ਖੇਡੇ ਜਾਣਗੇ।