ਰਣਬੀਰ ਦਾ ਕਹਿਣਾ ਹੈ ਕਿ ਵਿਲੇਨ ਦੀ ਜ਼ਿੰਦਗ਼ੀ ਵਧੀਆ ਹੁੰਦੀ ਹੈ। ਉਹ ਅਮੀਰ ਹੁੰਦਾ ਹੈ, ਲੜਕੀਆਂ ‘ਚ ਘਿਰਿਆ ਰਹਿੰਦਾ ਹੈ। ਸਿਰਫ਼ ਉਸਨੂੰ ਅੰਤ ਵਿਚ ਮਰਨਾ ਪੈਂਦਾ ਹੈ। ਵਿਲੇਨ ਦਾ ਰੋਲ ਨਿਭਾਉਣਾ ਮਜ਼ੇਦਾਰ ਹੁੰਦਾ ਹੈ ਅਤੇ ਮੈਂ ਇਕ ਵਾਰ ਬੁਰੇ ਆਦਮੀ ਦਾ ਰੋਲ ਜ਼ਰੂਰ ਕਰਨਾ ਚਾਹਾਂਗਾ। ਇਹ ਵਿਚਾਰ ਉਸਨੇ ਇਕ ਐਵਾਰਡ ਸ਼ੋਅ ਦੇ ਐਲਾਨ ਦੌਰਾਨ ਕਹੇ।
ਰਣਬੀਰ ਪਾਸੋਂ ਜਦੋਂ ਰੀਮੇਕ ਫਿਲਮਾਂ ਵਿਚ ਕਿਰਦਾਰ ਨਾ ਨਿਭਾੳਣ ਸਬੰਧੀ ਪੁਛਿਆ ਤਾਂ ਉਸਨੇ ਕਿਹਾ ਕਿ ਇਸ ਵੇਲੇ ਫਿਲਮ ਇੰਡਸਟਰੀ ਦਾ ਵਧੀਆ ਸਮਾਂ ਚਲ ਰਿਹਾ ਹੈ। ਨਵੀਂ ਸੋਚ ਅਤੇ ਨਵੇਂ ਨਿਰਦੇਸ਼ਕ ਆ ਰਹੇ ਹਨ। ਮੈਂ ਉਹ ਕਿਉਂ ਕਰਾਂ ਜੋ ਪਹਿਲਾਂ ਕੀਤਾ ਜਾ ਚੁਕਿਆ ਹੈ। ਵੈਸੇ ਵੀ ਜੇਕਰ ਮੈਂ ਆਪਣੇ ਪਿਤਾ ਜਾਂ ਅਮਿਤਾਬ ਸਾਹਿਬ ਦੀ ਫਿਲਮ ਕਰਨੀ ਚਾਹਾਂ ਤਾਂ ਮੈਂ ਉਨ੍ਹਾਂ ਤੋਂ ਵਧੀਆ ਰੋਲ ਨਹੀਂ ਕਰ ਸਕਾਂਗਾ। ਫਿਰ ਮੈਂ ਆਪਣੇ ਪੈਰਾਂ ‘ਤੇ ਕੁਹਾੜੀ ਕਿਉਂ ਮਾਰਾਂ। ਰਣਬੀਰ ਨੇ ਕਿਹਾ ਹਾਂ ਜਦੋਂ ਦਸ ਸਾਲ ਬਾਦ ਕੰਮ ਨਹੀਂ ਮਿਲੇਗਾ ਅਤੇ ਸਿਰਫ ਰੀਮੇਕ ਮਿਲੇਗਾ ਉਦੋਂ ਕਰਨਾ ਪਵੇਗਾ।
ਰਣਬੀਰ ਨੇ ਪੁਰਾਣੀਆਂ ਫਿਲਮਾਂ ਦੇ ਦੋ ਕਿਰਦਾਰਾਂ ਦਾ ਜ਼ਿਕਰ ਕੀਤਾ। ਜਿਨ੍ਹਾਂ ਚੋਂ ਇਕ ਤਾਂ ਉਹ ਆਪਣੇ ਦਾਦਾ ਰਾਜਕਪੂਰ ਦੇ ਸ੍ਰੀ 420 ਵਾਲਾ ਰੋਲ ਅਤੇ ਦੂਜਾ ਹੈ ਮੋਗਾਂਬੋ ਦਾ ਕਿਰਦਾਰ ਉਹ ਨਿਭਾਉਣਾ ਚਾਹੇਗਾ।
ਰਣਬੀਰ ਕਪੂਰ ਜਲਦੀ ਹੀ ਕਿਸ਼ੋਰ ਕੁਮਾਰ ਦੇ ਜੀਵਨ ‘ਤੇ ਅਧਾਰਤ ਫਿਲਮ ਵਿਚ ਨਜ਼ਰ ਆਉਣਗੇ। ਇਸ ਨੂੰ ਅਨੁਰਾਗ ਬਸੂ ਬਣਾ ਰਹੇ ਹਨ। ਇਸ ਸਬੰਧੀ ਉਸਨੇ ਕਿਹਾ ਕਿ ਮੈਂ ਇਕ ਮਹਾਨ ਕਲਾਕਾਰ ਦਾ ਰੋਲ ਨਿਭਾ ਰਿਹਾ ਹਾਂ। ਮੇਰੀ ਪੂਰੀ ਕੋਸ਼ਿਸ਼ ਹੋਵੇਗੀ ਕਿ ਮੈਂ ਉਨ੍ਹਾਂ ਨਾਲ ਨਿਆਂ ਕਰ ਸਕਾਂ।
ਇਸ ਸਮੇਂ ਰਣਬੀਰ ‘ਯੇ ਜਵਾਨੀ ਹੈ ਦੀਵਾਨੀ’ ਅਤੇ ‘ਬੇਸ਼ਰਮ’ ਫਿਲਮਾਂ ਵਿਚ ਕੰਮ ਕਰ ਰਹੇ ਹਨ।