ਲੁਧਿਆਣਾ:- ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਪਸਾਰ ਸਿੱਖਿਆ ਡਾਇਰੈਕਟੋਰੇਟ ਵੱਲੋਂ ਸਾਲ 2013-14 ਲਈ ਸਿਖਲਾਈ ਪ੍ਰੋਗਰਾਮ ਯੋਜਨਾ ਲਈ ਕਰਵਾਈ ਜਾ ਰਹੀ ਕਾਰਜਸ਼ਾਲਾ ਦਾ ਉਦਘਾਟਨ ਕਰਦਿਆਂ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਨੇ ਕਿਹਾ ਹੈ ਕਿ ਖੇਤੀਬਾੜੀ ਖੋਜ ਅਤੇ ਤਕਨਾਲੋਜੀ ਨੂੰ ਕਿਸਾਨਾਂ ਤੀਕ ਤੁਰੰਤ ਪਹੁੰਚਾਉਣ ਲਈ ਪਸਾਰ ਢਾਂਚਾ ਮਜ਼ਬੂਤ ਕਰਨ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਤਕਨਾਲੋਜੀ ਅਤੇ ਖੋਜ ਕਿਸਾਨਾਂ ਤੀਕ ਪਹੁੰਚਾਉਣ ਲਈ ਸਾਨੂੰ ਨਵੀਨਤਮ ਪਸਾਰ ਅਤੇ ਸਿਖਲਾਈ ਵਿਧੀਆਂ ਵਿਕਸਤ ਕਰਨੀਆਂ ਪੈਣਗੀਆਂ ਤਾਂ ਜੋ ਕਿਸਾਨ ਵਿਗਿਆਨ ਵਿਚਕਾਰ ਸੰਪਰਕ ਮਜ਼ਬੂਤ ਬਣੇ। ਉਨ੍ਹਾਂ ਆਖਿਆ ਕਿ ਪਾਏਦਾਰ ਖੇਤੀ ਲਈ ਪਸਾਰ ਸਿੱਖਿਆ ਢਾਂਚੇ ਦੀ ਜਿੰਮੇਂਵਾਰੀ ਹੋਰ ਵੀ ਵਧ ਗਈ ਹੈ ਅਤੇ ਇਸ ਵਧੀ ਜਿੰਮੇਂਵਾਰੀ ਨੂੰ ਨਿਭਾਉਣ ਲਈ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਨੁੰ ਮਾਡਲ ਖੇਤੀ ਫਾਰਮ ਦੇ ਤੌਰ ਤੇ ਵਿਕਸਤ ਕਰਨਾ ਪਵੇਗਾ ਜਿਥੋਂ ਕਿਸਾਨ ਵਧੇਰੇ ਗਿਆਨ ਅਤੇ ਵੱਖ ਵੱਖ ਖੇਤੀ ਅਧਾਰਿਤ ਸਮੱਸਿਆਵਾਂ ਬਾਰੇ ਜਾਣਕਾਰੀ ਹਾਸਿਲ ਕਰ ਸਕਣ। ਉਨ੍ਹਾਂ ਆਖਿਆ ਕਿ ਐਗਰੋ ਪ੍ਰੋਸੈਸਿੰਗ, ਮੰਡੀਕਰਨ, ਉੱਦਮੀ ਵਿਕਾਸ ਅਤੇ ਸੂਚਨਾ ਤਕਨਾਲੋਜੀ ਬਾਰੇ ਸਿਖਲਾਈ ਸਮੇਂ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਖੇਤੀ ਅਧਾਰਿਤ ਉਦਯੋਗਾਂ ਦੀ ਸਥਾਪਨਾ ਸੰਬੰਧੀ ਸਿਫਾਰਸ਼ ਕਰਨ ਵੇਲੇ ਇਸ ਗੱਲ ਦਾ ਖਿਆਲ ਰੱਖਿਆ ਜਾਵੇ ਕਿ ਇਸ ਨਾਲ ਕਿਸਾਨ ਦੀ ਕਮਾਈ ਵੀ ਵਧੇ।
ਸਵਾਗਤੀ ਸ਼ਬਦ ਬੋਲਦਿਆਂ ਪਸਾਰ ਸਿੱਖਿਆ ਨਿਰਦੇਸ਼ਕ ਡਾ: ਮੁਖਤਾਰ ਸਿੰਘ ਗਿੱਲ ਨੇ ਦੱਸਿਆ ਕਿ ਇਸ ਕਾਰਜਸ਼ਾਲਾ ਵਿੱਚ ਖੇਤੀਬਾੜੀ ਅਤੇ ਬਾਗਬਾਨੀ ਵਿਭਾਗ ਦੇ ਉੱਚ ਅਧਿਕਾਰੀਆਂ ਤੋਂ ਇਲਾਵਾ ਰਾਜ ਦੇ ਸਾਰੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਦੇ ਮੁਖੀ ਭਾਗ ਲੈ ਰਹੇ ਹਨ। ਉਨ੍ਹਾਂ ਆਖਿਆ ਕਿ ਲੋੜ ਅਧਾਰਿਤ ਸਿਖਲਾਈ ਨਾਲ ਹੀ ਕਿਸਾਨ ਭਾਈਚਾਰੇ ਦੇ ਖਰਚੇ ਘਟਾਏ ਅਤੇ ਆਮਦਨ ਵਧਾਈ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਇਸ ਕੰਮ ਲਈ ਉਚੇਰੀਆਂ ਗਿਆਨ ਅਧਾਰਿਤ ਸਿਖਲਾਈਆਂ ਕੈਂਪਸ ਤੋਂ ਬਾਹਰ ਵੀ ਕਰਵਾਈਆਂ ਜਾਣਗੀਆਂ ਅਤੇ ਲਾਭ ਪਾਤਰੀਆਂ ਨੂੰ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਡਾ: ਗਿੱਲ ਨੇ ਆਖਿਆ ਕਿ ਖੇਤੀ ਸੰਦੇਸ਼ ਅਸਰਦਾਰ ਢੰਗ ਨਾਲ ਪਿੰਡੋਂ ਪਿੰਡ ਪਹੁੰਚਾਉਣ ਲਈ ਪੀ ਏ ਯੂ ਦੂਤ ਬਣਾਏ ਗਏ ਹਨ। ਉਨ੍ਹਾਂ ਆਖਿਆ ਕਿ ਇਸ ਕਾਰਜਸ਼ਾਲਾ ਦੌਰਾਨ ਸਾਲ 2013-14 ਦਾ ਸਾਲਾਨਾ ਸਿਖਲਾਈ ਕੈ¦ਡਰ ਤਿਆਰ ਕੀਤਾ ਜਾਵੇਗਾ। ਡਾ: ਗਿੱਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਪ੍ਰਕਾਸ਼ਤ ਹੁੰਦੇ ਮਾਸਕ ਪੱਤਰ ਚੰਗੀ ਖੇਤੀ ਅਤੇ ਪ੍ਰੋਗਰੈਸਿਵ ਫਾਰਮਿੰਗ ਵਿੱਚ ਹਰ ਮਹੀਨੇ ਹੋਣ ਵਾਲੇ ਸਿਖਲਾਈ ਪ੍ਰੋਗਰਾਮਾਂ ਦਾ ਵਿਸਥਾਰਤ ਵੇਰਵਾ ਪ੍ਰਕਾਸ਼ਤ ਕੀਤਾ ਜਾਂਦਾ ਹੈ।