ਨਵੀਂ ਦਿੱਲੀ- ਰੱਖਿਆ ਬਜਟ ਵਿੱਚ 10 ਹਜ਼ਾਰ ਕਰੋੜ ਰੁਪੈ ਦੀ ਕਟੌਤੀ ਕਰਨ ਨਾਲ ਸੈਨਾ ਦੀਆਂ ਕਈ ਯੋਜਨਾਵਾਂ ਤੇ ਇਸ ਦਾ ਅਸਰ ਪਵੇਗਾ।ਹਵਾਈ ਸੈਨਾ ਦੇ ਮੁੱਖੀ ਏਅਰ ਚੀਫ਼ ਮਾਰਸ਼ਲ ਐਨ.ਏ.ਕੇ. ਬਰਾਊਨ ਨੇ ਵਿੱਤ ਵਿਭਾਗ ਦੇ ਇਸ ਫੈਸਲੇ ਤੇ ਟਿਪਣੀ ਕਰਦੇ ਹੋਏ ਕਿਹਾ ਕਿ ਉਹ ਸਰਕਾਰ ਦੇ ਸਾਹਮਣੇ ਇਹ ਮੁੱਦਾ ਉਠਾਉਣਗੇ।
ਹਵਾਈ ਸੈਨਾ ਦੇ ਮੁੱਖੀ ਨੇ ਜੋਧਪੁਰ ਵਿੱਚ ਨਵੇਂ ਹੈਲੀਕਾਪਟਰ ਬੇੜੇ ਦਾ ਉਦਘਾਟਨ ਕਰਨ ਤੋਂ ਬਾਅਦ ਕਿਹਾ ਕਿ ਹਵਾਈ ਸੈਨਾ ਵਿੱਚ ਜੋ ਨਵੀਨੀਕਰਣ ਦੇ ਕਾਰਜ ਚੱਲ ਰਹੇ ਹਨ ਇਹ ਸੱਭ ਸਰਕਾਰ ਦੀ ਉਦਾਰ ਵਿੱਤੀ ਨੀਤੀ ਕਾਰਣ ਹੀ ਚੱਲ ਰਹੇ ਹਨ। ਪਰ ਰੱਖਿਆ ਬਜਟ ਵਿੱਚ ਹੁਣ ਕੀਤੀ ਗਈ ਕਟੌਤੀ ਦਾ ਅਸਰ ਸੈਨਾ ਦੇ ਪ੍ਰੋਗਰਾਮਾਂ ਤੇ ਪਵੇਗਾ। ਇਸ ਲਈ ਇਸ ਸਬੰਧੀ ਸਰਕਾਰ ਨਾਲ ਗੱਲਬਾਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਪਿੱਛਲੇ ਸਾਲ ਦਾ ਰੱਖਿਆ ਬਜਟ 1.93 ਲੱਖ ਕਰੋੜ ਰੁਪੈ ਦਾ ਸੀ।ਵਿੱਤ ਮੰਤਰਾਲੇ ਨੇ ਇਸ ਵਿੱਚੋਂ ਵੀ 5% ਦੀ ਰਾਸ਼ੀ ਕਟ ਲੈਣ ਦਾ ਫੈਸਲਾ ਕੀਤਾ ਹੈ। ਹੁਣ ਹਵਾਈ ਸੈਨਾ ਲਈ 126 ਲੜਾਕੂ ਜਹਾਜ਼ ਖ੍ਰੀਦਣ ਦਾ ਫੈਸਲਾ ਅਗਲੇ ਵਿੱਤੀ ਸਾਲ ਲਈ ਟਾਲੇ ਜਾਣ ਦਾ ਖਦਸ਼ਾ ਹੈ।