ਨਵੀਂ ਦਿੱਲੀ: ਬਾਦਲ ਅਕਾਲੀ ਦਲ ਦਿੱਲੀ ਦੇ ਇੰਚਾਰਜ ਸ. ਬਲਵੰਤ ਸਿੰਘ ਰਮੂਵਾਲੀਆ ਵਲੋਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ. ਪਰਮਜੀਤ ਸਿੰਘ ਸਰਨਾ ਪੁਰ ਜ਼ਮੀਰ ਵੇਚ ਦੇਣ ਦੇ ਲਾਏ ਗਏ ਦੋਸ਼ ਦੇ ਜਵਾਬ ਵਿਚ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਪ੍ਰਧਾਨ ਸ. ਹਰਵਿੰਦਰ ਸਿੰਘ ਸਰਨਾ ਨੇ ਸ. ਰਾਮੂਵਾਲੀਆ ਪੁਰ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਉਨ੍ਹਾਂ (ਸ. ਰਾਮੂਵਾਲੀਆ) ਵਰਗੇ ਜ਼ਮੀਰਾਂ ਵੇਚਣ ਵਾਲੇ ਕੇਵਲ ਬਾਦਲ ਅਕਾਲੀ ਦਲ ਵਿਚ ਹੀ ਹਨ, ਕਿਉਂਕਿ ਬਾਦਲ ਦਲ ਦੇ ਮੁਖੀਆਂ ਨੇ ਆਪ ਵੀ ਸੱਤਾ ਲਾਲਸਾ ਨੂੰ ਪੂਰਿਆਂ ਕਰਨ ਲਈ ਨਾ ਕੇਵਲ ਆਪਣੀ ਜ਼ਮੀਰ ਹੀ ਸਿੱਖਾਂ ਅਤੇ ਸਿੱਖੀ ਦੇ ਵਿਰੋਧੀ ਭਾਜਪਾਈਆਂ ਤੇ ਆਰ. ਐਸ. ਐਸ. ਪਾਸ ਗਿਰਵੀ ਰਖੀ ਹੋਈ ਹੈ, ਸਗੋਂ ਸ੍ਰੋਮਣੀ ਅਕਾਲੀ ਦਲ (ਬਾਦਲ) ਅਤੇ ਆਪਣੀ ਸੱਤਾ ਅਧੀਨ ਸਿੱਖਾਂ ਦੀ ਸਰਵੁਚ ਧਾਰਮਕ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਵੀ ਉਨ੍ਹਾਂ ਪਾਸ ਗਿਰਵੀ ਰਖ ਦਿਤਾ ਹੋਇਆ ਹੈ।
ਸ. ਸਰਨਾ ਨੇ ਦਸਿਆ ਕਿ ਇਸਦਾ ਸਭ ਤੋਂ ਵਡਾ ਸਬੂਤ ਇਹ ਹੈ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਧਾਰਮਕ ਸਟੇਜਾਂ ਪੁਰ ਆ ਕੇ ਭਾਜਪਾਈ ਤੇ ਆਰ. ਐਸ. ਐਸ. ਦੇ ਮੁਖੀ ਨਾ ਕੇਵਲ ਕੁਬਾਨੀਆਂ ਭਰੇ ਸਿੱਖ ਇਤਿਹਾਸ ਨੂੰ ਵਿਗਾੜਦੇ ਅਤੇ ਸਿੱਖਾਂ ਦੀਆਂ ਸਥਾਪਤ ਮਰਿਆਦਾਵਾਂ ਅਤੇ ਪਰੰਪਰਾਵਾਂ ਪੁਰ ਵੀ ਸੁਆਲੀਆ ਨੀਸ਼ਾਨ ਲਾਂਦੇ ਹਨ, ਸਗੋਂ ਸਿੱਖਾਂ ਦੀ ਅਡਰੀ ਪਛਾਣ ਅਤੇ ਸਿੱਖ ਧਰਮ ਦੀ ਸੁਤੰਤਰ ਹੋਂਦ ਪੁਰ ਵੀ ਹਮਲੇ ਕਰਦੇ ਹਨ। ਪ੍ਰੰਤੂ ਇਨ੍ਹਾਂ, ਸਿੱਖੀ ਤੇ ਸਿੱਖਾਂ ਦੇ ਦੁਸ਼ਮਣਾਂ ਦੀ ਗੁਲਾਮੀ ਸਵੀਕਾਰ ਕਰੀ ਬੈਠਿਆਂ ਦੀ ਜ਼ਬਾਨ ਤਕ ਨਹੀਂ ਖੁਲ੍ਹਦੀ।
ਸ. ਸਰਨਾ ਨੇ ਆਪਣੇ ਬਿਆਨ ਵਿਚ ਪੁਛਿਆ ਕਿ ਜੇ ਇਨ੍ਹਾਂ ਬਾਦਲਕਿਆਂ ਦੀ ਜ਼ਮੀਰ ਆਜ਼ਾਦ ਹੁੰਦੀ ਜਾਂ ਇਨ੍ਹਾਂ ਵਿਚ ਸਿੱਖੀ ਅਣਖ ਹੁੰਦੀ ਤਾਂ ਕੀ ਇਹ ਸਿੱਖੀ ਦੇ ਵਿਰੋਧੀਆਂ ਦੀਆਂ ਅਜਿਹੀਆਂ ਗਲਾਂ ਮੂੰਹ ਬੰਦ ਕਰੀ ਸੁਣਦੇ ਰਹਿ ਸਕਦੇ ਸਨ? ਇਸ ਕਰਕੇ ਸ. ਰਾਮੂਵਾਲੀਆ ਤੇ ਉਨ੍ਹਾਂ ਵਰਗੇ ਦੂਜੇ ਜ਼ਮੀਰ ਫਰੋਸ਼ ਬਾਦਲਕਿਆਂ ਨੂੰ ਇਸ ਸਚਾਈ ਨੂੰ ਸਵੀਕਾਰ ਕਰ ਲੈਣਾ ਚਾਹੀਦਾ ਹੈ ਕਿ ਉਨ੍ਹਾਂ ਨਿਜੀ ਸੁਆਰਥ ਤੇ ਪਰਿਵਾਰਕ ਸੱਤਾ ਲਾਲਸਾ ਨੂੰ ਪੂਰਿਆਂ ਕਰਨ ਲਈ ਆਪਣੀ ਜ਼ਮੀਰ ਤੇ ਅਣਖ ਸਿੱਖੀ ਦੇ ਦੁਸ਼ਮਣਾ ਪਾਸ ਗਿਰਵੀ ਰਖ ਦਿਤੀ ਹੋਈ ਹੈ।
ਸ. ਹਰਵਿੰਦਰ ਸਿੰਘ ਸਰਨਾ ਨੇ ਜ਼ੋਰ ਦੇ ਕੇ ਆਖਿਆ ਕਿ ਸ. ਪਰਮਜੀਤ ਸਿੰਘ ਸਰਨਾ ਕੇਵਲ ਗੁਰੂ ਤੇ ਗੁਰੂ ਪੰਥ ਪ੍ਰਤੀ ਹੀ ਸਮਰਪਤ ਹਨ। ਉਨ੍ਹਾਂ ਸਿੱਖਾਂ ਦਾ ਆਤਮ ਸਨਮਾਨ, ਸਿੱਖੀ ਦੀ ਸੁਤੰਤਰ ਹੋਂਦ ਅਤੇ ਸਿੱਖਾਂ ਦੀ ਅਡਰੀ ਪਛਾਣ ਨੂੰ ਕਾਇਮ ਰਖਣ ਪ੍ਰਤੀ ਕੌਮ ਨਾਲ ਜੋ ਵਚਨਬੱਧ ਰਹਿਣ ਦਾ ਪ੍ਰਣ ਕੀਤਾ ਹੋਇਆ ਹੈ ਉਸ ਪੁਰ ਉਹ ਦ੍ਰਿੜਤਾ ਨਾਲ ਪਹਿਰਾ ਦੇ ਰਹੇ ਹਨ। ਉਨ੍ਹਾਂ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਤੇ ਉਨ੍ਹਾਂ ਦੀ ਟੀਮ ਨੇ ਦਿੱਲੀ ਦੇ ਸਿੱਖਾਂ ਦੇ ਸਹਿਯੋਗ ਨਾਲ ਦਿੱਲੀ ਦੇ ਇਤਿਹਾਸਕ ਗੁਰਧਾਮਾਂ ਦੀਆਂ ਜਾਇਦਾਦਾਂ ਦੀ ਸੇਵਾ-ਸੰਭਾਲ ਪ੍ਰਤੀ ਆਪਣੇ ਫਰਜ਼ ਦੀ ਪੂਰਤੀ ਹੀ ਨਹੀਂ ਕੀਤੀ, ਸਗੋਂ ਉਸ ਵਿਚ ਵਾਧਾ ਵੀ ਕੀਤਾ ਹੈ ਅਤੇ ਇਸ ਵਚਨਬੱਧਤਾ ਨੂੰ ਕਾਇਮ ਰਖਣ ਪ੍ਰਤੀ ਉਹ ਦ੍ਰਿੜ ਹਨ।