ਬੀਤੇ ਦਿਨ ਪੰਜਾਬ ਸਰਕਾਰ ਨੇ 2013 ਦੀਆਂ ਪੰਜਾਬ ਸਰਕਾਰ ਦੀਆਂ ਛੁੱਟੀਆਂ ਦਾ ਐਲਾਨ ਕੀਤਾ ਹੈ। ਇਸ ‘ਤੇ ਨਿਗਾਹ ਮਾਰਦਿਆਂ ਸਾਫ਼ ਨਜ਼ਰ ਆਉਂਦਾ ਹੈ ਕਿ ਪੰਜਾਬ ਦੀ ਸਰਕਾਰ ਸਿੱਖਾਂ ਨਾਲ ਬਹੁਤ ਜ਼ਿਆਦਾ ਵਿਤਕਰਾ ਕਰਦੀ ਹੈ। ਬਾਦਲ ਸਰਕਾਰ ਵੱਲੋਂ ਐਲਾਨੀਆਂ ਗਈਆਂ 34 ਲਾਜ਼ਮੀ ਛੁੱਟੀਆਂ ਵਿਚੋਂ 24 ਧਾਰਮਿਕ ਛੁੱਟੀਆਂ ਹਨ ਜਿਨ੍ਹਾਂ ਵਿਚੋਂ ਹਿੰਦੂ ਦੇ ਧਾਰਮਿਕ ਤਿਉਹਾਰਾਂ ਦੀਆਂ 10 ਛੁੱਟੀਆਂ (ਸ਼ਿਵਰਾਤ੍ਰੀ, ਹੋਲੀ, ਰਾਮ ਨੌਮੀ, ਮਹਾਂਵੀਰ ਜਯੰਤੀ, ਪਰਸੂ ਰਾਮ ਜਯੰਤੀ, ਜਨਮ ਅਸ਼ਟਮੀ, ਅਗਰਸੈਨ ਜਯੰਤੀ, ਦੁਸਹਿਰਾ, ਦੀਵਾਲੀ, ਵਿਸ਼ਵਕਰਮਾ ਦਿਨ) ਹਨ ਅਤੇ ਸਿੱਖਾਂ ਦੇ ਗੁਰਪੁਰਬਾਂ ਨਾਲ ਸਬੰਧਤ ਸਿਰਫ਼ 6 (ਗੁਰੂ ਗੋਬਿੰਦ ਸਿੰਘ ਜਨਮ ਦਿਨ, ਗੁਰੂ ਅਰਜਨ ਸ਼ਹੀਦੀ ਦਿਨ, ਗੁਰੂ ਗ੍ਰੰਥ ਪ੍ਰਕਾਸ਼ ਦਿਨ, ਗੁਰੂ ਰਾਮਦਾਸ ਜਨਮ ਦਿਨ, ਗੁਰੂ ਨਾਨਕ ਜਨਮ ਦਿਨ, ਗੁਰੂ ਤੇਗ਼ ਬਹਾਦਰ ਸ਼ਹੀਦੀ ਦਿਨ) ਹਨ; ਬਾਕੀ ਧਾਰਮਿਕ ਛੁੱਟੀਆਂ ਵਿਚੋਂ ਮੁਸਲਮਾਨਾਂ ਵਾਸਤੇ 2 (ਈਦ-ਉਲਾ ਜ਼ੁਹਾ ਤੇ ਈਦੁਲ ਫ਼ਿਤਰ/ਬਕਰੀਦ), ਈਸਾਈਆਂ ਵਾਸਤੇ 2 (ਕ੍ਰਿਸਮਸ ਤੇ ਗੁੱਡ ਫ਼ਰਾਈ-ਡੇਅ), ਆਦਿ-ਧਰਮੀਆਂ/ਦਲਿਤਾਂ ਵਾਸਤੇ 4 (ਬਾਬਾ ਰਵਿਦਾਸ, ਬਾਲਮੀਕ ਰਿਸ਼ੀ, ਅੰਬੇਦਕਰ ਜਨਮ ਦਿਨ, ਕਬੀਰ ਜਨਮ ਦਿਨ) ਹਨ।
ਛੁੱਟੀਆਂ ਦਾ ਅਧਾਰ ਕੀ ਹੋਵੇ?
ਪੰਜਾਬ ਦੀ ਅਬਾਦੀ ਦਾ (2001 ਦੀ ਮਰਦਮ-ਸ਼ੁਮਾਰੀ ਮੁਤਾਬਿਕ) 63 ਫ਼ੀ ਸਦੀ ਸਿੱਖ ਹਨ, 33.5% ਹਿੰਦੂ ਹਨ (ਜਿਨ੍ਹਾਂ ਵਿਚੋਂ 20% ਦਲਿਤ ਹਨ, ਯਾਨਿ ਅਖੌਤੀ ਸਵਰਨ ਹਿੰਦੂ ਸਿਰਫ਼ 13% ਹਨ), 2% ਮੁਸਲਮਾਨ, 1.20% ਇਸਾਈ, 0.16% ਜੈਨੀ ਸਨ। 2011 ਵਿਚ ਅੰਕੜੇ 2-3% ਤੋਂ ਵਧ ਫ਼ਰਕ ਨਹੀਂ ਪਏ। ਇਸ ਮੁਤਾਬਿਕ ਪੰਜਾਬ ਵਿਚ ਸਿੱਖ ਆਬਾਦੀ ਹਿੰਦੂ ਆਬਾਦੀ ਤੋਂ 5 ਗੁਣਾ ਵਧ ਹੈ। ਦਲਿਤ ਹਿੰਦੂ ਨਹੀਂ ਹਨ ਤੇ ਉਨ੍ਹਾਂ ਮੁਤਾਬਿਕ ਉਨ੍ਹਾਂ ਦਾ ਧਰਮ ਅਦਿ-ਧਰਮ ਹੈ ਪਰ ਜੇ ਹਿੰਦੂ ਉਨ੍ਹਾਂ ਨੂੰ ਆਪਣਾ ਹਿੱਸਾ ਸਮਝਦੇ ਹੋਣ ਤਾਂ ਵੀ ਉਨ੍ਹਾਂ ਦੋਹਾਂ ਦੀ ਕੁਲ ਅਬਾਦੀ ਨਾਲੋਂ ਸਿੱਖਾਂ ਦੀ ਆਬਾਦੀ ਤਕਰੀਬਨ ਦੁਗਣੀ ਹੈ।
ਇਸ ਨੂੰ ਸਾਹਵੇਂ ਰਖਦਿਆਂ ਜੇ ਪੰਜਾਬ ਸਰਕਾਰ ਦੀਆਂ ਛੁੱਟੀਆਂ ‘ਤੇ ਨਿਗਾਹ ਮਾਰੀਏ ਤਾਂ ਹਿੰਦੂਆਂ ਦੀਆਂ ਧਾਰਮਿਕ ਛੁੱਟੀਆਂ ਦੇ ਮੁਕਾਬਲੇ ਸਿਖਾਂ ਦੀਆਂ ਧਾਰਮਿਕ ਛੁੱਟੀਆਂ ਜੇ (ਆਬਾਦੀ ਦੇ ਹਿਸਾਬ ਨਾਲ) 5 ਗੁਣਾ ਹੋਣੀਆਂ ਚਾਹੀਦੀਆਂ ਹਨ (ਪਰ ਉਨ੍ਹਾਂ ਨੂੰ ਹਿੰਦੂਆਂ ਤੋਂ ਅੱਧੀਆਂ ਛੁੱਟੀਆਂ ਮਿਲੀਆਂ ਹਨ ਯਾਨਿ ਸਿੱਖਾਂ ਨੂੰ ਉਨ੍ਹਾਂ ਦੇ ਹੱਕ ਦਾ ਹਿੰਦੂਆਂ ਦੇ ਮੁਕਾਬਲੇ ਵਿਚ ਸਿਰਫ਼ 10ਵਾਂ ਹਿੱਸਾ ਮਿਲਿਆ ਹੈ। ਇਸ ਹਿਸਾਬ ਨਾਲ ਸਿੱਖ, ਜੋ ਸਿਰਫ਼ ਪੰਜਾਬ ਵਿਚ ਹੀ ਅਕਸਰੀਅਤ (ਬਹੁ-ਗਿਣਤੀ) ਵਿਚ ਹਨ, ਉਨ੍ਹਾਂ ਨਾਲ ਬੇਹੱਦ ਵਿਤਕਰਾ ਕੀਤਾ ਗਿਆ ਹੈ। ਦਲਿਤਾਂ ਦੀਆਂ ਛੁੱਟੀਆਂ ਵਿਚ ਵੀ ਇਕ ਪੰਜਾਬੀ ਦਲਿਤ (ਗਿਆਨੀ ਦਿੱਤ ਸਿੰਘ ਦੇ ਜਨਮ ਦਿਨ) ਦੀ ਛੁੱਟੀ ਵੀ ਚਾਹੀਦੀ ਹੈ।
ਬਹੁ ਗਿਣਤੀ ਵਾਲਿਆਂ ਅਤੇ ਅਖੌਤੀ ਨੈਸ਼ਨਲਿਸਟਾਂ ਦੀ ਇਕ ਢੁੱਚਰ (ਚਲੋ ‘ਦਲੀਲ’ ਹੀ ਸਹੀ) ਅਕਸਰ ਇਹ ਹੁੰਦੀ ਹੈ ਕਿ ਧਰਮ ਦਾ ਮਸਲਾ ਨਾ ਖੜਾ ਕਰੋ ਜੀ। ਚਲੋ ਜੇ ਇਹ ਨੁਕਤਾ ਮੰਨ ਲੈਂਦੇ ਹਾਂ ਤਾਂ ਫਿਰ ਛੁੱਟੀਆਂ ਦਾ ਅਧਾਰ ਕੀ ਹੋਣਾ ਚਾਹੀਦਾ ਹੈ? ਛੁੱਟੀਆਂ ਸਬੰਧੀ ਧਰਮ ਤੋਂ ਇਲਾਵਾ ਦੋ ਅਧਾਰ ਹੋ ਸਕਦੇ ਹਨ: ਉਸ ਸੂਬੇ ਦੀ ਤਵਾਰੀਖ਼ ਅਤੇ ਜਾਂ ਉਸ ਦਾ ਕਲਚਰਲ ਪੱਖ। ਤਵਾਰੀਖ਼ ਦੇ ਹਿਸਾਬ ਨਾਲ ਵੀ ਇਸ ਸੂਬੇ ਨੂੰ ਸਿੱਖਾਂ ਦੀ ਦੇਣ 90% ਹੈ, ਮੁਸਲਮਾਨਾਂ ਤੇ ਹਿੰਦੂਆਂ ਦੀ ਕੁਲ ਮਿਲਾ ਕੇ 10%। ਇੰਞ ਹੀ ਜੇ ਕਲਚਰ ਦੇ ਸਬੰਧ ਵਿਚ ਗੱਲ ਕੀਤੀ ਜਾਏ ਤਾਂ ਇਥੋਂ ਦਾ ਮੁਕਾਮੀ ਕਲਚਰ ਗੁਰੂ ਕਲਚਰ ਹੈ ਹਿੰਦੂ ਕਲਚਰ ਨਹੀਂ। ਸੋ ਇਸ ਹਿਸਾਬ ਨਾਲ ਵੀ ਛੁੱਟੀਆਂ ਦਾ ਤਨਾਸਬ (ਅਨੁਪਾਤ) ਗ਼ਲਤ ਹੈ ਅਤੇ ਸਿੱਖਾਂ ਨਾਲ ਘੋਰ ਵਿਤਕਰਾ ਹੈ।
ਇਕ ਹੋਰ ਪੱਖ ਵੀ ਲਿਆ ਜਾ ਸਕਦਾ ਹੈ ਕਿ ਪੰਜਾਬ ਦੀ ਧਾਰਮਿਕ ਤਵਾਰੀਖ਼ ਵਿਚ ਹੋਈਆਂ ਅਹਿਮ ਘਟਨਾਵਾਂ ਦੇ ਹਿਸਾਬ ਨਾਲ ਛੁੱਟੀਆਂ ਕੀਤੀਆਂ ਜਾਣ। ਇਸ ਹਿਸਾਬ ਨਾਲ ਵੀ ਪੰਜਾਬ ਦੀ ਧਾਰਮਿਕ ਤਵਾਰੀਖ਼ ਸਿਰਫ਼ ਸਿੱਖ ਤਵਾਰੀਖ਼ ਹੀ ਹੈ, ਸਿਰਫ਼ ਸਿੱਖ ਧਰਮ ਹੀ ਏਥੇ ਪੈਦਾ ਹੋਇਆ ਹੈ ਅਤੇ ਬਾਕੀ ਦੇ ਸਾਰੇ ਧਰਮ ਪੰਜਾਬੋਂ ਬਾਹਰ ਦੇ (ਯਾਨਿ ਪਰਦੇਸੀ) ਹਨ।
ਇਸ ਕਰ ਕੇ ਪੰਜਾਬ ਵਿਚ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦਿਨ, ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸ਼ਹੀਦੀ ਦਿਨ, ਭਾਈ ਮਨੀ ਸਿੰਘ (ਜਿਨ੍ਹਾਂ ਦੇ ਪਰਵਾਰ ਨੇ 55 ਤੋਂ ਵਧ ਸ਼ਹੀਦੀਆਂ ਦਿੱਤੀਆਂ) ਦੇ ਸ਼ਹੀਦੀ ਦਿਨ, (ਵਿਦੇਸ਼ੀ ਹਕੂਮਤਾਂ ਤੋਂ ਆਜ਼ਾਦੀ ਦਿਵਾਉਣ ਵਾਲੇ ਪਹਿਲੇ ਹੀਰੋ) ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਨ, ਨਵਾਬ ਕਪੂਰ ਸਿੰਘ, ਜੱਸਾ ਸਿੰਘ ਆਹਲੂਵਾਲੀਆ ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ, ਸ਼ਾਮ ਸਿੰਘ ਅਟਾਰੀਵਾਲਾ ਅਤੇ ਭਾਈ ਮਹਾਰਾਜ ਸਿੰਘ ਦੇ ਸ਼ਹੀਦੀ ਦਿਨਾਂ ਅਤੇ ਮਾਸਟਰ ਤਾਰਾ ਸਿੰਘ ਦੇ ਜਨਮ ਦਿਨ ‘ਤੇ ਲਾਜ਼ਮੀ ਛੁੱਟੀਆਂ ਬਣਦੀਆਂ ਹਨ। ਇਨ੍ਹਾਂ ਸਾਰਿਆਂ ਦਾ ਪੰਜਾਬ ਦੀ ਆਜ਼ਦੀ, ਭਾਰਤ ਨੂੰ ਵਿਦੇਸ਼ੀਆਂ ਤੋਂ ਅਜ਼ਾਦ ਕਰਵਾਉਣ ਅਤੇ ਪੰਜਾਬ ਦੀ ਤਵਾਰੀਖ਼ ਅਤੇ ਕਲਚਰ ਵਿਚ ਵੱਡਾ ਰੋਲ ਹੈ। ਇੰਞ ਹੀ ਦਲਿਤਾਂ ਦੀਆਂ ਛੁੱਟੀਆਂ ਵਿਚ ਇਕ ਛੁੱਟੀ ਪੰਜਾਬੀ ਦਲਿਤ ਦੀ ਵੀ ਚਾਹੀਦੀ ਹੈ। ਗਿਆਨੀ ਦਿੱਤ ਸਿੰਘ ਦੇ ਜਨਮ ਦਿਨ ‘ਤੇ ਛੁੱਟੀ ਕਰਨੀ ਚਾਹੀਦੀ ਹੈ।
ਪਰ ਕਮਾਲ ਦੀ ਇਕ ਹੋਰ ਗੱਲ ਹੈ ਕਿ ਭਗਤ ਸਿੰਘ ਦੇ ਜਨਮ ਦਿਨ ਅਤੇ ਸ਼ਹੀਦੀ ਦਿਨ ਦੋਹਾਂ ਦੀ ਛੁੱਟੀ ਹੈ। ਇਸ ਹਿਸਾਬ ਨਾਲ ਪੰਜਾਬ ਸਰਕਾਰ ਵਾਸਤੇ ਭਗਤ ਸਿੰਘ ਗੁਰੂ ਅਰਜਨ ਸਾਹਿਬ ਤੇ ਗੁਰੂ ਤੇਗ਼ ਬਹਾਦਰ ਤੋਂ ਵੀ ਵੱਡਾ ਹੈ ਕਿਉਂ ਕਿ ਉਨ੍ਹਾਂ ਦੋਹਾਂ ਸ਼ਹੀਦ ਗੁਰੂਆਂ ਵਾਸਤੇ ਸਿਰਫ਼ ਇਕ-ਇਕ ਛੁੱਟੀ ਦਿੱਤੀ ਗਈ ਹੈ। ਇੰਞ ਹੀ ਹਿੰਦੂ-ਹੋਲੀ ਵਾਸਤੇ ਤਾਂ ਛੁੱਟੀ ਹੈ ਪਰ ਸਿੱਖ-ਹੋਲਾ ਮਹੱਲਾ ਵਾਸਤੇ ਛੁੱਟੀ ਨਹੀਂ ਹੈ। ਜੇ ਅਕਾਲੀ-ਭਾਜਪਾ ਸਰਕਾਰ ਨੇ ਆਰੀਆ ਸਮਾਜ ਨੂੰ ਖ਼ੁਸ਼ ਕਰਨਾ ਹੀ ਹੈ ਤਾਂ ਭਗਤ ਸਿੰਘ ਦੇ ਜਨਮ ਦਿਨ ਦੀ ਛੁੱਟੀ ਰਾਖਵੀਆਂ ਛੁੱਟੀਆਂ ਵਿਚ ਸ਼ਾਮਿਲ ਕੀਤੀ ਜਾ ਸਕਦੀ ਹੈ।
ਸੋ ਪੰਜਾਬ ਸਰਕਾਰ ਨੇ ਪੰਜਾਬ ਸੂਬੇ ਵਿਚ ਹੀ ਸਿੱਖਾਂ (ਯਾਨਿ ਬਹੁ-ਗਿਣਤੀ) ਲੋਕਾਂ ਨਾਲ ਹੀ ਬੇਹੱਦ ਵਿਤਕਰਾ ਕੀਤਾ ਹੈ। ਜੇ ਪੰਜਾਬ ਸਰਕਾਰ ਨੇ ਸਿੱਖਾਂ ਨਾਲ ਵਿਤਕਰਾ ਖ਼ਤਮ ਕਰਨਾ ਹੈ ਤਾਂ ਇਸ ਨੂੰ ਚਾਹੀਦਾ ਹੈ ਕਿ ਗੁਰੂ ਹਰਿਗੋਬਿੰਦ ਸਾਹਿਬ ਦੇ ਜਨਮ ਦਿਨ (19 ਜੂਨ), ਵੱਡੇ ਤੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਦੇ ਸ਼ਹੀਦੀ ਦਿਨ (21 ਤੇ 26 ਦਸੰਬਰ), ਭਾਈ ਮਨੀ ਸਿੰਘ ਦੇ ਸ਼ਹੀਦੀ ਦਿਨ (24 ਜੂਨ), ਬੰਦਾ ਸਿੰਘ ਬਹਾਦਰ ਦੇ ਸ਼ਹੀਦੀ ਦਿਨ (9 ਜੂਨ), ਨਵਾਬ ਕਪੂਰ ਸਿੰਘ ਦੇ ਸ਼ਹੀਦੀ ਦਿਨ (7 ਅਕਤੂਬਰ), ਜੱਸਾ ਸਿੰਘ ਆਹਲੂਵਾਲੀਆ ਦੇ ਜਨਮ ਦਿਨ (3 ਮਈ) ਅਤੇ ਜੱਸਾ ਸਿੰਘ ਰਾਮਗੜ੍ਹੀਆ ਦੇ ਜਨਮ ਦਿਨ (5 ਮਈ), ਸ਼ਾਮ ਸਿੰਘ ਅਟਾਰੀਵਾਲਾ ਦੇ ਸ਼ਹੀਦੀ ਦਿਨ (10 ਫ਼ਰਵਰੀ), ਭਾਈ ਮਹਾਰਾਜ ਸਿੰਘ ਦੇ ਸ਼ਹੀਦੀ ਦਿਨ (5 ਜੁਲਾਈ), ਮਾਸਟਰ ਤਾਰਾ ਸਿੰਘ ਦੇ ਜਨਮ ਦਿਨ (24 ਜੂਨ) ਗਿਆਨੀ ਦਿੱਤ ਸਿੰਘ ਦਾ ਜਨਮ ਦਿਨ (21 ਅਪ੍ਰੈਲ) ਅਤੇ ਹੋਲਾ ਮਹੱਲਾ ਦੀਆਂ ਛੁੱਟੀਆਂ ਦਾ ਐਲਾਨ ਕਰੇ। ਇਸੇ ਤਰ੍ਹਾਂ 4 ਜੂਨ 1984 ਦੇ ਦਰਬਾਰ ਸਾਹਿਬ ‘ਤੇ ਹਮਲੇ ਦੀ ਛੁੱਟੀ ਵੀ ਹੋਣੀ ਚਾਹੀਦੀ ਹੈ ਅਤੇ ਪਹਿਲੀ ਨਵੰਬਰ ਦਾ ਪੰਜਾਬ ਦਿਨ ‘ਖ਼ੂਨੀ ਨਵੰਬਰ 1984’ ਦੀ ਯਾਦ ਵਿਚ ਘੱਲੂਘਾਰਾ ਦਿਨ ਦੇ ਤੌਰ ‘ਤੇ ਮਨਇਆ ਜਾਣਾ ਚਾਹੀਦਾ ਹੈ। ਇਹ ਛੁੱਟੀਆਂ ਕੀਤੇ ਜਾਣ ਨਾਲ ਹੀ ਸਰਕਾਰੀ ਛੁੱਟੀਆਂ ਦੇ ਮਸਲੇ ‘ਤੇ ਸਿੱਖਾਂ ਅਤੇ ਦਲਿਤਾਂ ਨਾਲ ਵਿਤਕਰਾ ਖ਼ਤਮ ਹੋਵੇਗਾ।