ਜੈਪੁਰ- ਕਾਂਗਰਸ ਵੱਲੋਂ ਜੈਪੁਰ ਵਿੱਚ ਲਗਾਏ ਗਏ ਦੋ ਰੋਜ਼ਾ ਚਿੰਤਨ ਕੈਂਪ ਵਿੱਚ ਰਾਹੁਲ ਗਾਂਧੀ ਨੂੰ ਵੱਡੀ ਜਿੰਮੇਵਾਰੀ ਦਿੰਦੇ ਹੋਏ ਕਾਂਗਰਸ ਦਾ ਵਾਈਸ ਪ੍ਰੈਜੀਡੈਂਟ ਬਣਾਇਆ ਗਿਆ। ਰਾਹੁਲ ਹੁਣ ਕਾਂਗਰਸ ਵਿੱਚ ਸੋਨੀਆ ਤੋਂ ਬਾਅਦ ਦੂਸਰੇ ਨੰਬਰ ਤੇ ਹਨ। ਕਾਂਗਰਸ ਦੇ ਬੁਲਾਰੇ ਜਨਾਰਦਨ ਦਿਵੇਦੀ ਨੇ ਦੇਰ ਰਾਤ ਕਾਗਰਸ ਵਰਕਿੰਗ ਕਮੇਟੀ ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ। ਰਾਹੁਲ ਇਸ ਤੋਂ ਪਹਿਲਾਂ ਪਾਰਟੀ ਦੇ ਜਨਰਲ ਸਕੱਤਰ ਸਨ। 2014 ਵਿੱਚ ਆਉਣ ਵਾਲੀਆਂ ਲੋਕਸਭਾ ਚੋਣਾਂ ਵਿੱਚ ਕਾਂਗਰਸ ਦੀ ਅਗਵਾਈ ਕਰਨਗੇ।
ਰਾਹੁਲ ਗਾਂਧੀ ਨੂੰ ਉਪ ਪ੍ਰਧਾਨ ਬਣਾਏ ਜਾਣ ਤੇ ਪਾਰਟੀ ਵਰਕਰਾਂ ਨੇ ਜਸ਼ਨ ਮਨਾਉਣੇ ਸ਼ੁਰੂ ਕਰ ਦਿੱਤੇ। 10 ਜਨਪਥ ਦੇ ਬਾਹਰ ਵੀ ਕਾਂਗਰਸੀ ਵਰਕਰਾਂ ਨੇ ਇਕੱਠੇ ਹੋ ਕੇ ਆਤਿਸ਼ਬਾਜੀ ਚਲਾਈ ਅਤੇ ਜਸ਼ਨ ਦਾ ਮਾਹੌਲ ਰਿਹਾ।ਰਾਹੁਲ ਦੇ ਉਪ ਪ੍ਰਧਾਨ ਬਣਾਏ ਜਾਣ ਤੇ ਭਾਜਪਾ ਦੇ ਬੁਲਾਰੇ ਸ਼ਾਹਨਵਾਜ਼ ਹੁਸੈਨ ਨੇ ਟਿਪਣੀ ਕਰਦੇ ਹੋਏ ਕਿਹਾ ਕਿ ਇਸ ਨਾਲ ਨਾਂ ਤਾਂ ਦੇਸ਼ ਨੂੰ ਕੋਈ ਲਾਭ ਹੋਵੇਗਾ ਅਤੇ ਨਾਂ ਹੀ ਕਾਂਗਰਸ ਨੂੰ। ਇਹ ਕੋਈ ਨਵੀਂ ਗੱਲ ਨਹੀਂ ਹੈ ਉਹ ਪਹਿਲਾਂ ਹੀ ਕਾਂਗਰਸ ਵਿੱਚ ਦੋ ਨੰਬਰ ਤੇ ਸਨ।