ਬੀਤੇ ਦਿਨੀਂ ਜਲੰਧਰ ਵਿਖੇ ਹੋਏ ਪ੍ਰਵਾਸੀ ਭਾਰਤੀ ਸੰਮੇਲਨ ਨੂੰ ਸੰਬੋਧਨ ਕਰਦਿਆਂ ਪੰਜਾਬ ਦੇ ਮੁੱਖ ਮੰਤ੍ਰੀ ਅਤੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਸਰਪ੍ਰਸਤ ਸ. ਪ੍ਰਕਾਸ਼ ਸਿੰਘ ਬਾਦਲ ਨੇ ਮੂਲ ਵਿਸ਼ੇ ਤੋਂ ਬਾਹਰ ਜਾ, ਜੋ ਕੁਝ ਕਿਹਾ, ਉਸਨੂੰ ਲੈ ਕੇ ਅਕਾਲੀ ਰਾਜਨੀਤੀ ਵਿੱਚ ਇਹ ਚਰਚਾ ਛਿੜ ਪਈ ਹੈ ਕਿ ਕੀ ਸ. ਪ੍ਰਕਾਸ਼ ਸਿੰਘ ਬਾਦਲ ਆਪਣੇ ਬੇਟੇ ਸ. ਸੁਖਬੀਰ ਸਿੰਘ ਬਾਦਲ ਅਤੇ ਉਸਦੇ ਸਾਲੇ ਸ. ਬਿਕਰਮਜੀਤ ਸਿੰਘ ਮਜੀਠੀਆ ਵਲੋਂ ਆਪਣੇ-ਆਪਨੂੰ ਹਾਸ਼ੀਏ ਵਿੱਚ ਧੱਕ ਦਿੱਤੇ ਜਾਣ ਦੇ ਰਾਹ ਤੇ ਤੁਰ ਪੈਣ ਤੋਂ ਦੁਖੀ ਹੋ, ਉਸ ਮੰਚ ਤੇ ਉਹ ਬਹੁਤਾ ਕੁਝ ਅਜਿਹਾ ਕਹਿ ਗਏ, ਜਿਸ ਮੰਚ ਤੇ ਉਨ੍ਹਾਂ ਨੂੰ ‘ਘਰੇਲੂ’ (ਪਾਰਟੀ) ਮੁੱਦਿਆਂ ਨੂੰ ਛੋਹਣਾ ਨਹੀਂ ਸੀ ਚਾਹੀਦਾ? ਮੀਡੀਆ ਅਨੁਸਾਰ ਉਨ੍ਹਾਂ ਸ. ਮਜੀਠੀਆ ਨੂੰ ਸੰਬੋਧਨ ਕਰਦਿਆਂ ਪੁਛਿਆ ਕਿ ‘ਮਜੀਠੀਆ ਸਾਹਿਬ, ਕਦੇ ਜੇਲ੍ਹ ਗਏ ਹੋ? ਮੈਂ 17 ਸਾਲ ਜੇਲ੍ਹ ਗਿਆ ਹਾਂ। ਪਾਰਟੀ ਦੇ ਸੀਨੀਅਰ ਆਗੂ ਸੁਖਦੇਵ ਸਿੰਘ ਢੀਂਡਸਾ, ਬਲਵਿੰਦਰ ਸਿੰਘ ਭੂੰਦੜ, ਅਜੀਤ ਸਿੰਘ ਕੋਹਾੜ ਆਦਿ ਕਈ ਜੇਲ੍ਹ ਗਏ ਸਨ। ਤੁਹਾਨੂੰ ਤਾਂ ਪਕੀ ਪਕਾਈ ਮਿਲ ਗਈ’। ਉਨ੍ਹਾਂ ਕਿਹਾ ਕਿ ‘ਇਕੱਲੇ ਵਿਕਾਸ ਨਾਲ ਹੀ ਵੋਟਾਂ ਨਹੀਂ ਮਿਲਦੀਆਂ। ਸਾਰੇ ਫਿਰਕਿਆਂ, ਜਾਤਾਂ ਅਤੇ ਵਰਗਾਂ ਦੇ ਲੋਕਾਂ ਨੂੰ ਨਾਲ ਲੈ ਕੇ ਚਲਣਾ ਪੈਂਦਾ ਹੈ ਅਤੇ ਸਭਨਾਂ ਲਈ ਕੁਝ ਨਾ ਕੁਝ ਕਰਨਾ ਹੁੰਦਾ ਹੈ। ਤਾਂ ਹੀ ਲੋਕੀ ਵੋਟਾਂ ਪਾਂਦੇ ਹਨ। ਅਸੀਂ ਪਿਛਲੀ ਵਾਰ ਇਹੀ ਸਭ ਕੁਝ ਕੀਤਾ ਸੀ’।
ਇਸ ਤੋਂ ਦੋ ਦਿਨ ਬਾਅਦ ਸ. ਪ੍ਰਕਾਸ਼ ਸਿੰਘ ਬਾਦਲ ਨੇ ਪਤ੍ਰਕਾਰਾਂ ਨਾਲ ਹੋਈ ਮਿਲਣੀ ਦੌਰਾਨ ਕਿਹਾ ਕਿ ਸੰਮੇਲਨ ਦੌਰਾਨ ਉਨ੍ਹਾਂ ਜੋ ਕੁਝ ਕਿਹਾ ਉਹ ਸਹਿਜ ਸੁਭਾ ਹੀ ਸੀ। ਉਨ੍ਹਾਂ ਕਦੀ ਕੋਈ ਗਲ ਦਿਲ ਵਿੱਚ ਛੁਪਾ ਕੇ ਨਹੀਂ ਰਖੀ। ਉਨ੍ਹਾਂ ਹੋਰ ਕਿਹਾ ਕਿ ਸਮੇਂ ਮੁਤਾਬਕ ਬਿਨਾਂ ਸ਼ਕ ਸਾਰਾ ਕੁਝ ਨਵੀਂ ਪੀੜ੍ਹੀ ਦੇ ਨੌਜਵਾਨਾਂ ਨੇ ਹੀ ਸੰਭਾਲਣਾ ਹੈ, ਜਿਨ੍ਹਾਂ ਵਿੱਚ ਸੁਖਬੀਰ ਸਿੰਘ ਬਾਦਲ, ਬਿਕਰਮਜੀਤ ਸਿੰਘ ਮਜੀਠੀਆ ਅਤੇ ਪਰਮਿੰਦਰ ਸਿੰਘ ਢੀਂਡਸਾ ਆਦਿ ਕਈ ਹਨ, ਪਰ ਸੁਖਦੇਵ ਸਿੰਘ ਢੀਂਡਸਾ, ਰਣਜੀਤ ਸਿੰਘ ਬ੍ਰਹਮਪੁਰਾ, ਬਲਵਿੰਦਰ ਸਿੰਘ ਭੂੰਦੜ ਆਦਿ ਦੀਆਂ ਕੁਰਬਾਨੀਆਂ ਨੂੰ ਵੀ ਤਾਂ ਨਹੀਂ ਭੁਲਾਇਆ ਜਾ ਸਕਦਾ। ਜਿਨ੍ਹਾਂ ਆਗੂਆਂ ਨੇ ਕੁਰਬਾਨੀਆਂ ਕੀਤੀਆਂ ਹਨ, ਉਨ੍ਹਾਂ ਨੂੰ ਪਹਿਲ ਦਿੱਤੀ ਜਾਣੀ ਚਾਹੀਦੀ ਹੈ।
ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਗਟ ਕੀਤੇ ਗਏ ਇਨ੍ਹਾਂ ਵਿਚਾਰਾਂ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਸ. ਸੁਖਬੀਰ ਸਿੰਘ ਬਾਦਲ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆ, ਯੂਥ ਕੇਡਰ ਨੂੰ ਆਪਣੇ ਪ੍ਰਭਾਵ ਹੇਠ ਲਿਆ, ਉਨ੍ਹਾਂ ਨੂੰ ਅਤੇ ਉਨ੍ਹਾਂ ਨਾਲ ਲੰਮੇਂ ਸਮੇਂ ਤੋਂ ਨਿਭਦੇ ਚਲੇ ਆ ਰਹੇ ਟਕਸਾਲੀ ਤੇ ਸੀਨੀਅਰ ਅਕਾਲੀ ਆਗੂਆਂ ਨੂੰ ਕਿਨਾਰੇ ਕਰ ਦੇਣ ਦੇ ਜਿਸ ਰਾਹ ਤੇ ਅਗੇ ਵਧਦੇ ਜਾ ਰਹੇ ਹਨ, ਉਹ ਉਨ੍ਹਾਂ ਲਈ ਅਸਹਿ ਹੋ ਗਿਆ ਹੋਇਆ ਹੈ। ਜਾਪਦਾ ਹੈ ਕਿ ਪਿਛਲੇ ਦਿਨੀਂ ਜਦੋਂ ਪੰਜਾਬ ਵਿਧਾਨ ਸਭਾ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਅਤੇ ਕਾਂਗ੍ਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ, ਜੋ ਲੰਮੇਂ ਸਮੇਂ ਤਕ ਸ. ਬਾਦਲ ਦੇ ਨਜ਼ਦੀਕੀ ਚਲੇ ਆ ਰਹੇ ਸਨ, ਵਿਚ ਗਾਲੀ-ਗਲੋਚ ਹੋ ਰਹੀ ਸੀ, ਤਾਂ ਉਹ ਉਸ ਦੌਰਾਨ ਆਪਣੀ ਸੀਟ ਤੋਂ ਉਠ ਸਥਿਤੀ ਨੂੰ ਸੰਭਾਲਣ ਲਈ ਕੁਝ ਕਹਿਣਾ ਚਾਹੁੰਦੇ ਸਨ, ਪਰ ਸ. ਸੁਖਬੀਰ ਸਿੰਘ ਬਾਦਲ ਨੇ ਜਿਵੇਂ ਉਨ੍ਹਾਂ ਨੂੰ ਬੋਲਣ ਤੋਂ ਰੋਕਿਆ ਅਤੇ ਵਾਸ ਕੁਰਸੀ ਤੇ ਜਾ ਬੈਠਣ ਲਈ ਮਜਬੂਰ ਕਰ ਦਿੱਤਾ, ਉਸਤੋਂ ਉਹ ਬਹੁਤ ਦੁਖੀ ਹੋ ਗਏ ਸਨ। ਉਸ ਸਮੇਂ ਤੋੰ ਹੀ ਉਹ ਕਿਸੇ ਅਜਿਹੇ ਮੰਚ ਦਾ ਇੰਤਜ਼ਾਰ ਵਿੱਚ ਸਨ, ਜਿਥੇ ਉਹ ਆਪਣੇ ਦਿਲ ਦੀ ਗਲ ਕਹਿ ਸਕਣ ਅਤੇ ਉਹ ਮੰਚ ਉਨ੍ਹਾਂ ਨੂੰ ਪ੍ਰਵਾਸੀ ਭਾਰਤੀਆਂ ਦੇ ਜਲੰਧਰ ਵਿਚ ਹੋਏ ਸੰਮੇਲਨ ਦੌਰਾਨ ਮਿਲ ਗਿਆ। ਜਿਥੇ ਉਹ ਆਪਣੇ ਦਿਲ ਦਾ ਦੁਖ ਬਿਆਨ ਕੀਤੇ ਬਿਨਾਂ ਨਾ ਰਹਿ ਸਕੇ।
ਜੇਂ ਕੁਝ ਪਿਛੇ ਵਲ ਝਾਤ ਮਾਰੀ ਜਾਏ ਤਾਂ ਇਹ ਗਲ ਉਭਰ, ਸਾਹਮਣੇ ਆਉਂਦੀ ਹੈ ਕਿ ਪਿਛਲੇ ਵਰ੍ਹੈ ਦੇ ਅਰੰਭ ਵਿੱਚ ਜਦੋਂ ਸ਼੍ਰਮਣੀ ਅਕਾਲੀ ਦਲ (ਬਾਦਲ) ਮੁੜ ਪੰਜਾਬ ਦੀ ਸੱਤਾ ਪੁਰ ਕਾਬਜ਼ ਹੋਣ ਵਿੱਚ ਸਫਲ ਹੋ ਗਿਆ ਸੀ ਤਾਂ ਸ. ਪ੍ਰਕਾਸ਼ ਸਿੰਘ ਬਾਦਲ ਨੇ ਪੁਤ੍ਰ-ਮੋਹ ਵਿੱਚ ਇਸ ਸਫਲਤਾ ਦਾ ਸੇਹਰਾ ਸ. ਸੁਖਬੀਰ ਸਿੰਘ ਬਾਦਲ ਦੇ ਸਿਰ ਬੰਨ੍ਹ ਪਾਰਟੀ ਵਿੱਚ ਉਸਦਾ ਕਦ ਵਧਾਉਣ ਵਿੱਚ ਕੋਈ ਕਸਰ ਨਹੀਂ ਸੀ ਛੱਡੀ। ਹਾਲਾਂਕਿ ਇਹ ਜਿੱਤ ਸ. ਸੁਖਬੀਰ ਸਿੰਘ ਦੀ ਨਹੀਂ, ਸ. ਪ੍ਰਕਾਸ਼ ਸਿੰਘ ਬਾਦਲ ਦੀ ਸੀ। ਦਸਿਆ ਜਾਂਦਾ ਹੈ ਕਿ ਉਨ੍ਹਾਂ ਨੂੰ ਵਿਸ਼ਵਾਸ ਸੀ ਕਿ ਜਿਵੇਂ ਉਨ੍ਹਾਂ ਸ. ਸੁਖਬੀਰ ਸਿੰਘ ਦਾ ਮਾਣ ਵਧਾਉਣ ਲਈ ਜਿਤ ਦਾ ਸਾਰਾ ਸੇਹਰਾ ਉਸਦੇ ਸਿਰ ਬੰਨ੍ਹ ਦਿੱਤਾ ਹੈ, ਉਸੇ ਤਰ੍ਹਾਂ ਉਹ ਵੀ ਉਨ੍ਹਾਂ ਦਾ ਸਨਮਾਨ ਕਾਇਮ ਰਖੇਗਾ ਅਤੇ ਉਨ੍ਹਾਂ ਦੀ ਸਲਾਹ ਅਤੇ ਉਨ੍ਹਾਂ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਸਰਕਾਰ ਅਤੇ ਪਾਰਟੀ ਦੀ ਅਗਵਾਈ ਕਰੇਗਾ। ਇਸੇ ਵਿਸ਼ਵਾਸ ਨੂੰ ਮੁਖ ਰਖ ਉਹ ਮੁੱਖ ਮੰਤ੍ਰੀ ਵਜੋਂ ਜਦੋਂ ਵੀ ਪ੍ਰਧਾਨ ਮੰਤਰੀ ਜਾਂ ਹੋਰ ਕੇਂਦਰੀ ਮੰਤ੍ਰੀਆਂ ਨੂੰ ਮਿਲਣ ਲਈ ਦਿੱਲੀ ਪਹੁੰਚਦੇ ਤਾਂ ਸ. ਸੁਖਬੀਰ ਸਿੰਘ ਬਾਦਲ ਉਨ੍ਹਾਂ ਨਾਲ ਜ਼ਰੂਰ ਹੁੰਦੇ। ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਆਪਣੇ ਵਿਸ਼ਵਾਸ ਦੇ ਆਧਾਰ ਤੇ ਚੁਕੇ ਜਾ ਰਹੇ ਕਦਮਾਂ ਤੋਂ ਸ. ਸੁਖਬੀਰ ਸਿੰਘ ਬਾਦਲ ਨੂੰ ਇਹ ਵਹਿਮ ਹੋ ਗਿਆ ਕਿ ਉਨ੍ਹਾਂ ਦੇ ਪਿਤਾ ਨੇ ਪਾਰਟੀ ਤੋਂ ਬਾਅਦ ਸਰਕਾਰ ਵੀ ਵਰਾਸਤ ਵਜੋਂ ਉਨ੍ਹਾਂ ਨੂੰ ਸੌਂਪ ਦਿੱਤੀ ਹੈ ਅਤੇ ਉਹ ਇਨ੍ਹਾਂ ਮੁਲਾਕਾਤਾਂ ਵਿੱਚ ਕੇਵਲ ਮੁਖ ਮੰਤ੍ਰੀ ਵਜੋਂ ਸਾਥ ਦੇਣ ਆਉਂਦੇ ਹਨ। ਅਸਲ ਵਿੱਚ ਸਾਰੀ ਗਲ ਤਾਂ ਉਨ੍ਹਾਂ (ਸੁਖਬੀਰ ਸਿੰਘ) ਨੇ ਹੀ ਕਰਨੀ ਹੁੰਦੀ ਹੈ। ਜਵਾਨੀ ਦੇ ਜੋਸ਼ ਵਿੱਚ ਵਹਿ ਉਹ ਇਹ ਭੁਲ ਗਏ ਕਿ ਸ. ਪ੍ਰਕਾਸ਼ ਸਿੰਘ ਬਾਦਲ ਉਨ੍ਹਾਂ ਨਾਲ ਰਹਿ ਉਨ੍ਹਾਂ ਨੂੰ ਸਰਕਾਰ ਚਲਾਣ ਦੀ ਟਰੇਨਿੰਗ ਦੇ ਰਹੇ ਹਨ। ਉਧਰ ਸ. ਸੁਖਬੀਰ ਸਿੰਘ ਬਾਦਲ ਦੀ ਇਸ ਕਮਜ਼ੋਰੀ ਦਾ ਲਾਭ ਉਨ੍ਹਾਂ ਦੇ ਸਾਲੇ ਸ. ਬਿਕਰਮਜੀਤ ਸਿੰਘ ਮਜੀਠੀਆ ਨੇ ਉਠਾਇਆ ’ਤੇ ਯੂਥ ਕੇਡਰ ਨੂੰ ਆਪਣੀ ਸਰਪ੍ਰਸਤੀ ਹੇਠ ਲਿਆ, ਉਨ੍ਹਾਂ (ਸੁਖਬੀਰ ਸਿੰਘ) ਨੂੰ ਆਪਣੇ ਪਿਛੇ ਖੜੇ ਹੋਣ ਤੇ ਮਜਬੂਰ ਕਰ ਦਿੱਤਾ। ਉਸੇ ਦਾ ਹੀ ਨਤੀਜਾ ਹੈ ਕਿ ਦਲ ਦੇ ਯੂਥ ਵਿੰਗ ਦੇ ਮੁਖੀ ਆਪ-ਹੁਦਰੀਆਂ ਕਰਨ ਤੇ ਤੁਲ ਬੈਠੇ ਹਨ। ਫਲਸਰੂਪ ਪਾਰਟੀ ਦੇ ਨਾਲ ਹੀ ਸਰਕਾਰ ਨੂੰ ਵੀ ਕਟਹਿਰੇ ਵਿੱਚ ਖੜਿਆਂ ਕੀਤਾ ਜਾਣ ਲਗਾ ਹੈ। ਉਧਰ ਗਠਜੋੜ ਦੀ ਪਾਰਟੀ ਭਾਜਪਾ ਦੇ ਆਗੂ ਵੀ ਨਾਰਾਜ਼ ਹੋ ਕਚੀਚੀਆਂ ਵਟਣ ਤੇ ਮਜਬੂਰ ਹੋ ਰਹੇ ਹਨ।
ਇਨ੍ਹਾਂ ਹਾਲਾਤ ਦਾ ਅਨੁਮਾਨ ਲਾਉਂਦਿਆਂ, ਪੰਜਾਬ ਵਿਧਾਨ ਸਭਾ ਵਿੱਚ ਜੋ ਕੁਝ ਹੋਇਆ ਉਸਦਾ ਸੰਕੇਤ-ਮਾਤ੍ਰ ਜ਼ਿਕਰ ਕਰਦਿਆਂ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਚਿਤਾਵਨੀ ਦਿੱਤੀ ਗਈ ਸੀ ਕਿ ਉਹ ਸਮਾਂ ਰਹਿੰਦਿਆਂ ਸਥਿਤੀ ਨੂੰ ਸੰਭਾਲਣ। ਇਸ ਚਿਤਾਵਨੀ ਪੁਰ ਚਰਚਾ ਕਰਦਿਆਂ ਇੱਕ ਸੀਨੀਅਰ ਅਤੇ ਟਕਸਾਲੀ ਅਕਾਲੀ ਨੇਤਾ ਨੇ ਦਸਿਆ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਵਾਗਡੋਰ ਸ. ਪ੍ਰਕਾਸ਼ ਸਿੰਘ ਬਾਦਲ ਦੇ ਹੱਥੋਂ ਨਿਕਲ ਚੁਕੀ ਹੈ। ਹੁਣ ਦਲ ਵਿੱਚ ਉਹੀ ਕੁਝ ਹੁੰਦਾ ਹੈ ਅਤੇ ਹੋ ਰਿਹਾ ਹੈ, ਜੋ ਸ. ਸੁਖਬੀਰ ਸਿੰਘ ਬਾਦਲ ਚਾਹੁੰਦੇ ਹਨ। ਉਨ੍ਹਾਂ ਇਹ ਵੀ ਦਸਿਆ ਕਿ ਸੱਚ ਮੰਨੋਂ ਤਾਂ ਦਲ ਦੀ ਲਗਾਮ ਅਸਲ ਵਿੱਚ ਸ. ਬਿਕਰਮਜੀਤ ਸਿੰਘ ਮਜੀਠੀਆ ਦੇ ਹੱਥਾਂ ਵਿੱਚ ਪਹੁੰਚ ਚੁਕੀ ਹੈ ਅਤੇ ਦਲ ਦੇ ਸੀਨੀਅਰ ਅਤੇ ਟਕਸਾਲੀ ਨੇਤਾ ਹਾਸ਼ੀਏ ਵਿੱਚ ਧੱਕ ਦਿੱਤੇ ਗਏ ਹੋਏ ਹੈ ਅਤੇ ਬਾਦਲ ਅਕਾਲੀ ਦਲ ਦੀ ਸਮਚੀ ਸ਼ਕਤੀ ਦਲ ਦੇ ਯੂਥ ਕੇਡਰ ਦੇ ਹਥਾਂ ਵਿੱਚ ਜਾ ਚੁਕੀ ਹੈ, ਜਿਸਨੂੰ ਸ. ਮਜੀਠੀਆ ਦੀ ਪੂਰੀ ਸਰਪ੍ਰਸਤੀ ਹਾਸਲ ਹੈ। ਯੂਥ ਕੇਡਰ ਉਹੀ ਕੁਝ ਕਹਿੰਦਾ ਅਤੇ ਕਰਦਾ ਹੈ, ਜੋ ਸ. ਮਜੀਠੀਆ ਚਾਹੁੰਦੇ ਹਨ ਅਤੇ ਉਨ੍ਹਾਂ ਦੇ ਹਿਤ ਵਿੱਚ ਹੁੰਦਾ ਹੈ। ਉਧਰ ਜਦੋਂ ਵੀ ਦਲ ਦੇ ਕਿਸੇ ਯੁਵਾ ਪੁਰ ਕੋਈ ਹਰਫ ਆਂਉਂਦਾ ਹੈ, ਜਾਂ ਕਿਸੇ ਸਕੈਂਡਲ ਵਿੱਚ ਫਸਦਾ ਹੈ ਤਾਂ ਸ. ਮਜੀਠੀਆ ਉਸ ਨਾਲ ਦ੍ਰਿੜ੍ਹ਼ਤਾ ਨਾਲ ਖੜੇ ਨਜ਼ਰ ਆਉਂਦੇ ਹਨ। ਇਹ ਗਲ ਕਿਸੇ ਤੋਂ ਲੁਕੀ-ਛਿਪੀ ਨਹੀਂ ਕਿ ਪੰਜਾਬ ਵਿੱਚ ਬਾਦਲ ਅਕਾਲੀ ਦਲ ਦਾ ਯੁਵਾ ਕੇਡਰ ਕੀ ਕਰ ਰਿਹਾ ਹੈ? ਉਧਰ ਜਦੋਂ ਸ. ਮਜੀਠੀਆ ਵਲ ਕੋਈ ਉਂਗਲ ਉਠਾਂਦਾ ਹੈ ਤਾਂ ਦਲ ਦੇ ਪ੍ਰਧਾਨ ਸ. ਸਖਬੀਰ ਸਿੰਘ ਬਾਦਲ ਵੀ ਉਸਦੀ ਢਾਲ ਬਣ ਖੜੇ ਹੋ ਜਾਂਦੇ ਹਨ। ਉਸੇ ਅਕਾਲੀ ਨੇਤਾ ਅਨੁਸਾਰ ਇਹੀ ਗਲ ਪਿਛਲੇ ਦਿਨੋਂ ਵਿਧਾਨ ਸਭਾ ਵਿੱਚ ਦੇਖੀ ਜਾ ਚੁਕੀ ਹੈ, ਜਦੋਂ ਸ. ਸੁਖਬੀਰ ਸਿੰਘ ਬਾਦਲ ਨੇ ਰਾਣਾ ਗੁਰਜੀਤ ਸਿੰਘ ਅਤੇ ਸ. ਬਿਕਰਮਜੀਤ ਸਿੰਘ ਮਜੀਠੀਆ ਦੇ ਵਿੱਚ ਹੋਏ ਬੋਲ-ਬੁਲਾਵੇ ਦੌਰਾਨ, ਆਪਣੇ ਪਿਤਾ ਅਤੇ ਮੁੱਖ ਮੰਤ੍ਰੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਵੀ ਸਥਿਤੀ ਸੰਭਾਲਣ ਦੀ ਕੌਸ਼ਿਸ਼ ਤਕ ਕਰਨ ਦਾ ਮੌਕਾ ਨਹੀਂ ਸੀ ਦਿੱਤਾ ਤੇ ਆਪ ਸ. ਮਜੀਠੀਆ ਦੇ ਬਚਾਅ ਵਿੱਚ ਚਟਾਨ ਬਣ ਖੜੇ ਹੋ ਗਏ ਸਨ।
ਉਨ੍ਹਾਂ ਕਿਹਾ ਕਿ ਕਿ ਪੰਜਾਬ ਵਿਧਾਨ ਸਭਾ ਵਿੱਚ ਸ. ਬਿਕਰਮਜੀਤ ਸਿੰਘ ਮਜੀਠੀਆ ਅਤੇ ਰਾਣਾ ਗੁਰਜੀਤ ਸਿੰਘ ਵਿਚਕਾਰ ਹੋਏ ਗਾਲੀ-ਗਲੋਚ ਕਾਰਣ ਰਾਣਾ ਗੁਰਜੀਤ ਸਿੰਘ ਨੂੰ ਵਿਧਾਨ ਸਭਾ ਦੇ ਇਜਲਾਸ ਦੇ ਰਹਿੰਦੇ ਦਿਨਾਂ ਲਈ ਮੁਅਤਲ ਕਰ ਦਿੱਤਾ ਜਾਣਾ, ਸ. ਬਿਕਰਮਜੀਤ ਸਿੰਘ ਦੇ ਮੁੱਦੇ ਤੇ ਉਪ-ਮੁਖ ਮੰਤ੍ਰੀ ਸ. ਸੁਖਬੀਰ ਸਿੰਘ ਬਾਦਲ ਦਾ ਉਸਦੀ ਢਾਲ ਬਣ ਉਸ ਵਲੋਂ ਗਾਲੀ-ਗਲੋਚ ਦੀ ਭਾਸ਼ਾ ਵਰਤੇ ਜਾਣ ਤੋਂ ਇਨਕਾਰ ਕੀਤਾ ਜਾਣਾ, ਸਪੀਕਰ ਸ. ਚਰਨਜੀਤ ਸਿੰਘ ਅਟਵਾਲ ਵਲੋਂ ਇਹ ਕਿਹਾ ਜਾਣਾ ਕਿ ਉਨ੍ਹਾਂ ਸ਼ੋਰ-ਸ਼ਰਾਬੇ ਵਿੱਚ ਸ. ਮਜੀਠੀਆ ਵਲੋਂ ਕਢੀਆਂ ਗਈਆਂ ਗਾਹਲਾਂ ਸੁਣੀਆਂ ਹੀ ਨਹੀਂ, ਇੱਕ ਬੀਬੀ ਪਤ੍ਰਕਾਰ ਵਲੋਂ ਇਸ ਸਬੰਧੀ ਪੁਛੇ ਗਏ ਸੁਆਲ ਪੁਰ ਸ. ਸੁਖਬੀਰ ਸਿੰਘ ਬਾਦਲ ਦਾ ਉਸਨੂੰ ਸ. ਮਜੀਠੀਆ ਵਲੋਂ ਕਢੀਆਂ ਗਾਹਲਾਂ ਦੁਹਰਾਉਣ ਲਈ ਕਹਿਣਾ ਅਤੇ ਫਿਰ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਯੂਥ ਵਿੰਗ ਦੇ ਆਗੂਆਂ ਅਤੇ ਵਰਕਰਾਂ ਵਲੋਂ ਸ. ਮਜੀਠੀਆ ਦੇ ਹਕ ਵਿੱਚ ਸੜਕਾਂ ਪੁਰ ਉਤਰ, ਉਸਦੀ ਪ੍ਰਸ਼ੰਸਾ ਕਰਨਾ ਆਦਿ ਅਜਿਹੀਆਂ ਘਟਨਾਵਾਂ ਹਨ, ਜਿਨ੍ਹਾਂ ਤੋਂ ਇਹ ਸੰਕੇਤ ਮਿਲਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੀ ਯੁਵਾ ਇਕਾਈ, ਜੋ ਕਦੀ ਸੁਖਬੀਰ-ਬ੍ਰਿਗੇਡ ਦੇ ਨਾਂ ਨਾਲ ਜਾਣੀ ਜਾਂਦੀ ਸੀ ਅਤੇ ਸ. ਸੁਖਬੀਰ ਸਿੰਘ ਬਾਦਲ ਦੀ ਤਾਕਤ ਬਣ ਵਿਰੋਧੀਆਂ ਦੇ ਹੱਡ ਭੰਨ ਅਤੇ ਉਨ੍ਹਾਂ ਦੀਆਂ ਪੱਗਾਂ ਉਤਾਰ ਪੈਰਾਂ ਵਿੱਚ ਰੋਲ, ਟਰੇਲਰ ਵਿਖਾਣ ਦੇ ਦਾਅਵੇ ਕਰਦੀ ਚਲੀ ਆ ਰਹੀ ਸੀ, ਉਹ ਹੁਣ ਮਜੀਠੀਆ-ਬ੍ਰਿਗੇਡ ਬਣ ਨਾ ਕੇਵਲ ਸ਼੍ਰੋਮਣੀ ਅਕਾਲੀ ਦਲ (ਬਾਦਲ) ਦੇ ਕੌਮੀ ਆਗੂਆਂ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਪੁਰ ਹੀ ਨਹੀਂ. ਸਗੋਂ ਪੰਜਾਬ ਸਰਕਾਰ ਪੁਰ ਵੀ ਹਾਵੀ ਹੁੰਦੀ ਜਾ ਰਹੀ ਹੈ।
…ਅਤੇ ਅੰਤ ਵਿੱਚ : ਇਨ੍ਹਾਂ ਹਾਲਾਤ ਦੀ ਰੋਸ਼ਨੀ ਵਿੱਚ ਜੇ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਪ੍ਰਵਾਸੀ ਭਾਰਤੀਆਂ ਦੇ ਸੰਮੇਲਨ ਵਿੱਚ ਪ੍ਰਗਟ ਕੀਤੇ ਗਏ ਰੋਸੇ ਦੀ ਘੋਖ ਕੀਤੀ ਜਾਏ ਤਾਂ ਇਉਂ ਜਾਪਦਾ ਹੈ ਕਿ ਉਨ੍ਹਾਂ ਦਾ ਇਹ ਰੋਸਾ ਸ਼ਾਇਦ ਹੀ ਸਥਿਤੀ ਨੂੰ ਮੋੜਾ ਦੇਣ ਵਿੱਚ ਸਫਲ ਹੋ ਸਕੇ। ਰਾਜਸੀ ਮਾਹਿਰਾਂ ਅਨੁਸਾਰ ਸ. ਪ੍ਰਕਾਸ਼ ਸਿੰਘ ਬਾਦਲ ਵਲੋਂ ਸੁਖਬੀਰ ਸਿੰਘ ਬਾਦਲ ਅਤੇ ਬਿਕਰਮਜੀਤ ਸਿੰਘ ਮਜੀਠੀਆ ਵਿਰੁਧ ਪ੍ਰਗਟ ਕੀਤੇ ਗਏ ਰੋਸੇ ਤੋਂ ਸ. ਮਜੀਠੀਆ ਬਹੁਤ ਦੁਖੀ ਅਤੇ ਪ੍ਰੇਸ਼ਾਨ ਹਨ। ਉਨ੍ਹਾਂ ਦੀ ਇਹ ਪ੍ਰੇਸ਼ਾਨੀ ਕਿਧਰੇ ਸੀਨੀਅਰ ਬਾਦਲ ਨੂੰ ਭਾਰੀ ਨਾ ਪੈ ਜਾਏ?