ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੀਆਂ ਨੀਤੀਆਂ ਅਤੇ ਪ੍ਰੋਗਰਾਮਾਂ ਨਾਲ ਸਹਿਮਤ ਹੋ ਸਿੱਖੀ-ਸੰਭਾਲ ਦੇ ਸੰਘਰਸ਼ ਵਿਚ ਜੋ ਵੀ ਵਿਅਕਤੀ ਆਪਣਾ ਸਹਿਯੋਗ ਦੇਣਾ ਅਤੇ ਹਿਸਾ ਪਾਣਾ ਚਾਹੁੰਦਾ ਹੈ ਉਸਦਾ ਸੁਆਗਤ ਹੈ। ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਪਣੇ ਨਿਵਾਸ ਤੇ ਹੋਏ ਇਕ ਸਮਾਗਮ ਦੌਰਾਨ ਸ. ਸ਼ਲਿੰਦਰ ਸਿੰਘ ਸ਼ਮੀ ਦੇ ਆਪਣੇ ਸੈਂਕੜੇ ਸਾਥੀਆਂ ਨਾਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਨੂੰ ਅਲਵਿਦਾ ਆਖ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਦੇ ਕੀਤੇ ਗਏ ਐਲਾਨ ਤੇ ਉਨ੍ਹਾਂ ਦਾ ਸੁਆਗਤ ਕਰਦਿਆਂ ਇਹ ਵਿਚਾਰ ਪ੍ਰਗਟ ਕੀਤੇ। ਸ. ਸਰਨਾ ਨੇ ਸ. ਸ਼ਲਿੰਦਰ ਸਿੰਘ ਸ਼ਮੀ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਭਰੋਸਾ ਦੁਆਇਆ ਕਿ ਉਨ੍ਹਾਂ ਦਾ ਪੂਰਾ ਸਨਮਾਨ ਕੀਤਾ ਜਾਇਗਾ ਅਤੇ ਉਹ ਸਿੱਖੀ ਸੰਭਾਲ ਦੇ ਸੰਘਰਸ਼ ਵਿਚ ਜੋ ਵੀ ਯੋਗਦਾਨ ਪਾਣਾ ਚਾਹੁੰਦੇ ਹਨ ਉਸਦੇ ਲਈ ਉਨ੍ਹਾਂ ਨੂੰ ਪੂਰਾ- ਪੂਰਾ ਮੌਕਾ ਦਿਤਾ ਜਾਇਗਾ ਤੇ ਉਨ੍ਹਾਂ ਦੀਆਂ ਸੇਵਾਵਾਂ ਦਾ ਲਾਭ ਉਠਾਇਆ ਜਾਇਗਾ। ਸ. ਸਰਨਾ ਨੇ ਦਾਅਵਾ ਕੀਤਾ ਕਿ ਜਿਸ ਤਰ੍ਹਾਂ ਦਿੱਲੀ ਵਿਚ ਸਿੱਖੀ-ਸੰਭਾਲ ਪ੍ਰਤੀ ਸਿੱਖ ਮਤਦਾਤਾਵਾਂ ਵਿਚ ਜਾਗਰੂਕਤਾ ਪੈਦਾ ਹੋ ਚੁਕੀ ਹੈ ਅਤੇ ਉਹ ਸਿੱਖੀ-ਸਰੂਪ, ਸਿੱਖੀ ਮਰਿਆਦਾਵਾਂ ਅਤੇ ਕੁਰਬਾਨੀਆਂ ਭਰੇ ਸਿੱਖ ਇਤਿਹਾਸ ਦੀ ਸੰਭਾਲ ਪ੍ਰਤੀ ਵਚਨਬਧ ਹੋ ਅਗੇ ਆ ਰਹੇ ਹਨ, ਉਹ ਇਸ ਗਲ ਦਾ ਸੰਕੇਤ ਹੈ ਕਿ ਦਿੱਲੀ ਸਿੱਖ ਗੁਰਦੁਆਰਾ ਕਮੇਟੀ ਦੀਆਂ ਚੋਣਾਂ ਵਿਚ ਸਿੱਖੀ-ਵਿਰੋਧੀਆਂ ਦਾ ਭੋਗ ਪੈ ਜਾਇਗਾ।
ਇਸਤੋਂ ਪਹਿਲਾਂ ਸ. ਸ਼ਲਿੰਦਰ ਸਿੰਘ ਸ਼ਮੀ ਨੇ ਆਪਣੇ ਸੈਂਕੜੇ ਸਾਥੀਆਂ ਸਹਿਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਸ਼ਾਮਲ ਹੋਣ ਦਾ ਐਲਾਨ ਕਰਦਿਆਂ ਦਲ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ, ਉਨ੍ਹਾਂ ਵਲੋਂ ਸਿੱਖਾਂ ਦੇ ਹਿਤਾਂ-ਅਧਿਕਾਰਾਂ ਲਈ ਕੀਤੇ ਜਾ ਰਹੇ ਸੰਘਰਸ਼, ਸਿੱਖੀ ਦੇ ਸੰਭਾਲ ਪ੍ਰਤੀ ਅਰੰਭੇ ਹੋਏ ਪ੍ਰੋਗਰਾਮਾਂ ਵਿਚ ਵਿਸ਼ਵਾਸ ਪ੍ਰਗਟ ਕੀਤਾ। ਉਨ੍ਹਾਂ ਬਾਦਲ ਅਕਾਲੀ ਦਲ ਦੇ ਮੁਖੀਆਂ ਪੁਰ ਦੋਸ਼ ਲਾਇਆ ਕਿ ਉਹ ਵਰਕਰਾਂ ਤੇ ਸਮਰਪਤ ਸਾਥੀਆਂ ਨਾਲ ਧੋਖਾ ਕਰ, ਉਨ੍ਹਾਂ ਨੂੰ ਖਜਲ-ਖੁਆਰ ਕਰਨ ਵਿਚ ਹੀ ਵਿਸ਼ਵਾਸ ਰਖਦੇ ਹਨ, ਜਿਸ ਕਾਰਣ ਉਹ ਤੇ ਉਨ੍ਹਾਂ ਦੇ ਸਾਥੀ ਬਾਦਲ ਅਕਾਲੀ ਦਲ ਨਾਲੋਂ ਤੋੜ-ਵਿਛੋੜ ਕਰਨ ਤੇ ਮਜਬੂਰ ਹੋਏ ਹਨ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਆਲ ਇੰਡੀਆ ਯੂਥ ਵਿੰਗ ਦੇ ਪ੍ਰਧਾਨ ਰਾਜਾ ਹਰਪ੍ਰੀਤ ਸਿੰਘ ਨੇ ਸ. ਸ਼ਲਿੰਦਰ ਸਿੰਘ ਸ਼ਮੀ ਦੇ ਬਾਦਲ ਅਕਾਲੀ ਦਲ ਨੂੰ ਅਲਵਿਦਾ ਕਹੇ ਜਾਣ ਦੇ ਕਾਰਣਾਂ ਦਾ ਵਿਸਥਾਰ ਨਾਲ ਜ਼ਿਕਰ ਕਰਦਿਆਂ, ਉਨ੍ਹਾਂ ਦਾ ਸੁਆਗਤ ਕੀਤਾ ਅਤੇ ਕਿਹਾ ਕਿ ਇਨ੍ਹਾਂ ਦੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਵਿਚ ਆਉਣ ਨਾਲ ਦਲ ਨੂੰ ਤਾਕਤ ਮਿਲੀ ਹੈ। ਉਨ੍ਹਾਂ ਦਸਿਆ ਕਿ ਬਾਦਲ ਅਕਾਲੀ ਦਲ ਵਲੋਂ ਪਤਿਤਾਂ ਅਤੇ ਪਤਿਤ ਪਰਿਵਾਰਾਂ ਦੇ ਮੁਖੀਆਂ ਨੂੰ ਦਿਤੇ ਜਾ ਰਹੇ ਸਨਮਾਨ ਕਾਰਣ ਸ. ਸ਼ਮੀ ਵਰਗੇ ਸਿੱਖੀ ਨੂੰ ਪਿਆਰ ਕਰਨ ਵਾਲੇ ਬਹੁਤ ਹੀ ਦੁਖੀ ਹਨ, ਕਿਉਂਕਿ ਉਹ ਸਮਝਦੇ ਹਨ ਕਿ ਬਾਦਲ ਅਕਾਲੀ ਦਲ ਆਪਣੀ ਸੁਤੰਤਰ ਹੋਂਦ ਖਤਮ ਕਰ ਸਿੱਖੀ-ਵਿਰੋਧੀ ਭਾਰਤੀ ਜਨਤਾ ਪਾਰਟੀ ਦੀ ਇਕਾਈ ਬਣਕੇ ਸਿੱਖੀ ਨੂੰ ਢਾਹ ਲਾ ਰਿਹਾ ਹੈ, ਜਦਕਿ ਸ. ਪਰਮਜੀਤ ਸਿੰਘ ਸਰਨਾ ਦੀ ਅਗਵਾਈ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਸਿੱਖੀ-ਸਰੂਪ ਅਤੇ ਸਿੱਖੀ ਦੀਆਂ ਮਰਿਆਦਾਵਾਂ ਦੀ ਸੰਭਾਲ ਪ੍ਰਤੀ ਵਚਨਬਧ ਹੋ ਕੇ ਦ੍ਰਿੜਤਾ ਨਾਲ ਸੰਘਰਸ਼ ਕਰ ਰਿਹਾ ਹੈ।
ਇਸ ਮੌਕੇ ਤੇ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਮੁਖੀ ਅਤੇ ਵਰਕਰ ਵਡੀ ਗਿਣਤੀ ਵਿਚ ਮੌਜੂਦ ਸਨ।