ਨਵੀਂ ਦਿੱਲੀ- ਹਰਿਆਣਾ ਦੇ ਸਾਬਕਾ ਮੁੱਖਮੰਤਰੀ ਅਤੇ ਆਈਐਨਐਲਡੀ ਪ੍ਰਧਾਨ ਓਮਪ੍ਰਕਾਸ਼ ਚੌਟਾਲਾ ਜੇਬੀਟੀ ਟੀਚਰ ਘੋਟਾਲੇ ਵਿੱਚ ਦੋਸ਼ੀ ਸਿੱਧ ਹੋ ਗਏ ਹਨ। ਸੀਬੀਆਈ ਕੋਰਟ ਨੇ ਚੌਟਾਲਾ ਸਮੇਤ 54 ਹੋਰ ਵਿਅਕਤੀਆਂ ਨੂੰ ਵੀ ਦੋਸ਼ੀ ਕਰਾਰ ਦਿੱਤਾ ਹੈ। ਫੈਸਲਾ ਸੁਣਾਏ ਜਾਣ ਤੋਂ ਤੁਰੰਤ ਬਾਅਦ ਇਨ੍ਹਾਂ ਸੱਭ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਕੇ ਤਿਹਾੜ ਜੇਲ੍ਹ ਭੇਜ ਦਿੱਤਾ ਗਿਆ ਹੈ।22 ਜਨਵਰੀ ਨੂੰ ਇਨ੍ਹਾਂ ਸਾਰਿਆਂ ਨੂੰ ਸਜ਼ਾ ਸੁਣਾਈ ਜਾਵੇਗੀ।
ਸੀਬੀਆਈ ਸਪੈਸ਼ਲ ਕੋਰਟ ਦੇ ਜੱਜ ਵਿਨੋਦ ਕੁਮਾਰ ਨੇ ਚੌਟਾਲਾ, ਉਸ ਦੇ ਪੁੱਤਰ ਅਤੇ ਹੋਰਾਂ ਨੂੰ ਭਾਰਤੀ ਦੰਡਾਵਲ ਅਤੇ ਭ੍ਰਿਸ਼ਟਾਚਾਰ ਰੋਕੂ ਐਕਟ ਦੇ ਤਹਿਤ ਦੋਸ਼ੀ ਕਰਾਰ ਦਿੱਤਾ ਹੈ। 17,19, ਅਤੇ 21 ਜਨਵਰੀ ਨੂੰ ਇਸ ਸਜ਼ਾ ਤੇ ਬਹਿਸ ਹੋਵੇਗੀ।ਇਸ ਮਾਮਲੇ ਵਿੱਚ 62ਲੋਕਾਂ ਨੂੰ ਆਰੋਪੀ ਠਹਿਰਾਇਆ ਗਿਆ ਸੀ ਪਰ 6 ਆਰੋਪੀਆਂ ਦੀ ਮੌਤ ਹੋ ਚੁੱਕੀ ਹੈ ਅਤੇ ਇੱਕ ਨੂੰ ਦੋਸ਼ ਮੁਕਤ ਕਰ ਦਿੱਤਾ ਗਿਆ ਹੈ।ਇਨੌਲੋ ਦੇ ਨੇਤਾ ਇਸ ਮਾਮਲੇ ਤੇ ਚੁੱਪੀ ਸਾਧੀ ਬੈਠੈ ਹਨ।
ਵਰਨਣਯੋਗ ਹੈ ਕਿ 1999-2000 ਵਿੱਚ ਹਰਿਆਣਾ ਰਾਜ ਦੇ 18 ਜਿਲ੍ਹਿਆਂ ਵਿੱਚ ਹੋਈ 3206 ਜੇਬੀਟੀ ਟੀਚਰਾਂ ਦੀ ਭਰਤੀ ਸਾਰੇ ਕਾਇਦੇ ਕਾਨੂੰਨ ਛਿੱਕੇ ਤੇ ਟੰਗਦੇ ਹੋਏ ਕੀਤੀ ਗਈ ਸੀ।ਸਿੱਖਿਆ ਅਧਿਕਾਰੀਆਂ ਦੀ ਵੀ ਮਿਲੀਭੁਗਤ ਨਾਲ ਫਰਜ਼ੀ ਇੰਟਰਵਿਯੂ ਦੇ ਆਧਾਰ ਤੇ ਆਪਣੇ ਚਹੇਤਿਆਂ ਨੂੰ ਭਰਤੀ ਕੀਤਾ ਗਿਆ ਸੀ।