ਨਵੀਂ ਦਿੱਲੀ – ਸ. ਪਰਮਜੀਤ ਸਿੰਘ ਸਰਨਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦਿੱਲੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇਥੇ ਆਪਣੇ ਨਿਵਾਸ ਤੇ ਕੁਝ ਚੋਣਵੇਂ ਪਤ੍ਰਕਾਰਾਂ ਨਾਲ ਹੋਈ ਇਕ ਮੁਲਾਕਾਤ ਦੌਰਾਨ ਵਿਰੋਧੀਆਂ ਵਲੋਂ ਗੁਰਦੁਆਰਾ ਬਾਲਾ ਸਾਹਿਬ ਹਸਪਤਾਲ ਵੇਚ ਦੇਣ, ਆਦਿ ਦੇ ਲਾਏ ਜਾ ਰਹੇ ਦੋਸ਼ਾਂ ਦੇ ਸਬੰਧ ਵਿੱਚ ਪੁਛੇ ਗਏ ਸੁਆਲਾਂ ਦਾ ਜਵਾਬ ਦਿੰਦਿਆਂ ਵਿਸਥਾਰ ਨਾਲ ਦਸਿਆ ਕਿ ਗੁਰਦੁਆਰਾ ਬਾਲਾ ਸਾਹਿਬ ਵਿਖੇ ਬਣੀ ਬਿਲਡਿੰਗ ਵਿੱਚ ਹਸਪਤਾਲ ਦੀ ਅਰੰਭਤਾ ਲਈ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਮੈਡੀਕਲ ਅਤੇ ਪ੍ਰਬੰਧਕੀ ਖੇਤ੍ਰ ਦੇ ਮਾਹਿਰਾਂ ਨਾਲ ਇੱਕ ਬੈਠਕ ਕਰ ਵਿਚਾਰ-ਵਟਾਂਦਰਾ ਕੀਤਾ ਗਿਆ ਸੀ। ਇਸ ਵਿਚਾਰ-ਵਟਾਂਦਰੇ ਦੌਰਾਨ ਇਹ ਤੱਥ ਉਭਰ ਕੇ ਸਾਹਮਣੇ ਆਏ ਸਨ ਕਿ 400 ਬਿਸਤਰਿਆਂ ਵਾਲੇ ਹਸਪਤਾਲ ਨੂੰ ਆਧੁਨਿਕ ਪੱਧਰ ਦਾ ਸਥਾਪਤ ਕਰਨ ਅਤੇ ਉਸਨੂੰ ਸੁਚਾਰੂ ਰੂਪ ਵਿੱਚ ਚਲਦਿਆਂ ਰਖਣ ਲਈ ਮੁਢਲੇ ਰੂਪ ਵਿੱਚ ਹੀ ਤਿੰਨ-ਚਾਰ ਸੌ ਕਰੋੜ ਰੁਪਏ ਦੀ ਲੋੜ ਹੋਵੇਗੀ। ਇਸਤੋਂ ਬਾਅਦ ਹਰ ਸਾਲ ਸਟਾਫ ਦੀਆਂ ਤਨਖਾਹਾਵਾਂ, ਦੁਆਈਆਂ ਅਤੇ ਰਖ-ਰਖਾਉ ਤੋਂ ਇਲਾਵਾ ਮਸ਼ੀਨਾਂ ਤੇ ਹੋਰ ਉਪਕਰਣਾਂ ਦੀ ਦੇਖ-ਭਾਲ ਅਤੇ ਹੋ ਰਹੀਆਂ ਨਵੀਆਂ ਖੋਜਾਂ ਦੇ ਆਧਾਰ ਤੇ ਆ ਰਹੇ ਬਦਲਾਉ ਕਾਰਣ ਸਮੇਂ-ਸਮੇਂ ਇਨ੍ਹਾਂ ਨੂੰ ਬਦਲਦਿਆਂ ਰਹਿਣ ਤੇ ਕਰੋੜਾਂ ਰੁਪਏ ਖਰਚ ਹੁੰਦੇ ਰਹਿਣਗੇ, ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਵਲੋਂ ਆਪਣੇ 50-60 ਕਰੋੜ ਰੁਪਏ ਦੇ ਸਾਲਾਨਾ ਬਜਟ ਵਿਚੋਂ ਪੂਰਿਆਂ ਕਰ ਪਾਣਾ ਕਿਸੇ ਵੀ ਤਰ੍ਹਾਂ ਸੰਭਵ ਨਹੀਂ ਹੋਵੇਗਾ। ਇਸੇ ਲਈ ਇਨ੍ਹਾਂ ਮਾਹਿਰਾਂ ਦੀ ਸਲਾਹ ਨਾਲ ਇਸ ਹਸਪਤਾਲ ਨੂੰ ਚਲਾਉਣ ਲਈ ਕਿਸੇ ਅੰਤਰਰਾਸ਼ਟਰੀ ਸਾਖ ਰਖਣ ਵਾਲੀ ਮੈਡੀਕਲ ਸੰਸਥਾ ਦੀ ਚੋਣ ਕਰਨ ਅਤੇ ਅਗੋਂ ਪ੍ਰਬੰਧ ਦੀ ਦੇਖ-ਭਾਲ ਕਰਦਿਆਂ ਰਹਿਣ ਦੀ ਜ਼ਿਮੇਂਦਾਰੀ ਸੰਭਾਲੀ ਰਖਣ ਲਈ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਇੱਕ ਟਰੱਸਟ ਗਠਿਤ ਕਰਨ ਦਾ ਫੈਸਲਾ ਕੀਤਾ ਗਿਆ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸਦੇ ਟਰੱਸਟੀਆਂ ਵਿੱਚ ਦੋ ਸੰਸਾਰ ਪ੍ਰਸਿੱਧ ਡਾਕਟਰ, ਦੋ ਉਘੇ ਵਕੀਲ ਜਾਂ ਸੇਵਾ ਮੁਕਤ ਜੱਜ, ਇਕ ਸੇਵਾ ਮੁਕਤ ਪ੍ਰਸ਼ਾਸਨਿਕ ਅਧਿਕਾਰੀ, ਇੱਕ ਚਾਰਟਰਡ ਐਕਾਉਟੈਂਟ, ਇੱਕ ਬੈਂਕਰ, ਅੱਠ ਆਪੋ-ਆਪਣੇ ਖੇਤ੍ਰ ਵਿਚਲੇ ਉਘੇ ਵਪਾਰੀ ਅਤੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਤੇ ਜਨਰਲ ਸਕਤੱਰ ਸ਼ਾਮਲ ਹੋਣ। ਇਹ ਵੀ ਫੈਸਲਾ ਕੀਤਾ ਗਿਆ ਕਿ ਕੋਈ ਵੀ ਲਾਈਫ ਟਰੱਸਟੀ ਨਹੀਂ ਹੋਵੇਗਾ, ਇੱਕ ਤਿਹਾਈ ਟਰੱਸਟੀ ਹਰ ਤਿੰਨ ਸਾਲ ਬਾਅਦ ਸੇਵਾ-ਮੁਕਤ ਹੋਣਗੇ ਅਤੇ ਉਨ੍ਹਾਂ ਦੀ ਥਾਂ ਨਵੇਂ ਟਰੱਸਟੀ ਦਿੱਲੀ ਗੁਰਦੁਆਰਾ ਕਮੇਟੀ ਦੇ ਅੰਤ੍ਰਿੰਗ ਬੋਰਡ ਵਲੋਂ ਸ਼ਾਮਲ ਕੀਤੇ ਜਾਣਗੇ, ਜੋ ਕਿ ਇਸ ਗਲ ਦਾ ਪ੍ਰਤੱਖ ਪ੍ਰਮਾਣ ਹੈ ਕਿ ਇਹ ਟਰੱਸਟ ਸੁਤੰਤਰ ਨਹੀਂ, ਸਗੋਂ ਦਿੱਲੀ ਗੁਰਦੁਆਰਾ ਕਮੇਟੀ ਦੇ ਅਧੀਨ ਹੋਵੇਗਾ।
ਸ. ਸਰਨਾ ਨੇ ਹੋਰ ਦਸਿਆ ਕਿ ਕਾਨੁੰਨੀ ਮਾਹਿਰਾਂ ਪਾਸੋਂ ਇਸ ਟਰੱਸਟ ਦੇ ਗਠਨ ਦੀ ਰੂਪ-ਰੇਖਾ ਨਾਲ ਸਬੰਧਤ ਨਿਯਮਾਂ-ਉਪਨਿਯਮਾਂ ਦਾ ਖਰੜਾ ਤਿਆਰ ਕਰਵਾਇਆ ਗਿਆ, ਜੋ ਗੁਰਦੁਆਰਾ ਕਮੇਟੀ ਦੇ ਸਾਰੇ ਮੈਂਬਰਾਂ ਨੂੰ, ਉਨ੍ਹਾਂ ਦੇ ਵਿਚਾਰ ਜਾਣਨ ਲਈ ਭੇਜਿਆ ਗਿਆ। ਇਸਤੋਂ ਉਪਰੰਤ ਪ੍ਰਵਾਨਗੀ ਲਈ ਗੁਰਦੁਆਰਾ ਕਮੇਟੀ ਦੇ ਜਨਰਲ ਇਜਲਾਸ, ਜਿਸ ਵਿੱਚ ਦਿੱਲੀ ਪ੍ਰਦੇਸ਼ ਅਕਾਲੀ ਦਲ (ਬਾਦਲ) ਦੇ ਉਸ ਸਮੇਂ ਦੇ ਪ੍ਰਧਾਨ ਜ. ਅਵਤਾਰ ਸਿੰਘ ਹਿਤ ਤੇ ਉਨ੍ਹਾਂ ਦੇ ਦਲ ਦੇ 14 ਮੈਂਬਰ ਅਤੇ ਸ਼੍ਰੋਮਣੀ ਅਕਾਲੀ ਦਲ ਪੰਥਕ (ਜ. ਸੰਤੋਖ ਸਿੰਘ) ਦੇ ਪ੍ਰਧਾਨ ਜ. ਮਨਜੀਤ ਸਿੰਘ ਜੀਕੇ ਅਤੇ ਉਨ੍ਹਾਂ ਦੇ ਦਲ ਦੇ 6 ਮੈਂਬਰ ਵੀ ਮੌਜੂਦ ਸਨ, ਵਿੱਚ ਪੇਸ਼ ਕੀਤਾ ਗਿਆ। ਖੁਲ੍ਹੀ ਵਿਚਾਰ ਉਪਰੰਤ ਸਰਬ-ਸੰਮਤੀ ਨਾਲ ਉਸਨੂੰ ਪ੍ਰਵਾਨਗੀ ਦਿੱਤੀ ਗਈ। ਜਨਰਲ ਇਜਲਾਸ ਦੀ ਪ੍ਰਵਾਨਗੀ ਤੋਂ ਬਾਅਦ ਨਿਯਮਾਂ ਅਨੁਸਾਰ ਹੀ ਟਰੱਸਟ ਦਾ ਗਠਨ ਕੀਤਾ ਗਿਆ।
ਇਸ ਟਰੱਸਟ ਵਲੋਂ ਹਸਪਤਾਲ ਚਲਾਉਣ ਲਈ ਅਖਬਾਰਾਂ ਵਿੱਚ ਇਸ਼ਤਿਹਾਰ ਦੇ ਕੇ ਵਿਸ਼ਵ-ਪਧਰੀ ਸਿਹਤ ਸੇਵਾਵਾਂ ਨਾਲ ਸਬੰਧਤ ਚੰਗੀ ਸਾਖ ਰਖਣ ਵਾਲੀਆਂ ਸੰਸਥਾਵਾਂ ਪਾਸੋਂ ਪੇਸ਼ਕਸ਼ਾਂ ਦੀ ਮੰਗ ਕੀਤੀ ਗਈ। ਆਈਆਂ ਸਾਰੀਆਂ ਪੇਸ਼ਕਸ਼ਾਂ ’ਤੇ ਵਿਸਥਾਰ ਨਾਲ ਵਿਚਾਰ ਅਤੇ ਸਲਾਹ-ਮਸ਼ਵਰਾ ਕਰਨ ਉਪਰੰਤ ਸਬੰਧਤ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਗਲਬਾਤ ਕਰਕੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਸ਼ਰਤਾਂ ਤੇ ਪੂਰਿਆਂ ਉਤਰਨ ਵਾਲੀ ਸੰਸਥਾ ਨਾਲ ਹਸਪਤਾਲ ਚਲਾਉਣ ਲਈ ਸਮਝੌਤਾ ਕੀਤਾ ਗਿਆ। ਸ਼ਰਤਾਂ ਅਨੁਸਾਰ 25% ਓਪੀਡੀ ਅਤੇ 10% ਆਈਪੀਡੀ ਮੁਫਤ ਇਲਾਜ ਦੀਆਂ ਸਹੂਲਤਾਂ ਉਪਲਬੱਧ ਕਰਵਾਉਣ ਦੇ ਨਾਲ ਹੀ ਇੱਕ ਨਿਸ਼ਚਿਤ ਰਕਮ ਟਰੱਸਟ ਨੂੰ ਦਿੱਤੀ ਜਾਇਗੀ। ਜਿਸਦਾ 50% ਹਿਸਾ ਦਿੱਲੀ ਗੁਰਦੁਆਰਾ ਕਮੇਟੀ ਵਲੋਂ ਵਿਦਿਆ ਅਤੇ ਸਿਹਤ ਸੇਵਾਵਾਂ ਦੇ ਵਿਸਥਾਰ ਪੁਰ ਖਰਚ ਕੀਤਾ ਜਾਇਗਾ। ਉਪਰੋਕਤ ਮੁਫਤ ਸਹੂਲਤਾਂ ਉਪਲਬੱਧ ਕਰਵਾਉਣ ਤੋਂ ਇਲਾਵਾ ਗੁਰਦੁਆਰਾ ਕਮੇਟੀ ਵਲੋਂ ਜੇ ਹੋਰ ਲੋੜਵੰਦ ਵਿਅਕਤੀਆਂ ਨੂੰ ਮੁਫਤ ਇਲਾਜ ਸਹੂਲਤਾਂ ਦੇਣ ਦੀ ਸ਼ਿਫਾਰਸ਼ ਕੀਤੀ ਜਾਂਦੀ ਹੈ ਤਾਂ ਉਸਤੇ ਆਉਣ ਵਾਲਾ ਖਰਚਾ ਟਰੱਸਟ ਵਲੋਂ ਬਾਕੀ ਦੇ 50% ਵਿਚੋਂ ਅਦਾ ਕੀਤਾ ਜਾਇਗਾ।
ਉਨ੍ਹਾਂ ਦਸਿਆ ਕਿ ਇਹ ਕੋਲੈਬੋਰੇਸ਼ਨ (ਸਾਂਝ) ਡੀਡੀਏ ਦੀਆਂ ਲੀਜ਼ ਦੀਆਂ ਸ਼ਰਤਾਂ ਅਨੁਸਾਰ ਹੀ ਕੀਤੀ ਗਈ ਹੈ। ਇੱਕ ਹੋਰ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਕਿਹਾ ਕਿ ਇਹ ਗਲ ਹਰ ਕੋਈ ਜਾਣਦਾ ਹੈ ਕਿ ਲੀਜ਼ ਤੇ ਮਿਲੀ ਜ਼ਮੀਨ ਅਤੇ ਉਸ ਪੁਰ ਹੋਏ ਨਿਰਮਾਣ ਨੂੰ ਨਾ ਤਾਂ ਕਿਸੇ ਨੂੰ ਵੇਚਿਆ ਜਾ ਸਕਦਾ ਹੈ ਅਤੇ ਨਾ ਹੀ ਕਿਸੇ ਹੋਰ ਦੇ ਨਾਂ ਬਦਲਿਆ ਜਾ ਸਕਦਾ ਹੈ। ਇਸ ਗਲ ਤੋਂ ਸਹਿਜੇ ਹੀ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਵਿਰੋਧੀਆਂ ਵਲੋਂ ਇਸਨੂੰ ਵੇਚ ਦੇਣ ਦਾ ਜੋ ਪ੍ਰਚਾਰ ਕੀਤਾ ਜਾ ਰਿਹਾ ਹੈ, ਉਸ ਵਿੱਚ ਕਿਤਨੀ-ਕੁ ਸੱਚਾਈ ਅਤੇ ਕਿਤਨਾ ਕੂੜ ਹੈ?