ਕੋਚੀ- ਭਾਰਤ ਅਤੇ ਇੰਗਲੈਂਡ ਇਥੇ ਖੇਡੇ ਗਏ ਦੂਜੇ ਵਨ ਡੇਅ ਮੈਚ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 127 ਦੌੜਾਂ ਨਾਲ ਹਰਾ ਦਿੱਤਾ। ਇਸਦੇ ਨਾਲ ਹੀ ਪੰਜ ਮੈਚਾਂ ਦੀ ਇਹ ਸੀਰੀਜ਼ 1-1 ਨਾਲ ਬਰਾਬਰ ਹੋ ਗਈ।
61 ਦੌੜਾਂ ਬਣਾਉਣ ਤੋਂ ਬਾਅਦ 2 ਵਿਕਟਾਂ ਲੈਣ ਕਰਕੇ ਅਤੇ ਵਧੀਆ ਫੀਲਡਿੰਗ ਕਰਕੇ ਰਵਿੰਦਰ ਜਡੇਜਾ ਨੂੰ ‘ਮੈਨ ਆਫ਼ ਦਾ ਮੈਚ’ ਐਲਾਨਿਆ ਗਿਆ।
ਭਾਰਤ ਵਲੋਂ ਪਹਿਲਾਂ ਖੇਡਦਿਆਂ ਹੋਇਆਂ 50 ਓਵਰਾਂ ਵਿਚ 6 ਵਿਕਟਾਂ ਗੁਆਕੇ 285 ਦੌੜਾਂ ਬਣਾਈਆਂ। ਇਸਦੇ ਮੁਕਾਬਲੇ ਇੰਗਲੈਂਡ ਦੀ ਟੀਮ 36 ਓਵਰਾਂ ਵਿਚ ਸਿਰਫ਼ 158 ਦੌੜਾਂ ਹੀ ਬਣਾ ਸਕੀ। ਇੰਗਲੈਂਡ ਦੀ ਟੀਮ ਵਲੋਂ ਪੀਟਰਸਨ (42 ਦੌੜਾਂ), ਰੂਟ (36 ਦੌੜਾਂ) ਅਤੇ ਪਟੇਲ (ਬਿਨਾਂ ਆਊਟ ਹੋਏ 30 ਦੌੜਾਂ) ਹੀ ਵਧੀਆ ਸਕੋਰ ਖੜਾ ਕਰ ਸਕੇ। ਇੰਗਲੈਂਡ ਦੀ ਟੀਮ ਦੇ ਸਲਾਮੀ ਬੱਲੇਬਾਜ਼ ਇਆਨ ਬੇਲ 4 ਦੌੜਾਂ ਦੇ ਸਕੋਰ ‘ਤੇ ਹੀ ਸ਼ਮੀ ਅਹਿਮਦ ਦੀ ਗੇਂਦ ‘ਤੇ ਧੋਨੀ ਹੱਥੋਂ ਕੈਚ ਆਊਟ ਹੋ ਗਏ। ਇਸ ਮੈਚ ਵਿਚ ਭੁਵਨੇਸ਼ਵਰ ਨੇ ਸਭ ਤੋਂ ਵਧੀਆ ਗੇਂਦਬਾਜ਼ੀ ਕਰਦਿਆਂ ਹੋਇਆਂ 10 ਓਵਰਾਂ ਵਿਚ ਸਿਰਫ਼ 29 ਦੌੜਾਂ ਦੇ ਕੇ ਇੰਗਲੈਂਡ ਦੇ 3 ਖਿਡਾਰੀਆਂ ਨੂੰ ਆਊਟ ਕੀਤਾ। ਆਰ ਅਸ਼ਵਿਨ ਨੇ 3 ਵਿਕਟਾਂ ਲਈਆਂ ਅਤੇ ਰਵਿੰਦਰ ਜਡੇਜਾ ਨੇ ਸਿਰਫ਼ 12 ਦੌੜਾਂ ਦੇ ਕੇ 2 ਖਿਡਾਰੀਆਂ ਨੂੰ ਆਊਟ ਕੀਤਾ।
ਪਹਿਲਾਂ ਬੱਲੇਬਾਜ਼ੀ ਕਰਨ ਲਈ ਮੈਦਾਨ ‘ਚ ਉਤਰੀ ਭਾਰਤੀ ਟੀਮ ਦੀ ਸ਼ੁਰੂਆਤ ਬਹੁਤ ਹੀ ਮਾੜੀ ਰਹੀ ਉਸਦੇ ਦੋਵੇਂ ਸਲਾਮੀ ਬੱਲੇਬਾਜ਼ ਗੌਤਮ ਗੰਭੀਰ (8 ਦੌੜਾਂ) ਅਤੇ ਅਜਿੰਕੇ ਰਵਾਨੇ (4 ਦੌੜਾਂ) ਬਣਾਕੇ ਸਿਰਫ਼ 18 ਦੌੜਾਂ ਦੇ ਸਕੋਰ ‘ਤੇ ਆਊਟ ਹੋਕੇ ਪਵੇਲੀਅਨ ਪਰਤ ਗਏ। ਇਸਤੋਂ ਬਾਅਦ ਵਿਰਾਟ ਕੋਹਲੀ ਅਤੇ ਯੁਵਰਾਜ ਨੇ ਤੀਜੇ ਵਿਕਟ ਦੀ ਸੋਹਣੀ ਭਾਈਵਾਲੀ ਨਿਭਾਈ। ਭਾਰਤੀ ਟੀਮ ਵਲੋਂ ਧੋਨੀ (72 ਦੌੜਾਂ), ਰਵਿੰਦਰ ਜਡੇਜਾ (ਬਿਨਾਂ ਆਊਟ ਹੋਇਆਂ 61 ਦੌੜਾਂ), ਰੈਨਾ (55 ਦੌੜਾਂ), ਵਿਰਾਟ ਕੋਹਲੀ (37 ਦੌੜਾਂ) ਅਤੇ ਯੁਵਰਾਜ ਸਿੰਘ (32 ਦੌੜਾਂ) ਨੇ ਆਪਣੀ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਖੇਡ ਦੌਰਾਨ ਆਖਰੀ ਓਵਰਾਂ ਵਿਚ ਕਪਤਾਨ ਧੋਨੀ ਅਤੇ ਰਵਿੰਦਰ ਜਡੇਜਾ ਦੀ ਧਮਾਕੇਦਾਰ ਖੇਡ ਰਹੀ। ਇਨ੍ਹਾਂ ਨੇ 6ਵੇਂ ਵਿਕਟ ਲਈ ਆਖਰੀ 10 ਓਵਰਾਂ ਵਿਚ 96 ਦੌੜਾਂ ਬਣਾਈਆਂ ਅਤੇ ਜਡੇਜਾ ਨੇ ਅਸ਼ਵਿਨ ਨਾਲ ਰਲਕੇ 15 ਦੌੜਾਂ ਬਣਾਈਆਂ ਇੰਜ ਪੂਰੇ 10 ਓਵਰਾਂ ਵਿਚ 110 ਦੌੜਾਂ ਦਾ ਸ਼ਾਨਦਾਰ ਸਕੋਰ ਬਣਿਆ। ਇਸ ਵਧੀਆ ਖੇਡ ਸਦਕੇ ਭਾਰਤੀ ਟੀਮ 6 ਵਿਕਟਾਂ ਗੁਆਕੇ 285 ਦੌੜਾਂ ਬਨਾਉਣ ਵਿਚ ਕਾਮਯਾਬ ਰਹੀ।