(ਇੱਕ ਸੱਚੀ ਕਹਾਣੀ ਤੇ ਅਧਾਰਿਤ)
ਭਾਰਤੀ ਰੈਸਰੋਰੈਂਟ ਦੇ ਪੰਜਾਬੀ ਮਾਲਕ ਗੁਲਬੰਤ ਸਿੰਘ ਨੇ ਰੋਜ਼ ਦੀ ਤਰ੍ਹਾਂ ਸਵੇਰੇ 9 ਵਜ਼ੇ ਰੈਸਟੋਰੈਂਟ ਦਾ ਸ਼ਟਰ ਖੋਲਿਆ ਹੀ ਸੀ, ਮਫਰਲ ਨਾਲ ਢਕਿਆ ਹੋਇਆ ਚਿਹਰਾ ਪੈਰਾਂ ਤੱਕ ਲੰਬਾ ਓਵਰ ਕੋਟ ਪਾਈ ਭਿੰਦਾ ਵੀ ਮਗਰ ਹੀ ਆ ਵੜਿਆ।ਉਸ ਨੇ ਸਰਸਰੀ ਜਿਹੀ ਸਤਸ੍ਰੀਅਕਾਲ ਬੁਲਾਈ ਤੇ ਫੁਰਤੀ ਨਾਲ ਥੱਲੇ ਨੂੰ ਕਿਚਨ ਦੀਆਂ ਪੌੜੀਆਂ ਉਤਰ ਗਿਆ।ਜਿਥੇ ਉਹ ਸਾਫ ਸਫਾਈ ਦਾ ਕੰਮ ਕਰਦਾ ਸੀ।
ਭਿੰਦੇ ਮੈਂ ਗੱਡੀ ਪਾਰਕਿੰਗ ਕਰਕੇ ਆਉਣਾ ਗੁਲਬੰਤ ਉਚੀ ਅਵਾਜ਼ ਵਿੱਚ ਬੋਲ ਕੇ ਬਾਹਰ ਨਿੱਕਲ ਗਿਆ।
ਜਦੋਂ ਉਹ ਵਾਪਸ ਆਇਆ ਕਾਉਟਰ ਤੇ ਪਏ ਟੈਲੀਫੋਨ ਦੀ ਘੰਟੀ ਵੱਜ ਰਹੀ ਸੀ।ਹੈਲੋ ਅੰਕਲ ਜੀ, ਮੈਂ ਲੱਖਾ ਬੋਲਦਾ, ਭਿੰਦੇ ਦਾ ਦੋਸਤ ! ਅੱਛਾ ਬੋਲੋ ,ਅੱਜ ਅੰਕਲ ਜੀ ਭਿੰਦੇ ਨੇ ਕੰਮ ਤੇ ਨਹੀ ਆਉਣਾ।
ਕੀ ਕਿਹਾ ਤੂੰ, ਮੈਂ ਕਿਹਾ ਅੰਕਲ ਜੀ ਉਹ ਰਾਤ ਦਾ ਹਸਪਤਾਲ ਦੇ ਐਮਰਜੈਸੀ ਵਾਰਡ ਵਿੱਚ ਦਾਖਲ ਆ।ਤੂੰ ਕੀ ਕਹਿ ਰਿਹਾ, ਉਹ ਤਾਂ ਸਵਖਤੇ ਦਾ ਕਿਚਨ ਵਿੱਚ ਸਫਾਈ ਕਰ ਰਿਹਾ।ਉਹ ਨਹੀ ਹੋ ਸਕਦਾ, ਅੰਕਲ ਜੀ ਉਸ ਦੇ ਤਾਂ ਮੂੰਹ ਹੱਥਾਂ ਪੈਰਾਂ ਤੇ ਕੱਚ ਲੱਗ ਗਿਆ ਸੀ।ਫੋਨ ਬੰਦ ਕਰ ,ਮੈਂ ਹੁਣੇ ਉਸ ਨੂੰ ਪੁਛਦਾ ? ਭਿੰਦੇ ਓਹ ਭਿੰਦੇ,ਹਾਂ ਅੰਕਲ ਜੀ, ਉਸ ਦੀ ਅਵਾਜ਼ ਥੜਕਵੀ ਸੀ।ਉਪਰ ਆ ਜਰਾ,ਭਿੰਦੇ ਦਾ ਝਰੀਟਿਆ ਚਿਹਰਾ ਉਪਰ ਖੂਨ ਦੇ ਜੰਮੇ ਹੋਏ ਨਿਸ਼ਾਨ, ਉਗਲਾਂ ਉਤੇ ਕੀਤੀਆਂ ਹੋਈਆਂ ਪੱਟੀਆਂ ਅਤੇ ਪੈਰ ਉਪਰ ਵੀ ਪੱਟੀ ਬੰਨੀ ਹੋਈ ਸੀ।ਤੂੰ ਸਵੇਰੇ ਅੱਖ ਜਿਹੀ ਬਚਾ ਕੇ ਸਿੱਧਾ ਕਿਚਨ ਵਿੱਚ ਵੜ ਗਿਆ।ਇਹ ਹਾਲ ਕੀ ਬਣਾਇਆ ਤੂੰ ?ਕੁਛ ਨਹੀ ਅੰਕਲ ਜੀ,ਐਮੇ ਹੀ!ਐਮੇ ਜੀ ਦੇ ਬੱਚੇ ਇਸ ਹਾਲਤ ਵਿੱਚ ਤੂੰ ਕੰਮ ਤੇ ਆ ਗਿਆ।ਮੈਨੂੰ ਤੇਰੇ ਕਮਰੇ ਚੋਂ ਲੱਖੇ ਨਾਂ ਦੇ ਲੜਕੇ ਦਾ ਫੋਨ ਆਇਆ ਸੀ।ਉਹ ਕਹਿੰਦਾ ਤੇਰੇ ਹੱਥਾਂ ਪੈਰਾਂ ਵਿੱਚ ਕੱਚ ਲੱਗ ਗਿਆ।ਤੂੰ ਹਸਪਤਾਲ ਦਾਖਲ ਏ ! ਪਰ ਤੂੰ…ਇਥੇ..ਇਸ ਹਾਲਤ ਵਿੱਚ,ਕੀ ਹੋਇਆ, ਕਿਵੇਂ ਹੋਇਆ ?ਅੰਕਲ ਜੀ ਕੀ ਹੋਣਾ ਸੀ।ਕੁਝ ਤਾਂ ਹੋਇਆ ਹੋਵਗਾ,ਉਥੋਂ ਆ ਕਿਵੇਂ ਗਿਆ ?ਮੈਂ ਹਸਪਤਾਲ ਚੋਂ ਪਹੁ ਜੀ ਫੁੱਟਦੀ ਨਾਲ ਮਲਕ ਦਿਨੇ ਬਾਹਰ ਨਿਕਲ ਆਇਆ।ਪਰ ਕਿਉਂ ?ਸੋਚਿਆ ਦਿਹਾੜੀ ਕਾਹਤੋਂ ਭੰਨਣੀ ਆ, ਕੀ ਪਤਾ ਉਹ ਕਦੋਂ ਛੁੱਟੀ ਦੇਣ,ਪੈਸੇ ਸਿਰ ਚੜੇ ਨੇ , ਕਿਹੜਾ ਟੇਕ ਆਉਦੀ ਸੀ।ਤੈਨੂੰ ਪਤਾ ਕਿ ਖੁੰਭਿਆ ਕੱਚ ਖਤਰਨਾਕ ਹੁੰਦਾ,ਸਰੀਰ ਵਿੱਚ ਜ਼ਹਿਰ ਵੀ ਫੈਲ ਸਕਦੀ ਆ,ਫਿਰ ਜਾ ਸਿਵਿਆਂ ਵਿੱਚ ਟੇਕ ਮਿਲੂ।ਗੁਲਬੰਤ ਸਿੰਘ ਨੇ ਕਾਹਲੀ ਕਾਹਲੀ ਟੈਲੀਫੋਨ ਵਿੱਚੋਂ ਅਖੀਰਲੀ ਕਾਲ ਕੱਢ ਕੇ ਵਾਪਸ ਮਿਲਾ ਦਿੱਤੀ।ਕਾਕਾ ਲੱਖਾ ਬੋਲਦਾ ? ਹਾਂ ਜੀ।ਇਹ ਦੇ ਸੱਟਾਂ ਕਿਵੇਂ ਲੱਗੀਆਂ ? ਤਾਕੀ ਦਾ ਸ਼ੀਸ਼ਾ ਲੱਗ ਗਿਆ ਅੰਕਲ ਜੀ।ਝਗੜਾ ਹੋਇਆ ਕਿਸੇ ਨਾਲ ਇਸ ਦਾ ?ਨਹੀ ਬਿਲਕੁਲ ਨਹੀ ਅੰਕਲ ਜੀ।ਫਿਰ ਇਹ ਦਾ ਹੁਲੀਆ ਕਿਸ ਨੇ ਵਿਗਾੜ ਤਾ ?ਗੁਲਬੰਤ ਦੀ ਅਵਾਜ਼ ਵਿੱਚ ਤਲਖੀ ਸੀ।ਅੰਕਲ ਜੀ ਕੋਈ ਬਾਬਾ ਆਇਆ ਸੀ ਰਾਤੀ,ਤੇ ਇਹ ਉਠ ਕੇ ਤਾਕੀਆਂ ਦੇ ਸ਼ੀਸੇ ਭੰਨਣ ਲੱਗ ਪਿਆ।ਕਿਹੜਾ ਬਾਬਾ, ਕੋਣ ਬਾਬਾ, ਕਿਥੋਂ ਆਇਆ,ਪੰਜਾਬ ਤੋਂ ਆ ਅੰਕਲ ਜੀ।ਤੁਹਾਡੇ ਕਮਰੇ ਵਿੱਚ ਰਹਿੰਦਾ ?ਨਹੀ ਉਹ ਤਾਂ ਪੰਜਾਬ ਹੀ ਰਹਿੰਦਾ।ਕਦੇ ਇਹ ਦੇ ਵਿੱਚ ਆ ਵੜਦਾ।(ਨਾਨ ਸੈਂਸ) ਕਹਿ ਕੇ ਗੁਲਬੰਤ ਨੇ ਗੁਸੇ ਵਿੱਚ ਫੋਨ ਕੱਟ ਦਿੱਤਾ।ਤਰਕਸ਼ੀਲ ਵਿਚਾਰਾਂ ਦਾ ਧਾਰਨੀ ਗੁਲਬੰਤ ਦਾ ਚਿਹਰਾ ਲਾਲ ਪੀਲਾ ਹੋ ਗਿਆ ਸੀ।ਚੁੱਪ ਵੱਟੀ ਖੜੇ ਭਿੰਦੇ ਵੱਲ ਗੁਲਬੰਤ ਉਗ਼ਲ ਕਰਦਾ ਬੋਲਿਆ,ਭਿੰਦੇ, ਮੈਂ ਇਹੋ ਜਿਹੇ ਅੰਧ ਵਿਸ਼ਵਾਸ਼ੀ ਵਿਚਾਰਾਂ ਦਾ ਧਾਰਨੀ ਨਹੀ ਹਾਂ,ਤੇ ਨਾ ਹੀ ਇਹੋ ਜਿਹੇ ਨਾਟਕਾਂ ਦਾ। ਵਹਿਮਾਂ ਭਰਮਾਂ ਵਿੱਚ ਫਸੇ ਤੇ ਫਸਾਉਣ ਵਾਲਿਆਂ ਦਾ ਮੈਂ ਸਖਤ ਵਿਰੋਧੀ ਹਾਂ।ਜਿਹੜੇ ਪਖੰਡ ਦਾ ਚੋਲਾ ਪਾਕੇ ਪੰਜਾਬ ਦੇ ਭੋਲੇ ਭਾਲੇ ਲੋਕਾਂ ਨੂੰ ਬਰਬਾਦ ਕਰਨ ਤੇ ਤੁਲੇ ਹੋਏ ਨੇ।ਉਹ ਕਿਹੜਾ ਬਨਾਰਸੀ ਠੱਗ ਆ ਜਿਹੜਾ ਤੁਹਾਡੇ ਪ੍ਰਵਾਰ ਦੀ ਗਰੀਬੀ, ਅਨਪੜ੍ਹਤਾ ਤੇ ਮਸੂਮੀਅਤ ਦਾ ਫਾਇਦਾ ਉਠਾ ਕੇ ਆਪਣੀ ਬੇਈਮਾਨੀ ਦੇ ਧੰਦੇ ਨੂੰ ਚਲਾ ਰਿਹਾ ਏ।ਪਤਾ ਨਹੀ ਹੋਰ ਕਿਤਨੇ ਪ੍ਰਵਾਰ ਉਸ ਸ਼ੈਤਾਨੀ ਦਿਮਾਗ ਨੇ ਝੂਠ ਦੇ ਜਾਲ ਵਿੱਚ ਫਸਾ ਕੇ ਬਰਬਾਦ ਕੀਤੇ ਹੋਣਗੇ।ਇਹ ਬਾਬਾ ਹੈ ਕੋਣ?ਦੱਸ ਨਹੀ ਤਾਂ ਤੇਰੀ ਕੰਮ ਤੋਂ ਛੁੱਟੀ ਹੋ ਜਾਵੇਗੀ।ਅੰਦਰ ਹੀ ਅੰਦਰ ਗੁਲਬੰਤ ਗੁਸੇ ਵਿੱਚ ਭਰਿਆ ਪੀਤਾ ਪਿਆ ਸੀ।ਟੈਲੀਫੋਨ ਵਜਣਾ ਸ਼ੁਰੂ ਹੋ ਗਿਆ।ਹੈਲੋ ਭਾਅ ਜੀ! ਮੈਂ ਪੰਜਾਬ ਤੋਂ ਭਿੰਦੇ ਦੀ ਮੰਮੀ ਬੋਲਦੀ ਆਂ।ਵੈਸੇ ਤਾਂ ਤਹਾਨੂੰ ਸਾਰਾ ਪਤਾ ਲੱਗ ਹੀ ਗਿਆ ਹੋਣਾ।ਮੈਨੂੰ ਵੀ ਭਿੰਦੇ ਦੇ ਕਮਰੇ ਚੋਂ ਇੱਕ ਮੁੰਡੇ ਦਾ ਫੋਨ ਆਇਆ ਸੀ।ਭਾਅ ਜੀ ਮੇਰੀ ਤੁਹਾਡੇ ਅੱਗੇ ਦੋਵੇਂ ਹੱਥ ਜੋੜ ਕੇ ਬੇਨਤੀ ਆ।ਤੁਸੀ ਨਾ ਭਿੰਦੇ ਨੂੰ ਵੀਹ ਹਜ਼ਾਰ ਰੁਪਿਆ ਦੇ ਦਿਉ ਜੇ ਇਹ ਦੇ ਨਹੀ ਵੀ ਬਣਦੇ,ਇਹ ਦੀ ਤਨਖਾਹ ਵਿੱਚੋਂ ਕੱਟ ਲਿਉ।ਕਿਉ ਕਿ ਮੈਂ ਡੇਰੇ ਤੇ ਚੜ§ਾ ਕੇ ਆਉਣੇ ਨੇ।ਭਿੰਦੇ ਦੇ ਬਾਹਰ ਜਾਣ ਦੀ ਸੁੱਖ ਸੁਖੀ ਸੀ,ਪੂਰੀ ਕਰਨ ਚ ਦੇਰ ਹੋ ਗਈ ਆ।ਭਿੰਦੇ ਦੀ ਮਾਂ ਬਿਨ§ਾਂ ਰੁਕੇ ਬੋਲੀ ਜਾ ਰਹੀ ਸੀ।ਅਸੀ ਤਾਂ ਗਰੀਬ ਲੋਕ ਆਂ,ਤੁਹਾਡੇ ਕੋਲੋ ਕਾਹਦਾ ਲਕੋ ਆ।ਭਿੰਦੇ ਨੂੰ ਸਾਰੇ ਪੈਸੇ ਵਿਆਜੂ ਫੜ ਕੇ ਬਾਹਰ ਭੇਜਿਆ ਸੀ।ਹਾਲੇ ਤੱਕ ਸਿਰ ਖੜੇ ਨੇ, ਜੇ ਉਸ ਨੂੰ ਕੁਝ ਹੋ ਗਿਆ,ਸਾਡੇ ਕੋਲ ਤਾਂ ਕੋਈ ਜਮੀਨ ਜਾਇਦਾਦ ਵੀ ਨਹੀ, ਨਾ ਹੀ ਕੋਈ ਪਸ਼ੂ ਡੰਗਰ ਆ, ਜਿਹੜੇ ਵੇਚ ਕੇ ਦੇ ਦੇਵਾਗੇ।ਬਸ ਸਿਰ ਢਕਣ ਜਿੰਨੀ ਥਾਂ ਈ ਆਂ।ਭਿੰਦੇ ਨੇ ਵੀ ਹਾਲੇ ਕੁਝ ਨਹੀ ਭੇਜਿਆ।ਇਹ ਦਾ ਪਿਉ ਤਾਂ ਉਸ ਦਿੱਨ ਦਾ ਗੁੰਮ ਸੁੰਮ ਜਿਹਾ ਹੋਇਆ ਫਿਰਦਾ।ਸਾਨੂੰ ਤਾਂ ਲੈਣੇ ਵਾਲਿਆਂ ਨੇ ਧੱਕੇ ਮਾਰ ਕੇ ਪਿੰਡੋਂ ਬਾਹਰ ਕੱਢ ਦੇਣਾ।ਇਹ ਵੀ ਥੇਹ ਵਾਲੇ ਬਾਬਿਆਂ ਦੀ ਮੇਹਰ ਸਦਕਾ ਹੀ ਬਾਹਰ ਗਿਆ ਏ।ਤੁਸੀ ਇਸ ਦੁਖਿਆਰੀ ਭੈਣ ਦੇ ਦੁੱਖ ਨੂੰ ਸਮਝਣਾਂ ਵੀਰ ਜੀ, ਜੇ ਉਹ ਕਰੋਪ ਹੋ ਗਏ, ਸਾਡਾ ਤਾਂ ਰੱਬ ਹੀ ਰਾਖਾ ਏ!
ਭੈਣ ਜੀ,(ਟੋਕ ਕੇ) ਅਗਰ ਤੁਸੀ ਵੀਰ ਕਿਹਾ ਤਾਂ ਹੁਣ ਮੇਰੀ ਵੀ ਸੁਣੋਂ,ਜੇ ਤੁਹਾਡਾ ਰੱਬ ਉਪਰ ਵਿਸ਼ਵਾਸ ਹੈ ਤਾਂ ਤਹਾਨੂੰ ਬਿਲਕੁਲ ਘਬਰਾਉਣ ਦੀ ਲੋੜ ਨਹੀ।ਇਹ ਚੋਲਿਆਂ ਡੇਰਿਆਂ ਵਾਲਿਆਂ ਕੋਲ ਰੱਬ ਦਾ ਵਾਸਾ ਨਹੀ।ਭੁਲ ਭੁਲੇਖੇ ਕਿਤੇ ਇਹਨਾਂ ਕੋਲ ਆ ਵੀ ਜਾਵੇ, ਇਹ ਤਾ ਦਰਸ਼ਨ ਕਰਾਉਣ ਦੀ ਵੀ ਦੱਖਣਾ ਮੰਗਣ ਗੇ।ਇਸ ਕਰਕੇ ਇਹ ਤੁਹਾਡਾ ਕੁਝ ਨਹੀ ਵਿਗਾੜ ਸਕਦੇ।ਰਹੀ ਕਰੋਪੀ ਦੀ, ਤੁਸੀ ਮੇਰਾ ਮੋਬਾਈਲ ਨੰਬਰ ਦੇ ਦੇਣਾ।ਬਾਕੀ ਗੱਲ ਮੈਂ ਕਰ ਲਵਾਗਾ।ਉਸ ਦੀ ਗੱਲ ਹਾਲੇ ਪੂਰੀ ਵੀ ਨਹੀ ਸੀ ਹੋਈ,ਇੰਡੀਆ ਵਾਲੇ ਪਾਸੇ ਤੋਂ ਫੋਨ ਕੱਟ ਹੋ ਗਿਆ।ਕੋਲ ਹੀ ਪੰਜਾਬੀ ਫਿਲਮੀ ਗਾਣੇ ਦਾ ਮਿਉਜ਼ਕ ਚੱਲ ਰਿਹਾ ਸੀ,ਜਿਸ ਦੇ ਬੋਲ: (ਕੁਝ ਲਾਹ ਪ੍ਰਵਾਹ ਸਾਰਕਾਰਾਂ ਨੇ।ਕੁਝ ਵਿਕੇ ਹੋਏ ਅਖਬਾਰਾਂ ਨੇ।ਕੁਝ ਧਰਮ ਦੇ ਠੇਕੇਦਾਰਾਂ ਨੇ।ਮੇਰਾ ਸਾਰਾ ਹੀ ਮੁਲਕ ੳਜਾੜ ਤਾ, ਹਾਏ ਹਾਏ ਨੀ ਚਾਚੀ ੳਜਾੜ ਤਾ।)ਵੱਜ ਰਹੇ ਗੀਤ ਦੇ ਬੋਲਾਂ ਨੂੰ ਸੁਣਦਾ,ਗੁਲਬੰਤ ਮਨ ਵਿੱਚ ਧਰਮੀ ਠੇਕੇਦਾਰਾਂ ਨੂੰ ਕੋਸ ਰਿਹਾ ਸੀ।ਜਿਹੜੇ ਪ੍ਰਧਾਨਗੀਆਂ ਤੇ ਗੋਲਕਾਂ ਖਾਤਰ ਮਹਾਰਾਜ਼ ਦੀ ਹਜ਼ੂਰੀ ਵਿੱਚ ਗਾਲੀ ਗਲੋਚ ਤੇ ਪੱਗਾਂ ਲਾਉਣ ਤੱਕ ਤਾਂ ਉਤਰ ਆਉਦੇ ਨੇ ਜਿਸ ਦਾ ਉਹਨਾਂ ਨੂੰ ਫਿਕਰ ਹੁੰਦਾ।ਪਰ ਗੁਰੂਘਰਾਂ ਨਾਲੋਂ ਟੁੱਟ ਕੇ ਡੇਰਿਆਂ,ਸਾਧਾਂ,ਬਾਬਿਆਂ ਦੀ ਸ਼ਰਨ ਵਿੱਚ ਜਾਣ ਵਾਲੇ ਲੋਕਾਂ ਦੀ ਉਹਨਾਂ ਨੂੰ ਕੋਈ ਬਹੁਤੀ ਪ੍ਰਵਾਹ ਨਹੀ।ਟਰਰ ਟਰਰ ਦੀ ਅਵਾਜ਼ ਫਿਰ ਸ਼ੁਰੂ ਹੋ ਗਈ।ਹੈਲੋ ਭਗਤਾ ਅਸੀ ਚਰਨਦਾਸ ਥੇਹ ਵਾਲੇ ਡੇਰੇ ਤੋਂ ਆ।ਭਿੰਦੇ ਦੀ ਮਾਤਾ ਜੀ ਸਾਡੇ ਦੁਆਰ ਪਧਾਰੇ ਨੇ,ਇਹ ਬੜਾ ਦਿਆਲੂ, ਸ਼ਰਧਾਲੂ ਤੇ ਸ਼ਰਦਾ ਰੱਖਣ ਵਾਲਾ ਪ੍ਰਵਾਰ ਆ।ਇਹਨਾਂ ਦੇ ਬ੍ਰਖੁਰਦਾਰ ਦੇ ਕੋਈ ਸੱਟ ਫੇਟ ਲੱਗੀ ਆ ਤੁਸੀ ਮਲਮ ਪੱਟੀ ਕਰਵਾ ਦੇਣੀ।ਭਗਤਾ ਗੁਰੂਦੇਵ ਦੇ ਬਚਨ ਨੇ ਕਰ ਭਲਾ ਹੋ ਭਲਾ ਅੰਤ ਭਲੇ ਦਾ ਭਲਾ।ਬਾਬਾ ਬੁਰਾ ਤੁਸੀ ਕਰੋਂ ਭਲਾ ਮੈਂ ਕਰਾਂ,ਚੋਟਾਂ ਤੁਸੀ ਮਾਰੋਂ ਪੱਟੀਆਂ ਮੈਂ ਕਰਾਵਾਂ।ਇਹ ਕੰਮ ਵੀ ਤੁਸੀ ਆਪ ਹੀ ਕਰ ਜਾਵੋ?ਬਾਬਾ ਤੇਰਾ ਤਾਂ ਇਸ ਪ੍ਰਵਾਰ ਨੇ ਭਲਾ ਕਰਤਾ,ਹੁਣ ਲਗਦਾ ਤੂੰ ਇਹਨਾਂ ਦਾ ਅੰਤ ਕਰੇਗਾ।ਨਾਲੇ ਤੁਸੀ ਬਿਨ੍ਹਾਂ ਪਾਸਪੋਰਟ,ਵੀਜ਼ੇ ਤੇ ਟਿੱਕਟ ਤੋਂ ਰਾਤੀ ਪੈਰਿਸ ਤੇ ਸਵੇਰੇ ਮੋਗੇ ਕਿਵੇਂ ਜਾ ਵੜਦੇ ਹੋ।ਇਸ ਤਰ੍ਹਾਂ ਦਾ ਫੇਰ ਕਿਤੇ ਚੱਕਰ ਲੱਗਿਆ,ਤਾਂ ਲੰਘਦਾ ਸਾਡੇ ਰੈਸਰੋਰੈਂਟ ਵੀ ਹੋ ਜਾਵੀ ਤਦੁੰਰੀ ਦੇ ਨਾਲ ਘੁੰਟ….. ਬਾਬੇ ਨੇ ਟੈਲੀਫੋਨ ਵਿਚਕਾਰੋਂ ਹੀ ਕੱਟਾ ਦਿੱਤਾ।
ਭਿੰਦੇ ਆਦਮੀ ਦੀ ਮਿਹਨਤ ਹੀ ਉਸ ਦੀ ਜਿੰਦਗੀ ਵਿੱਚ ਖੁਸ਼ੀਆਂ ਦਾ ਰੰਗ ਭਰਦੀ ਆ।ਗੁਲਬੰਤ ਫੋਨ ਰੱਖਦਾ ਬੋਲਿਆ।ਕਿਸੇ ਡੇਰੇ,ਬਾਬੇ ਦੀਆਂ ਚੌਕੀਆਂ ਭਰਨ ਤੇ ਘਰੇ ਰੋਟੀ ਨਹੀ ਆ ਜਾਣੀ।ਮੁੱਲ ਦਾ ਦੁੱਧ ਪੀਕੇ ਭਲਵਾਨ ਨਹੀ ਬਣਦੇ,ਤੇ ਭਲਵਾਨਾਂ ਵਾਲੇ ਘਰ ਦੁੱਧ ਨਹੀ ਵੇਚਦੇ।ਅਗਰ ਤੂੰ ਮਿਹਨਕਸ਼ ਹੈ, ਆਤਮ
ਵਿਸ਼ਵਾਸ਼ ਨਾਲ ਭਰਪੂਰ ਤੇਰਾ ਇਰਾਦਾ ਦ੍ਰਿੜ ਹੈ, ਕਾਮਯਾਬੀ ਤੇਰੇ ਪਿੱਛੇ 2 ਆਵੇਗੀ।ਬੁਜ਼ਦਿੱਲ,ਅੰਧਵਿਸ਼ਵਾਸ਼ੀ ਇਨਸਾਨ ਕਾਮਯਾਬੀ ਦਾ ਰਸਤਾ ਨਹੀ ਲੱਭ ਸਕਦਾ।ਤੁਹਾਡੇ ਸਿਰ ਚੜ੍ਹਿਆ ਹੋਇਆ ਕਰਜ਼ਾ ਹੀ ਬਾਬੇ ਦਾ ਖੌਫ ਆ, ਖੌਫ ਦੇਣ ਵਾਲੇ ਕਿਸੇ ਦਾ ਭਲਾ ਨਹੀ ਕਰ ਸਕਦੇ।ਪੈਸੇ ਤਾਂ ਮਿਹਨਤ ਕਰਿਆ ਹੀ ਉਤਰਦੇ ਨੇ,ਜਦੋਂ ਪੈਸੇ ਉਤਰਗੇ ਬਾਬੇ ਵਾਲਾ ਭੁਤ ਵੀ ਉਤਰ ਜਾਉਗਾ।
ਅੰਕਲ ਜੀ ਮੈਂ ਫੋਨ ਕਰ ਸਕਦਾ।ਭਿੰਦਾ ਵਿਚੋਂ ਹੀ ਬੋਲ ਪਿਆ।ਮੰਮੀ ਅੱਜ ਤੋਂ ਬਾਅਦ ਤੂੰ ਕਿਸੇ ਬਾਬੇ ਦੇ ਡੇਰੇ ਤੇ ਨਹੀ ਜਾਣਾ,ਜਿਹੜੀ ਤੂੰ ਪੈਸਿਆਂ ਦੀ ਸੁੱਖ ਸੁੱਖੀ ਆ।ਉਹਨਾਂ ਦੀ ਕੋਈ ਮੱਝ ਗਾਂ ਲੈ ਆ।ਅਗਰ ਮਾਂ ਤੂੰ ਮੁੜ ਕੇ ਡੇਰੇ ਗਈ ਮੈਂ ਕਦੇ ਨਹੀ ਬੁਲਾਵਾਗਾ ਕਹਿ ਕੇ ਫੋਨ ਕੱਟ ਦਿੱਤਾ ।ਸਮੇ ਦੀ ਰਫਤਾਰ ਨੂੰ ਕੋਈ ਟਿਕਾ ਨਹੀ ਸਕਦਾ ,ਲੇਖਾਂ ਨੂੰ ਕੋਈ ਮਿਟਾ ਨਹੀ ਸਕਦਾ ਤੇ ਰੱਬ ਦਾ ਦਿੱਤਾ ਕੋਈ ਚੁਰਾ ਨਹੀ ਸਕਦਾ।ਅੱਜ ਕੱਲ ਉਹ ਭਿੰਦੇ ਤੋਂ ਹਰਭਿੰਦਰ ਬਣ ਕੇ ਆਪਣਾ ਕਾਰੋਬਾਰ ਕਰ ਰਿਹਾ ਹੈ।ਪਿਛਲੇ ਸਾਲ ਉਸ ਨੇ ਆਪਣੇ ਪਿੰਡ ਦੇ ਲਾਗਲੇ ਕਸਬੇ ਵਿੱਚ ਬਣੀ ਬਣਾਈ ਖੁਬਸੂਰਤ ਕੋਠੀ ਖਰੀਦੀ ਹੈ।ਅਤੇ ਉਸ ਦੇ ਮਾਂ ਬਾਪ ਅਮਰੀਕਾ ਵਿੱਚ ਰਹਿ ਰਹੇ ਨੇ।ਨਾ ਹੀ ਉਸ ਵਿੱਚ ਆ ਕੇ ਕਦੇ ਬਾਬੇ ਨੇ ਸ਼ੀਸ਼ੇ ਭੰਨੇ ਹਨ।