ਵਾਸ਼ਿੰਗਟਨ- ਰਾਸ਼ਟਰਪਤੀ ਬਰਾਕ ਓਬਾਮਾ ਨੇ ਜਾਨ ਬਰੇਨਨ ਨੂੰ ਸੀਆਈਏ ਮੁੱਖੀ ਅਤੇ ਚਕ ਹੇਗਲ ਨੂੰ ਰੱਖਿਆ ਮੰਤਰੀ ਬਣਾਉਣ ਦੀ ਘੋਸ਼ਣਾ ਕੀਤੀ ਹੈ। ਰੱਖਿਆ ਮੰਤਰੀ ਲੀਓਨ ਪੈਨੇਟਾ ਜੋ ਕਿ ਰੀਟਾਇਰ ਹੋ ਰਹੇ ਹਨ, ਉਨ੍ਹਾਂ ਦੀ ਖਾਲੀ ਹੋਈ ਡੀਫੈਂਸ ਸੈਕਟਰੀ ਦੀ ਪੁਜੀਸ਼ਨ ਚਕ ਹੇਗਲ ਨੂੰ ਦਿੱਤੀ ਜਾ ਰਹੀ ਹੈ। ਬਰੈਨਨ ਨੂੰ ਡੇਵਿਡ ਵੱਲੋਂ ਦਿੱਤੇ ਗਏ ਅਸਤੀਫ਼ੇ ਕਾਰਣ ਖਾਲੀ ਹੋਈ ਸੀਆਈਏ ਡਾਇਰੈਕਟਰ ਦੀ ਜਗ੍ਹਾ ਨਵਾਂ ਸੀਆਈਏ ਮੁੱਖੀ ਬਣਾਇਆ ਜਾਵੇਗਾ।
ਹੇਗਲ ਰੀਪਬਲੀਕਨ ਪਾਰਟੀ ਦੇ ਸਾਬਕਾ ਸੰਸਦ ਮੈਂਬਰ ਹਨ ਅਤੇ ਉਨ੍ਹਾਂ ਉਪਰ ਇਸਰਾਇਲ ਵਿਰੋਧੀ ਹੋਣ ਅਤੇ ਈਰਾਨ ਪ੍ਰਤੀ ਨਰਮ ਰਵਈਆ ਅਪਨਾਉਣ ਦੇ ਆਰੋਪ ਲਗਦੇ ਰਹੇ ਹਨ। ਜਾਨ ਬਰੇਨਨ ਤੇ ਵੀ ਸ਼ਕੀ ਵਿਅਕਤੀਆਂ ਤੋਂ ਪੁੱਛਗਿੱਛ ਦੌਰਾਨ ਸਖਤ ਰਵਈਆ ਅਪਨਾਉਣ ਤੇ ਸਵਾਲ ਉਠਾਏ ਜਾ ਰਹੇ ਹਨ।ਇਨ੍ਹਾਂ ਦੋਵਾਂ ਮਹੱਤਵਪੂਰਣ ਨਿਯੁਕਤੀਆਂ ਲਈ ਅਮਰੀਕੀ ਸੰਸਦ ਦੇ ਉਪਰਲੇ ਸਦਨ ਸੈਨਟ ਦੀ ਮਨਜੂਰੀ ਲੈਣੀ ਹੋਵੇਗੀ।
ਰਾਸ਼ਟਰਪਤੀ ਓਬਾਮਾ ਨੇ ਹੇਗਲ ਦੀ ਤਾਰੀਫ਼ ਕਰਦੇ ਹੋਏ ਕਿਹਾ, “ ਸਾਡੇ ਸੈਨਿਕਾਂ ਨੂੰ ਹੇਗਲ ਦੀ ਅਗਵਾਈ ਮਿਲਣੀ ਚਾਹੀਦੀ ਹੈ,ਜੋ ਸਾਡੀ ਸੈਨਾ ਦੇ ਚੈਂਪੀਅਨ ਰਹੇ ਹਨ।” ਹੇਗਲ ਨੇ ਵੀ ਇਸ ਦਾ ਜਵਾਬ ਦਿੰਦੇ ਹੋਏ ਕਿਹਾ ਕਿ ਉਹ ਇਸ ਪੈਮਾਨੇ ਤੇ ਖਰਾ ਉਤਰਨ ਦੀ ਪੂਰੀ ਕੋਸ਼ਿਸ਼ ਕਰਨਗੇ।
57 ਸਾਲਾ ਜਾਨ ਬਰੇਨਨ ਪਿੱਛਲੇ ਲੰਬੇ ਸਮੇਂ ਤੋਂ ਰਾਸ਼ਟਰਪਤੀ ਦੇ ਅੱਤਵਾਦ ਦੇ ਮੁੱਦੇ ਸਬੰਧੀ ਮੁੱਖ ਸਲਾਹਕਾਰ ਰਹੇ ਹਨ।ਲਾਦਿਨ ਨੂੰ ਮਾਰਨ ਦੀ ਯੋਜਨਾ ਵਿੱਚ ਵੀ ਬਰੇਨਨ ਦਾ ਅਹਿਮ ਰੋਲ ਸੀ।