ਬਰਨਾਲਾ,(ਜੀਵਨ ਰਾਮਗੜ)- ਬਰਨਾਲਾ ਜਿਲੇ ਦਾ ਪਿੰਡ ਠੀਕਰੀਵਾਲ ਸ਼ਹੀਦਾਂ ਅਤੇ ਦੇਸ਼ ਭਗਤਾਂ ਦੀ ਧਰਤੀ ਹੈ ਜਿਸਨੇ ਪਰਜਾ ਮੰਡਲੀਆਂ,ਗਦਰੀ ਬਾਬਿਆਂ ਅਤੇ ਹੋਰ ਅਨੇਕਾਂ ਅਜਾਦੀ ਸੰਗਰਾਮੀਆਂ ਨੂੰ ਜਨਮ ਦਿਤਾ ਹੈ। ਜਿੰਨਾਂ ਵਿਚੋਂ ਸਭ ਤੋਂ ਉੱਪਰ ਮਹਾਂ ਦੇਸ਼ ਭਗਤ ਸ੍ਰ ਸੇਵਾ ਸਿੰਘ ਠੀਕਰੀਵਾਲ ਦਾ ਨਾਂਅ ਆਉਂਦਾ ਹੈ। ਪਰਜ਼ਾ ਮੰਡਲ ਦੇ ਮੁਖੀ ਸ੍ਰ. ਸੇਵਾ ਸਿੰਘ ਠੀਕਰੀਵਾਲ ਨੇ ਰਜਵਾੜਾਂ ਸ਼ਾਹੀ ਅਤੇ ਅੰਗਰੇਜ਼ੀ ਹਕੂਮਤ ਦੇ ਖਿਲਾਫ਼ ਆਪਾ ਕੁਰਬਾਨ ਕਰ ਦਿੱਤਾ, ਪ੍ਰੰਤੂ ਸਮੇਂ ਦੀਆਂ ਸਰਕਾਰਾਂ ਨੇ ਉਸਦੇ ਜੱਦੀ ਪਿੰਡ ’ਚ ਹਰ ਵਾਰ ਸਿਆਸੀ ਕਾਨਫਰੰਸਾਂ ਕਰਕੇ ਵੋਟਾਂ ਦੀ ਰਾਜਨੀਤੀ ਤਾਂ ਕੀਤੀ ਪ੍ਰੰਤੂ ਉਸਦੀ ਖੰਡਰ ਹੋ ਰਹੀ ਜੱਦੀ ਹਵੇਲੀ ਅਤੇ ਪਿੰਡ ਦੀ ਨੁਹਾਰ ਬਦਲਣ ਦੀ ਕਦੇ ਗੌਰ ਨਹੀਂ ਜਿਸ ਕਾਰਨ ਸ੍ਰ. ਸੇਵਾ ਸਿੰਘ ਦੇ ਪਿੰਡ ਠੀਕਰੀਵਾਲਾ ਦੇ ਵਾਸੀਆਂ ’ਚ ਭਾਰੀ ਰੋਸ ਹੈ।
ਸ੍ਰ. ਸੇਵਾ ਸਿੰਘ ਠੀਕਰੀਵਾਲਾ ਦਾ ਜਨਮ 1886 ਈਸਵੀ ਨੂੰ ਮਾਤਾ ਹਰ ਕੌਰ ਦੀ ਕੁੱਖੋਂ ਪਿਤਾ ਦੇਵਾ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦੇ ਪਿਤਾ ਦੇਵਾ ਸਿੰਘ ਪਟਿਆਲਾ ਦੇ ਸਾਹੀ ਘਰਾਣੇ ਨਾਲ ਸਬੰਧਤ ਸਨ। ਸ੍ਰ ਸੇਵਾ ਸਿੰਘ ਨੇ ਅੱਠਵੀਂ ਤੱਕ ਦੀ ਸਿਖਿਆ ਪਟਿਆਲਾ ਤੋਂ ਹੀ ਹਾਸਲ ਕੀਤੀ ਸੀ ਅਤੇ ਉਰਦੂ, ਫਾਰਸੀ, ਪੰਜਾਬੀ ਅਤੇ ਅੰਗਰੇਜ਼ੀ ਭਾਸ਼ਾ ਦਾ ਗਿਆਨ ਪ੍ਰਾਪਤ ਕੀਤਾ ਸੀ। ਚਾਰ ਭਾਸ਼ਾਵਾਂ ਦੇ ਗਿਆਤਾ ਹੋਣ ਕਾਰਨ ਉਨ੍ਹਾਂ ਨੂੰ ਪਟਿਆਲਾ ਦੇ ਮਹਾਰਾਜਾ ਰਜਿੰਦਰ ਸਿੰਘ ਨੇ ਉਨ੍ਹਾਂ ਨੂੰ ਸਲਾਹਕਾਰ ਵੀ ਰੱਖਿਆ ਸੀ। ਉਨ੍ਹਾਂ ਨੇ ਅਕਾਲੀ ਦਲ ਦੇ ਮੀਤ ਪ੍ਰਧਾਨ ਦੇ ਅਹੁਦੇ ’ਤੇ ਰਹਿੰਦਿਆਂ ਆਪਣੀਆਂ ਗਤੀਵਿਧੀਆਂ ਨੂੰ ਹੋਰ ਤੇਜ਼ ਕਰ ਦਿੱਤਾ ਸੀ। ਧਾਰਮਿਕ ਅਤੇ ਸਿਆਸੀ ਖੇਤਰ ਵਿਚ ਲਾਸਾਨੀ ਯੋਗਦਾਨ ਦੇਣ ਵਾਲੇ ਸ਼ਹੀਦ ਸੇਵਾ ਸਿੰਘ ਠੀਕਰੀਵਾਲ ਨੇ ਪਰਜਾ ਮੰਡਲ ਲਹਿਰ ’ਚ ਮੋਢੀ ਰੋਲ ਅਦਾ ਕੀਤਾ ਜਿਸ ਕਾਰਨ ਉਨ੍ਹਾਂ ਨੂੰ ਜੈਤੋ ਦੇ ਮੋਰਚੇ ਵੇਲੇ 1923 ’ਚ ਗਿਰਫ਼ਤਾਰ ਕਰ ਕੇ ਜੇਲ੍ਹ ਡੱਕ ਦਿੱਤਾ ਸੀ, ਜਿਸ ਉਪਰੰਤ ਸ੍ਰ ਠੀਕਰੀਵਾਲਾ ਸੰਨ 1926 ’ਚ ਸਾਥੀਆਂ ਸਮੇਤ ਰਿਹਾ ਹੋਏ। ਅੰਗਰੇਜ਼ ਹਕੂਮਤ ਸੇਵਾ ਸਿੰਘ ਤੋਂ ਐਨਾਂ ਭੈਅ ਖਾਣ ਲੱਗ ਪਈ ਸੀ ਕਿ ਉਨ੍ਹਾਂ ’ਤੇ ਰਿਹਾਅ ਹੋਣ ਉਪਰੰਤ ਇੱਕ ਗੜਵੀ ਚੋਰੀ ਦਾ ਝੂਠਾ ਕੇਸ ਪਾ ਕੇ ਫਿਰ ਜੇਲ੍ਹ ਡੱਕ ਦਿੱਤਾ ਸੀ ਜੋ ਕਿ 1929 ’ਚ ਇਹ ਕੇਸ ਖਾਰਜ਼ ਹੋਣ ਕਾਰਨ ਆਪ ਫਿਰ ਰਿਹਾਅ ਹੋ ਗਏ ਸਨ। ਇਸ ਤੋਂ ਬਾਅਦ ਵੀ ਸ੍ਰ. ਸੇਵਾ ਸਿੰਘ ਠੀਕਰੀਵਾਲਾ 1933 ਅਤੇ 1935 ਦਰਮਿਆਨ ਕਈ ਵਾਰ ਜੇਲ੍ਹ ਗਏ ਅਤੇ ਰਿਹਾਅ ਹੁੰਦੇ ਰਹੇ। ਅਖੀਰ ਉਨ੍ਹਾਂ ਨੂੰ ਪਟਿਆਲਾ ਰਿਆਸਤ ਦੇ ਮਹਾਰਾਜਾ ਭੁਪਿੰਦਰ ਸਿੰਘ ਦੇ ਕਾਲ ਦੋਰਾਨ ਜੇਲ੍ਹ ਡੱਕ ਦਿੱਤਾ ਗਿਆ। ਸ੍ਰ. ਸੇਵਾ ਸਿੰਘ ਨੇ ਇਥੇ ਹੀ ਜੇਲ੍ਹ ’ਚ ਅਣਮਨੁੱਖ ਵਤੀਰੇ ਖਿਲਾਫ਼ 9 ਮਹੀਨੇ 25 ਦਿਨ ਦੀ ¦ਮੀ ਭੁੱਖ ਹੜਤਾਲ ਕੀਤੀ ਜਿਸ ਕਾਰਨ ਜੇਲ੍ਹ ਦੇ ਘੁਮਿਆਰ ਹਾਤੇ ਦੀ ਕਾਲ ਕੋਠੜੀ ਅੰਦਰ ਸਿਰਫ਼ 9 ਪੌਂਡ ਦੇ ਵਜ਼ਨ ’ਚ 19-20 ਜਨਵਰੀ 1935 ਦੀ ਦਰਮਿਆਨੀ ਰਾਤ ਨੂੰ ਸ਼ਹੀਦੀ ਪ੍ਰਾਪਤ ਕਰ ਗਏ।
ਸ੍ਰ ਸੇਵਾ ਸਿੰਘ ਠੀਕਰੀਵਾਲਾ ਦੀ ਬਰਸ਼ੀ ਮੌਕੇ ਸਿਆਸੀ ਕਾਨਫਰੰਸਾਂ ਰਾਹੀਂ ਸਰਕਾਰਾਂ ਸ਼ਹੀਦ ਨੂੰ ਸਰਧਾਜ਼ਲੀਆਂ ਦੇਣ ਦੇ ਡਰਾਮੇ ਤਾਂ ਕਰਦੀਆਂ ਹਨ ਪ੍ਰੰਤੂ ਨਾ ਤਾਂ ਕਾਂਗਰਸੀਆਂ ਨੇ ਪਿੰਡ ਦੇ ਵਿਕਾਸ ਦੀ ਕਾਂਗਰਸੀਆਂ ਨੇ ਗੌਰ ਕੀਤੀ ਹੈ ਅਤੇ ਨਾ ਹੀ ਅਕਾਲੀਆਂ ਨੇ। ਸ਼ਹੀਦ ਸੇਵਾ ਸਿੰਘ ਨੇ ਜਿਸ ਸਥਾਨ ’ਤੇ ਜਨਮ ਲਿਆ ਸੀ ਉਹ ਜਗ੍ਹਾ ਅੱਜ ਖੰਡਰ ਦਾ ਰੂਪ ਧਾਰਨ ਕਰ ਚੁੱਕੀ ਹੈ। ਸਿਰਫ ਇੱਕ ਕੰਧ ਨੁਮਾ ਖੰਡਰ ਬਿਲਡਿੰਗ ਇੱਕ ਨਿਸ਼ਾਨੀ ਵਜੋਂ ਹੀ ਰਹਿ ਗਈ ਹੈ। ਇਸ ਜਗ੍ਹਾ ਨੂੰ ਨਾ ਤਾਂ ਕਾਂਗਰਸੀਆਂ ਨੇ ਸੱਤਾ ’ਚ ਰਹਿੰਦਿਆਂ ਵਿਰਾਸਤ ਵਜੋਂ ਸਾਭਣ ਦਾ ਯਤਨ ਕੀਤਾ ਅਤੇ ਨਾ ਹੀ ਅਕਾਲੀ ਸਰਕਾਰ ਨੇ। ਪਿੰਡ ਵਾਸੀਆਂ ’ਚ ਗੁਰਮੀਤ ਸਿੰਘ ਸੰਧੂ, ਕਲੱਬ ਦੇ ਪ੍ਰਧਾਨ ਸੈਂਭਰ ਸਿੰਘ, ਗਿੰਦਰ ਸਿੰਘ, ਜੋਰਾ ਸਿੰਘ , ਕਰਮਜੀਤ ਸਿੰਘ, ਨੇਕ ਸਿੰਘ ਨਾਜ਼ਰ ਸਿੰਘ ਆਦਿ ਨੇ ਕਿਹਾ ਕਿ ਸ਼੍ਹ ਸੇਵਾ ਸਿੰਘ ਦੀ ਕੁਰਬਾਨੀ ਦਾ ਕਿਸੇ ਵੀ ਸਰਕਾਰ ਨੇ ਮੁੱਲ ਨਹੀਂ ਪਾਇਆ। ਊੁਨ੍ਹਾਂ ਰੋਸ ਜਾਹਰ ਕਰਦਿਆਂ ਕਿਹਾ ਕਿ ਹਰ ਸਾਲ ਸ਼ਹੀਦ ਦੇ ਨਾਂਅ ’ਤੇ ਪਿੰਡ ’ਚ ਕਾਨਫਰੰਸਾਂ ਕਰਕੇ ਉਸਦੇ ਨਾਂਅ ਦਾ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਪ੍ਰੰਤੂ ਅਸਲ ’ਚ ਪਿੰਡ ਨੂੰ ਕਿਸੇ ਵੀ ਪਾਰਟੀ ਦੀ ਕੋਈ ਦੇਣ ਨਹੀਂ ਹੈ। ਉੂਨ੍ਹਾਂ ਇਹ ਵੀ ਦੱਸਿਆ ਕਿ ਦੋ ਸਾਲ ਪਹਿਲਾਂ ਪਿੰਡ ’ਚ ਸ਼ਹੀਦ ਦੀ ਬਰਸ਼ੀ ਮੌਕੇ ਪੰਜਾਬ ਦੇ ਡਿਪਟੀ ਮੁੱਖ ਮੰਤਰੀ ਸੁਖਵੀਰ ਸਿੰਘ ਬਾਦਲ ਨੇ ਉਨ੍ਹਾਂ ਦੀ ਯਾਦਗਾਰ ਬਣਾਉਣ ਅਤੇ ਪਿੰਡ ਦੇ ਵਿਕਾਸ ਖਾਤਰ ਹਰ ਸਾਲ ਇੱਕ ਕਰੋੜ ਰੁਪਏ ਦੇਣ ਦਾ ਐਲਾਨ ਕਰਨ ਤੋਂ ਇਲਾਵਾ ਪਿੰਡ ’ਚ ਕੁੜੀਆਂ ਲਈ ਅਧੁਨਿਕ ਸਹੂਲਤਾਂ ਵਾਲਾ ਕਾਲਜ਼ ਬਣਾਉਣ ਦਾ ਵਾਅਦਾ ਕੀਤਾ ਸੀ ਜੋ ਅਜੇ ਤੱਕ ਵੀ ਪੂਰਾ ਨਹੀਂ ਹੋਇਆ। ਪਿੰਡ ਦੇ ਸਰਪੰਚ ਲਖਵੀਰ ਸਿੰਘ ਨੇ ਦੱਸਿਆ ਕਿ ਹਰ ਸਾਲ ਇੱਕ ਕਰੋੜ ਤਾਂ ਦੂਰ ਦੀ ਗੱਲ ਅਜੇ ਤੱਕ ਦੋ ਕਿਸਤਾਂ ’ਚ ਸਿਰਫ਼ 50 ਕੁ ਲੱਖ ਆਏ ਹਨ। ਜਿੰਨ੍ਹਾਂ ਨਾਲ ਪਿੰਡ ਦੀਆਂ ਗਲੀਆਂ-ਨਾਲੀਆਂ ਦੀ ਵੀ ਹਾਲਤ ਨਹੀਂ ਸੁਧਰ ਸਕੀ। ਉਨ੍ਹਾਂ ਕਿਹਾ ਕਿ ਉਹ ਐਤਕੀ ਵੀ ਸਰਕਾਰ ਕੋਲ ਪੁਰਾਣੇ ਕੀਤੇ ਵਾਅਦੇ ਯਾਦ ਕਰਵਾਉਣਗੇ। ਪਿੰਡ ਦੀਆਂ ਗਲੀਆਂ ਦਾ ਐਨਾਂ ਕੁ ਮਾੜਾ ਹਾਲ ਹੈ ਕਿ ਥੋੜੀ ਜਿਹੇ ਮੀਂਹ ਪੈਣ ਕਾਰਨ ਪਿੰਡ ’ਚ ਗਾਰਾ ਹੀ ਗਾਰਾ ਹੋ ਜਾਂਦਾ ਹੈ। ਰਾਹਗੀਰਾਂ ਨੂੰ ਚਿੱਕੜ ਦਾ ਸਾਹਮਣਾਂ ਕਰਨਾਂ ਪੈਂਦਾ ਹੈ। ਪਿੰਡ ਦੇ ਲੋਕਾਂ ਦੀ ਮੰਗ ਹੈ ਕਿ ਸ਼ਹੀਦ ਦੇ ਘਰ ਨੂੰ ਵਿਰਾਸਤ ਵਜੋਂ ਸੰਭਾਲ ਕੇ ਦੇਖਣ ਦੇ ਲਾਇਕ ਬਣਾਇਆ ਜਾਵੇ ਅਤੇ ਅਕਾਲੀ ਭਾਜਪਾ ਸਰਕਾਰ ਵੱਲੋਂ ਕੀਤੇ ਵਾਅਦੇ ਪੂਰੇ ਕੀਤੇ ਜਾਣ।
ਜਦੋਂ ਇਸ ਸਬੰਧੀ ਸ੍ਰੋਮਣੀ ਅਕਾਲੀ ਦਲ ਦੇ ਸਕੱਤਰ ਜਨਰਲ ਤੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਨਾਲ ਸਪੰਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਸਰਕਾਰ ਕੀਤੇ ਵਾਅਦੇ ਜਰੂਰ ਪੂਰੇ ਕਰੇਗੀ। ਉਨ੍ਹਾਂ ਪਿੰਡ ਨੂੰ ਹਰ ਸਾਲ ਇੱਕ ਕਰੋੜ ਰੁਪਏ ਦੇਣ ਅਤੇ ਪਿੰਡ ’ਚ ਕੁੜੀਆਂ ਦੇ ਕਾਲਜ਼ ਬਣਾਉਣ ਸਬੰਧੀ ਕੀਤੇ ਵਾਅਦਿਆਂ ਸਬੰਧੀ ਕੋਈ ਤਸੱਲੀਬਖ਼ਸ ਜੁਆਬ ਨਹੀਂ ਦਿੱਤਾ।