ਅੰਮ੍ਰਿਤਸਰ :- ਤਰਨ ਤਾਰਨ ਜਿਲ੍ਹੇ ਦੇ ਪਿੰਡ ਮਾੜੀਮੇਘਾ ਦੇ ਵਸਨੀਕ ਢੋਂਗੀ ਬਾਬਾ ਪਲਵਿੰਦਰ ਸਿੰਘ ਵੱਲੋਂ ਗੁਰਬਾਣੀ ਦੇ ਸੁੰਦਰ ਗੁਟਕੇ ਤੇ ਪੋਥੀਆਂ ਦੇ ਪੱਤਰੇ ਸਾੜਨ ਤੇ ਫੇਰ ਕੂੜੇ ਦੇ ਢੇਰ ਤੇ ਸੁੱਟਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ ‘ਚ ਨਿਖੇਧੀ ਕਰਦਿਆਂ ਮੁਜ਼ਰਮ ਖਿਲਾਫ ਧਾਰਾ 302 ਤਹਿਤ ਪਰਚਾ ਦਰਜ਼ ਕਰਨ ਦੀ ਪ੍ਰਸਾਸ਼ਨ ਪਾਸੋਂ ਮੰਗ ਕੀਤੀ ਹੈ।
ਸ਼੍ਰੋਮਣੀ ਕਮੇਟੀ ਦਫਤਰ ਤੋਂ ਜਾਰੀ ਪ੍ਰੈੱਸ ਰਲੀਜ਼ ‘ਚ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਗੁਰੂ ਸਾਹਿਬਾਨ ਵੱਲੋਂ ਰਚਿਤ ਬਾਣੀ ਜੋ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੰਪੂਰਨ ਰੂਪ ‘ਚ ਸਮੁੱਚੀ ਮਨੁੱਖਤਾ ਲਈ ਕਲਿਆਣਕਾਰੀ ਹੈ। ਕੁਝ ਅਗਿਆਨਤਾ ਭਰੇ ਨਸ਼ੇੜੀ ਲੋਕ ਜੋ ਧਰਮ ਦੀ ਕਿਰਤ ਵਿਰਤ ਕਰਨ ਦੀ ਥਾਂ ਪੱਥਰਾਂ ਦੀ ਢੇਰੀ ਤੇ ਬੈਠ ਕੇ ਭੋਲੇ ਭਾਲੇ ਲੋਕਾਂ ਨੂੰ ਠੱਗਦੇ ਹਨ ਅਤੇ ਆਪਣੇ ਨਿੱਜੀ ਸੁਆਰਥਾਂ ਖਾਤਰ ਧਰਮ ਗ੍ਰੰਥਾਂ ਨੂੰ ਅਪਮਾਨਿਤ ਕਰਦੇ ਹਨ। ਅਜਿਹੇ ਲੋਕਾਂ ਲਈ ਕੇਵਲ ਜੇਲ੍ਹ ਹੀ ਸਹੀ ਟਿਕਾਣਾ ਹੈ। ਉਨ੍ਹਾਂ ਸਮੂਹ ਸੰਗਤਾਂ ਨੂੰ ਜੋਰ ਦੇ ਕੇ ਕਿਹਾ ਕਿ ਅਜਿਹੇ ਢੋਂਗੀ ਲੋਕਾਂ ਦੇ ਕੰਮਾਂਕਾਰਾਂ ਤੇ ਗੁਆਂਢ ਰਹਿਣ ਵਾਲੇ ਲੋਕ ਚੰਗੀ ਤਰ੍ਹਾਂ ਖਿਆਲ ਰੱਖ ਸਕਦੇ ਹਨ। ਚੰਗਾ ਹੋਵੇ ਜੇਕਰ ਅਜਿਹੇ ਮਾਨਸਿਕ ਬੀਮਾਰ ਲੋਕਾਂ ਬਾਰੇ ਘਟਨਾ ਨੂੰ ਅੰਜਾਮ ਦੇਣ ਤੋਂ ਪਹਿਲਾਂ ਹੀ ਪ੍ਰਸਾਸ਼ਨ ਦੇ ਧਿਆਨ ‘ਚ ਲਿਆ ਦਿੱਤਾ ਜਾਵੇ ਤਾਂ ਜੋ ਗੁਰਬਾਣੀ ਦੇ ਨਿਰਾਦਰ ਤੇ ਮਾਨਸਿਕ ਪੀੜ੍ਹਾ ਤੋਂ ਬਚਿਆ ਜਾ ਸਕੇ। ਉਨ੍ਹਾਂ ਪ੍ਰਸਾਸ਼ਨ ਨੂੰ ਜੋਰ ਦੇ ਕੇ ਕਿਹਾ ਕਿ ਢੋਂਗੀ ਬਾਬੇ ਪਲਵਿੰਦਰ ਸਿੰਘ ਵੱਲੋਂ ਗੁਰਬਾਣੀ ਦੇ ਗੁਟਕੇ ‘ਚੋਂ ਪੱਤਰੇ ਸਾੜ ਕੇ ਕੂੜੇ ਦੇ ਢੇਰ ਤੇ ਸੁੱਟਣ ਦਾ ਬੱਜ਼ਰ ਗੁਨਾਹ ਕੀਤਾ ਹੈ ਜਿਸ ਨਾਲ ਸਿੱਖ ਹਿਰਦੇ ਵਲੂੰਧਰੇ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਢੋਂਗੀ ਤੇ ਨਸ਼ੇੜੀ ਬਾਬੇ ਖਿਲਾਫ ਧਾਰਾ 302 ਤਹਿਤ ਪਰਚਾ ਦਰਜ਼ ਹੋਣਾ ਚਾਹੀਦਾ ਹੈ ਤਾਂ ਜੋ ਅੱਗੇ ਤੋਂ ਕੋਈ ਵੀ ਅਜਿਹਾ ਗੁਨਾਹ ਕਰਨ ਦੀ ਜੁਅਰਤ ਨਾ ਕਰ