ਮੋਹਾਲੀ- ਭਾਰਤ ਅਤੇ ਇੰਗਲੈਂਡ ਵਿਚਕਾਰ ਇਥੇ ਖੇਡੇ ਗਏ ਚੌਥੇ ਇਕ ਰੋਜ਼ਾ ਮੈਚ ਵਿਚ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਹੈ। ਇਸਦੇ ਨਾਲ ਹੀ 5 ਮੈਚਾਂ ਦੀ ਸੀਰੀਜ਼ ਭਾਰਤ ਨੇ 3-1 ਨਾਲ ਜਿੱਤ ਲਈ ਹੈ। ਇਸ ਸੀਰੀਜ਼ ਦਾ ਪੰਜਵਾਂ ਮੈਚ ਧਰਮਸ਼ਾਲਾ ਵਿਖੇ ਹੋਣਾ ਹੈ।
ਟਾਸ ਜਿੱਤਣ ਤੋਂ ਬਾਅਦ ਭਾਰਤ ਨੇ ਇੰਗਲੈਂਡ ਦੀ ਟੀਮ ਨੂੰ ਪਹਿਲਾਂ ਖੇਡਣ ਦਾ ਸੱਦਾ ਦਿੱਤਾ ਅਤੇ ਇੰਗਲੈਂਡ ਨੇ 7 ਵਿਕਟਾਂ ਦੇ ਨੁਕਸਾਨ ‘ਤੇ 257 ਦੌੜਾਂ ਬਣਾਈਆਂ। ਇਸਤੋਂ ਬਾਅਦ ਖੇਡਣ ਲਈ ਉਤਰੀ ਭਾਰਤੀ ਟੀਮ ਨੇ ਇੰਗਲੈਂਡ ਦੀ ਟੀਮ ਵਲੋਂ ਦਿੱਤਾ ਗਿਆ ਟੀਚਾ 47.3 ਓਵਰਾਂ ਵਿਚ 5 ਵਿਕਟਾਂ ਗੁਆਕੇ ਹਾਸਲ ਕਰ ਲਿਆ। ਬਿਨਾਂ ਆਊਟ ਹੋਇਆਂ 89 ਦੌੜਾਂ ਬਨਾਉਣ ਕਰਕੇ ਸੁਰੇਸ਼ ਰੈਨਾ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ।
ਭਾਰਤੀ ਟੀਮ ਨੇ ਇਸ ਮੈਚ ਵਿਚ ਅਜੰਕੇ ਰਹਾਣੇ ਦੀ ਥਾਂ ‘ਤੇ ਰੋਹਿਤ ਸ਼ਰਮਾ ਨੂੰ ਓਪਨਿੰਗ ਕਰਨ ਲਈ ਭੇਜਿਆ। ਉਸਨੇ ਸ਼ਾਨਦਾਰ 83 ਦੌੜਾਂ ਦੀ ਪਾਰੀ ਖੇਡੀ ਲੇਕਨ ਗੌਤਮ ਗੰਭੀਰ ਇਕ ਗਲਤ ਫੈਸਲੇ ਦੌਰਾਨ ਬ੍ਰੇਸਨਨ ਦੀ ਗੇਂਦ ‘ਤੇ ਵਿਕਟਕੀਪਰ ਹੱਥੋਂ ਕੈਚ ਆਊਟ ਕਰਾਰ ਦੇ ਦਿੱਤਾ ਗਿਆ। ਉਸਨੇ 10 ਦੌੜਾਂ ਬਣਾਈਆਂ ਸਨ, ਵਿਰਾਟ ਕੋਹਲੀ ਵੀ ਬ੍ਰੇਡਵੇਲ ਦੀ ਗੇਂਦ ‘ਤੇ 26 ਦੌੜਾਂ ਬਣਾਕੇ ਆਊਟ ਹੋ ਗਏ ਅਤੇ ਯੁਵਰਾਜ ਸਿੰਘ ਵੀ 3 ਦੌੜਾਂ ਬਣਾਕੇ ਆਊਟ ਹੋ ਗਏ। ਇਸਤੋਂ ਬਾਅਦ ਸੁਰੇਸ਼ ਰੈਨਾ ਅਤੇ ਰੋਹਿਤ ਸ਼ਰਮਾ ਨੇ ਸਮਝਦਾਰੀ ਨਾਲ ਖੇਡਦਿਆਂ ਸਕੋਰ ਨੂੰ ਅੱਗੇ ਵਧਾਇਆ ਅਤੇ 83 ਦੌੜਾਂ ਬਣਾਕੇ ਰੋਹਿਤ ਸ਼ਰਮਾ ਫਿਨ ਦੇ ਗੇਂਦ ‘ਤੇ ਐਲਬੀਡਬਲਿਊ ਆਊਟ ਹੋ ਗਏ। ਧੋਨੀ ਨੇ ਵੀ 19 ਦੌੜਾਂ ਬਣਾਈਆਂ। ਰਵਿੰਦਰ ਜਡੇਜਾ(19 ਦੌੜਾਂ) ਅਤੇ ਸੁਰੇਸ਼ ਰੈਨਾ (89 ਦੌੜਾਂ) ਬਿਨਾਂ ਆਊਟ ਹੋਇਆਂ ਇਸ ਟੀਚੇ ਨੂੰ ਪੂਰਿਆਂ ਕੀਤਾ ਅਤੇ ਭਾਰਤ ਦੀ ਝੋਲੀ ਜਿੱਤ ਪਾਈ। ਇਸ ਜਿੱਤ ਦੇ ਨਾਲ ਹੀ ਭਾਰਤ ਦੀ ਟੀਮ ਪੰਜ ਮੈਚਾਂ ਦੀ ਸੀਰੀਜ਼ ਵਿਚ 3-1 ਨਾਲ ਅੱਗੇ ਹੋ ਗਈ ਹੈ ਅਤੇ ਸੀਰੀਜ਼ ‘ਤੇ ਕਬਜ਼ਾ ਕਰ ਲਿਆ।
ਇਸਤੋਂ ਪਹਿਲਾਂ ਬੈਟਿੰਗ ਕਰਨ ਲਈ ਉਤਰੀ ਇੰਗਲੈਂਡ ਦੀ ਟੀਮ ਦੇ ਏਲੇਸਟਰ ਕੁੱਕ ਅਤੇ ਕੇਵਿਨ ਪੀਟਰਸਨ ਨੇ 76-76 ਦੌੜਾਂ ਦੀ ਸ਼ਾਨਦਾਰ ਪਾਰੀ ਖੇਡੀ। ਰੂਟ ਨੇ ਵੀ 45 ਦੌੜਾਂ ਵਿਚ ਸ਼ਾਨਦਾਰ 57 ਦੌੜਾਂ ਦਾ ਯੋਗਦਾਨ ਪਾਇਆ ਲੇਕਨ ਇਨ੍ਹਾਂ ਤਿੰਨਾਂ ਵਲੋਂ ਖੇਡੀ ਗਈ ਸ਼ਾਨਦਾਰ ਖੇਡ ਵੀ ਟੀਮ ਨੂੰ ਜਿੱਤ ਨਾ ਦਿਵਾ ਸਕੀ। ਭਾਰਤ ਵਲੋਂ ਰਵਿੰਦਰ ਜਡੇਜਾ ਨੇ 3 ਵਿਕਟਾਂ ਲਈਆਂ, ਆਰ ਅਸ਼ਵਿਨ ਅਤੇ ਈਸ਼ਾਂਤ ਸ਼ਰਮਾ ਨੂੰ 2-2 ਵਿਕਟਾਂ ਮਿਲੀਆਂ।
ਆਪਣੀ ਵਧੀਆ ਖੇਡ ਕਰਕੇ ਸੁਰੇਸ਼ ਰੈਨਾ ਨੂੰ ‘ਮੈਨ ਆਫ ਦ ਮੈਚ’ ਐਲਾਨਿਆ ਗਿਆ।