ਫਤਹਿਗੜ੍ਹ ਸਾਹਿਬ – “ਮੁਕਤਸਰ ਵਿਖੇ ਸ਼ਹੀਦਾਂ ਦੀ ਪਵਿੱਤਰ ਧਰਤੀ ਉਤੇ ਸ. ਸੁਰਜੀਤ ਸਿੰਘ ਬਰਨਾਲਾ ਸਾਬਕਾ ਮੁੱਖ ਮੰਤਰੀ ਪੰਜਾਬ ਅਤੇ ਸਾਬਕਾ ਗਵਰਨਰ ਨੇ ਜੋ ਸ. ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਸੰਬੰਧੀ ਬੋਲਦੇ ਹੋਏ ਕਿਹਾ ਹੈ ਕਿ ਇਹ ਦੋਵੇ ਕਾਕੇ ਸ. ਪ੍ਰਕਾਸ ਸਿੰਘ ਬਾਦਲ ਤੋ ਕੁਰਸੀ ਖੋਹਣਾਂ ਚਾਹੁੰਦੇ ਹਨ, ਬਿਲਕੁਲ ਠੀਕ ਫਰਮਾਕੇ ਉਹਨਾਂ ਨੇ ਸੱਚ ਨੂੰ ਜ਼ਰੂਰ ਬਿਆਨ ਕੀਤਾ ਹੈ । ਪਰ ਜੋ ਅੱਧਾ ਸੱਚ ਛੁਪਾ ਲਿਆ ਹੈ, ਉਹ ਇਹ ਹੈ ਕਿ ਬਿਕਰਮ ਸਿੰਘ ਮਜੀਠੀਆ, ਹਰਸਿਮਰਤ ਕੌਰ ਬਾਦਲ ਅਤੇ ਇਨ੍ਹਾਂ ਦੋਵਾਂ ਦੇ ਪਿਤਾ ਸ. ਸਤਿਯਾਜੀਤ ਸਿੰਘ ਮਜੀਠੀਆ (ਮਜੀਠੀਆ ਪਰਿਵਾਰ) ਸ. ਸੁਖਬੀਰ ਸਿੰਘ ਬਾਦਲ ਦੀ ਬਹੁਤ ਹੀ ਸੁਚੱਜੇ ਅਤੇ ਸੁਖਮ ਢੰਗ ਨਾਲ ਵਰਤੋਂ ਕਰਕੇ ਅਸਲੀਅਤ ਵਿਚ ਮਜੀਠੀਆ ਪਰਿਵਾਰ ਸਿੱਖ ਸਿਆਸਤ ਉਤੇ ਪੂਰੀ ਤਰ੍ਹਾਂ ਕਬਜ਼ਾ ਕਰਨ ਦੀ ਤਿਆਰੀ ਕਰ ਰਿਹਾ ਹੈ । ਕਿਉਂਕਿ ਉਪਰੋਕਤ ਮਜੀਠੀਆ ਪਰਿਵਾਰ ਦੀ ਤਿਕੜੀ ਦੇ ਸਭ ਅਮਲ ਇਸ ਸੱਚ ਵੱਲ ਇਸ਼ਾਰਾਂ ਕਰਦੇ ਹਨ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਬਰਨਾਲਾ ਵੱਲੋਂ ਅਜੋਕੇ ਸਮੇਂ ਦੇ ਸਿਆਸੀ ਸੱਚ ਨੂੰ ਕਹਿਣ ਦੇ ਉੱਦਮ ਦੇ ਅਮਲਾ ਨੂੰ ਸਹੀ ਕਰਾਰ ਦਿੰਦੇ ਹੋਏ ਇਸ ਸਿਆਸੀ ਅਗਲੀ ਫਿਲਮ ਦਾ ਸਿੱਟਾ ਕੀ ਹੋਵੇਗਾ ਸ. ਬਰਨਾਲਾ ਵੱਲੋਂ ਕਹੇ ਕਥਨ ਨੂੰ ਪੂਰਨ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਸ. ਸੁਖਬੀਰ ਸਿੰਘ ਬਾਦਲ ਬੇਸ਼ੱਕ ਹਰ ਗੱਲ ਕਹਿਣ ਦਾ ਮਾਦਾ ਰੱਖਦੇ ਹਨ ਪਰ ਮਜੀਠੀਆ ਭੈਣ-ਭਰਾ ਅਤੇ ਬਾਪ ਵੱਲੋਂ ਜੋ ਅਗਲਾ ਨਕਸਾ ਬਣਾਕੇ ਸਿਆਸੀ ਖੇਡ-ਖੇਡੀ ਜਾ ਰਹੀ ਹੈ, ਉਸ ਤੋ ਸ. ਬਾਦਲ ਅਤੇ ਸ. ਸੁਖਬੀਰ ਸਿੰਘ ਬਾਦਲ ਸ਼ਾਇਦ ਅਣਭਿੱਜ ਹਨ । ਇਸ ਲਈ ਹੀ ਮਜੀਠੀਆ ਪਰਿਵਾਰ ਆਪਣੇ ਸਿਆਸੀ ਨਿਸ਼ਾਨੇ ਦੀ ਪ੍ਰਾਪਤੀ ਵੱਲ ਵੱਧਦੇ ਨਜ਼ਰ ਆ ਰਹੇ ਹਨ । ਇਸ ਨਿਸ਼ਾਨੇ ਨੂੰ ਪੂਰਨ ਕਰਨ ਹਿੱਤ ਰਾਗੀ ਰਾਮ ਸਿੰਘ ਜੋ ਕਿ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੂੰ ਅਲਵਿਦਾ ਕਹਿਕੇ ਬਾਦਲ ਦਲ ਵਿਚ ਰਲ ਗਏ ਹਨ, ਉਹ ਅੱਜ-ਕੱਲ੍ਹ ਮਜੀਠਆ ਪਰਿਵਾਰ ਨੂੰ ਸਿਆਸੀ ਤੌਰ ਤੇ ਮਜ਼ਬੂਤ ਕਰਨ ਲਈ ਵੱਖ-ਵੱਖ ਪਾਰਟੀਆਂ ਦੇ ਆਗੂਆਂ ਨਾਲ ਸੰਪਰਕ ਕਰਕੇ ਮਜੀਠੀਆ ਪਰਿਵਾਰ ਦੇ ਸੰਪਰਕ ਵਿਚ ਲਿਆ ਰਹੇ ਹਨ । ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਕਈ ਆਗੂਆਂ ਨੂੰ ਵੀ ਰਾਮ ਸਿੰਘ ਵੱਲੋਂ ਸੰਪਰਕ ਕੀਤਾ ਗਿਆ । ਪਰ ਕਿਸੇ ਵੀ ਸਾਡੇ ਆਗੂ ਦੀ ਸੋਚ ਨੂੰ ਬਦਲਣ ਵਿਚ ਉਹ ਕਾਮਯਾਬ ਨਹੀ ਹੋ ਸਕੇ । ਕਿਉਂਕਿ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਸਿੱਖ ਕੌਮ ਦੇ ਸਿਆਸੀ ਨਿਸ਼ਾਨੇ ਦੀ ਪ੍ਰਾਪਤੀ ਲਈ ਦ੍ਰਿੜਤਾ ਪੂਰਵਕ ਸੰਘਰਸ਼ ਕਰ ਰਿਹਾ ਹੈ ਅਤੇ ਸਾਡੇ ਆਗੂ ਉਸ ਵਿਚ ਬਹੁਤ ਵੱਡਾ ਕੌਮੀ ਯੋਗਦਾਨ ਪਾ ਰਹੇ ਹਨ ।
ਸ. ਮਾਨ ਨੇ ਕਿਹਾ ਕਿ ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਸ. ਬਿਕਰਮ ਸਿੰਘ ਮਜੀਠੀਆ ਕੇਵਲ ਬਾਦਲ ਦਲ ਨਾਲ ਸੰਬੰਧਤ ਸਿਆਸਤਦਾਨਾਂ ਨੂੰ ਹੀ ਮਜੀਠੀਆ ਪਰਿਵਾਰ ਦੇ ਨੇੜੇ ਨਹੀ ਲਿਆ ਰਹੇ, ਬਲਕਿ ਪੰਜਾਬ ਦੇ ਜਿ਼ਲ੍ਹਿਆਂ ਅਤੇ ਸਬ ਤਹਿਸੀਲਾਂ ਵਿਚ ਤਾਇਨਾਤ ਆਈ.ਏ.ਐਸ, ਆਈ.ਪੀ.ਐਸ. ਅਤੇ ਪੀ.ਸੀ.ਐਸ. ਅਫ਼ਸਰਾਂ ਨੂੰ ਵੀ ਆਪਣੀ ਮਰਜੀ ਅਨੁਸਾਰ ਵੱਖ-ਵੱਖ ਸਥਾਨਾਂ ਤੇ ਤਾਇਨਾਤ ਕਰਨ ਦੀ ਅਤੇ ਆਪਣੇ ਮਜੀਠੀਆ ਪਰਿਵਾਰ ਲਈ ਭਵਿੱਖ ਵਿਚ ਕੰਮ ਕਰਨ ਲਈ ਸਿਆਸੀ ਸਰਗਰਮੀਆ ਵਿਚ ਮਸਰੂਫ ਹੈ । ਤਾਂ ਕਿ ਇਹ ਅਫ਼ਸਰਸ਼ਾਹੀ ਅਤੇ ਸਿਆਸਤਦਾਨ ਮੌਕਾ ਆਉਣ ਤੇ ਮਜੀਠੀਆ ਪਰਿਵਾਰ ਦਾ ਸਾਥ ਦੇ ਸਕਣ, ਬਾਦਲ ਪਰਿਵਾਰ ਨੂੰ ਸਿਆਸਤ ਵਿਚ ਪਿੱਛੇ ਕਰਕੇ ਸਿੱਖ ਸਿਆਸਤ ਉਤੇ ਮੁਕੰਮਲ ਤੌਰ ਤੇ ਮਜੀਠੀਆ ਪਰਿਵਾਰ ਦਾ ਕਬਜ਼ਾ ਕਰਵਾ ਸਕਣ । ਹੁਣ ਪੰਜਾਬ ਸੂਬੇ ਦੇ ਨਿਵਾਸੀਆਂ ਅਤੇ ਸਿੱਖ ਕੌਮ ਲਈ ਵੇਖਣ ਵਾਲੀ ਗੱਲ ਇਹ ਹੈ ਕਿ ਪੰਜਾਬ ਦੀ ਸਿਆਸਤ ਅਤੇ ਹਕੂਮਤ ਉਤੇ ਬਾਦਲ ਪਰਿਵਾਰ ਹੋਵੇ ਜਾਂ ਮਜੀਠੀਆ ਪਰਿਵਾਰ ਜਾਂ ਕੋਈ ਹੋਰ, ਪੰਜਾਬ ਦੇ ਬਸਿੰਦਿਆਂ ਦੀ ਇਖ਼ਲਾਕੀ, ਧਾਰਮਿਕ, ਸਿਆਸੀ, ਸਮਾਜਿਕ ਅਤੇ ਮਾਲੀ ਹਾਲਾਤਾਂ ਨੂੰ ਨਾ ਤਾ ਬਾਦਲ ਪਰਿਵਾਰ ਬਹਿਤਰ ਬਣਾ ਸਕਦਾ ਹੈ, ਨਾ ਮਜੀਠੀਆ ਪਰਿਵਾਰ ਤੇ ਨਾ ਕਾਂਗਰਸ, ਨਾ ਬੀਜੇਪੀ ਕਿਉਕਿ ਇਨ੍ਹਾਂ ਸਭ ਦੀ ਸੋਚ ਪਰਿਵਾਰਾਂ-ਕੋਟਮਿਆਂ ਨੂੰ ਪਾਲਣ ਵਾਲੀ ਹੈ ਅਤੇ ਗਲਤ ਢੰਗਾ ਰਾਹੀ ਧਨ-ਦੌਲਤਾ ਦੇ ਭੰਡਾਰ ਇਕੱਤਰ ਕਰਨ ਅਤੇ ਸਿੱਖ ਕੌਮ ਉਤੇ ਜ਼ਬਰ-ਜੁਲਮ ਕਰਨ ਵਾਲੀ ਹੈ । ਇਸ ਨਾਲ ਕਿਸੇ ਵੀ ਸਮਾਜ ਜਾਂ ਕੌਮ ਦੀ ਬਹਿਤਰੀ ਨਹੀ ਹੋ ਸਕਦੀ । ਇਸ ਲਈ ਪੰਜਾਬੀਆਂ ਅਤੇ ਸਿੱਖ ਕੌਮ ਨੂੰ ਦੋਵਾਂ ਬਾਦਲਾਂ, ਮਜੀਠੀਆ ਪਰਿਵਾਰ, ਕੈਪਟਨ ਅਮਰਿੰਦਰ ਸਿੰਘ ਪਰਿਵਾਰ, ਭੱਠਲ ਪਰਿਵਾਰ, ਕਾਂਗਰਸ ਜਾਂ ਬੀਜੇਪੀ ਜਮਾਤਾਂ ਵੱਲੋਂ ਕੇਵਲ ਸੱਤਾ ਪ੍ਰਾਪਤੀ ਦੀ ਲਾਲਸਾ ਵਾਲੀ ਮਾਰੂ ਸੋਚ ਤੋ ਸੁਚੇਤ ਰਹਿੰਦੇ ਹੋਏ ਕਿਸੇ ਵੀ ਤਾਨਾਸ਼ਾਹ, ਜ਼ਾਬਰ ਅਤੇ ਧਨ-ਦੌਲਤਾ ਇਕੱਤਰ ਕਰਨ ਵਾਲੇ ਹੁਕਮਰਾਨਾਂ ਨੂੰ ਮਜ਼ਬੂਤ ਕਰਨ ਦੀ ਬਜ਼ਾਇ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਦੀ ਜਥੇਬੰਦੀ ਜੋ ਇਥੇ ਸਮੁੱਚੀਆਂ ਕੌਮਾਂ, ਧਰਮਾਂ ਅਤੇ ਫਿਰਕਿਆਂ ਨੂੰ ਬਰਾਬਰੀ ਦੇ ਹੱਕ, ਸਤਿਕਾਰ ਅਤੇ ਮਾਣ ਦੇਕੇ ਸਾਫ-ਸੁਥਰਾਂ ਇਨਸਾਫ਼ ਵਾਲਾ ਰਾਜ ਪ੍ਰਬੰਧ ਕਾਇਮ ਕਰਨ ਲਈ ਸੰਘਰਸ਼ ਕਰ ਰਹੀ ਹੈ । ਉਸਨੂੰ ਹਰ ਤਰ੍ਹਾਂ ਸਹਿਯੋਗ ਦੇਕੇ ਸੰਜ਼ੀਦਗੀ ਨਾਲ ਅੱਗੇ ਲਿਆਉਣ ਦਾ ਉੱਦਮ ਕਰਨ । ਅਜਿਹਾ ਅਮਲ ਕਰਕੇ ਹੀ ਪੰਜਾਬ ਦੇ ਸਰਹਿੰਦੀ ਸੂਬੇ ਅਤੇ ਇਥੋ ਦੇ ਨਿਵਾਸੀਆਂ ਵਿਚ ਸਦਾ ਲਈ ਅਮਨ-ਚੈਨ ਤੇ ਜਮਹੂਰੀਅਤ ਨੂੰ ਕਾਇਮ ਕਰਨ ਅਤੇ ਅਜ਼ਾਦੀ ਨਾਲ ਵਿਚਰਣ ਦੇ ਮਿਸ਼ਨ ਨੂੰ ਪ੍ਰਾਪਤ ਕੀਤਾ ਜਾ ਸਕਦਾ ਹੈ ।