ਧਰਮਸ਼ਾਲਾ-ਭਾਰਤ ਅਤੇ ਇੰਗਲੈਂਡ ਵਿਚਕਾਰ ਖੇਡਿਆ ਗਿਆ ਸੀਰੀਜ਼ ਦਾ ਪੰਜਵਾਂ ਅਤੇ ਆਖ਼ਰੀ ਇਕ ਰੋਜ਼ਾ ਮੈਚ ਇੰਗਲੈਂਡ ਨੇ 7 ਵਿਕਟਾਂ ਨਾਲ ਜਿੱਤ ਲਿਆ। 5 ਮੈਚਾਂ ਦੀ ਸੀਰੀਜ਼ ਭਾਰਤ ਨੇ 3-2 ਨਾਲ ਜਿੱਤ ਲਈ ਹੈ। ਇਹ ਮੈਚ ਹਾਰਨ ਤੋਂ ਬਾਅਦ ਰੈਂਕਿੰਗ ਵਿਚ ਭਾਰਤ ਅਤੇ ਇੰਗਲੈਂਡ ਦੋਵੇਂ ਟੀਮਾਂ ਦੇ 119 ਅੰਕ ਹੋ ਗਏ ਹਨ ਪਰ ਦਸ਼ਮਲਵ ਵਿਚ ਅੰਕ ਇੰਗਲੈਂਡ ਤੋਂ ਵੱਧ ਹੋਣ ਕਰਕੇ ਭਾਰਤ ਅਜੇ ਵੀ ਪਹਿਲੇ ਨੰਬਰ ‘ਤੇ ਹੈ ਅਤੇ ਇੰਗਲੈਂਡ ਦੂਜੇ ਨੰਬਰ ‘ਤੇ।
ਇਸ ਮੈਚ ਵਿਚ ਇਆਨ ਬੈਲ ਨੇ ਬਿਨਾਂ ਆਊਟ ਹੋਇਆਂ ਸ਼ਾਨਦਾਰ 113 ਦੌੜਾਂ ਬਣਾਈਆਂ ਅਤੇ ‘ਮੈਨ ਆਫ ਦ ਮੈਚ’ ਰਹੇ ਅਤੇ ਸੁਰੇਸ਼ ਰੈਨਾ ਨੂੰ ਪੂਰੀ ਸੀਰੀਜ਼ ਵਿਚ ਉਸਦੇ ਵਧੀਆ ਪ੍ਰਦਰਸ਼ਨ ਕਰਕੇ ‘ਮੈਨ ਆਫ ਦ ਸੀਰੀਜ਼’ ਚੁਣਿਆ ਗਿਆ।
ਭਾਰਤੀ ਟੀਮ ਵਲੋਂ ਦਿੱਤੇ ਗਏ 227 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਜਿਥੇ ਬੈਲ ਨੇ ਬਿਨਾਂ ਆਊਟ ਹੋਇਆਂ 113 ਦੌੜਾਂ ਬਣਾਈਆਂ ਅਤੇ ਮੋਰਗਨ ਨੇ ਬਿਨਾਂ ਆਊਟ ਹੋਇਆਂ 40 ਦੌੜਾਂ। ਰੂਟ ਨੇ 31 ਦੌੜਾਂ ਬਣਾਈਆਂ ਤੇ ਕੁੱਕ ਨੇ 22 ਦੌੜਾਂ।
ਭਾਰਤੀ ਗੇਂਦਬਾਜ਼ਾਂ ਈਸ਼ਾਂਤ ਸ਼ਰਮਾ, ਰਵਿੰਦਰ ਜਡੇਜਾ ਅਤੇ ਸ਼ਮੀ ਅਹਿਮਦ ਵਲੋਂ ਕਿਫਾਇਤੀ ਗੇਂਦਬਾਜ਼ੀ ਕੀਤੀ ਗਈ ਲੇਕਨ ਵਿਕਟਾਂ ਹਾਸਲ ਨਾ ਹੋਣ ਕਰਕੇ ਜਿੱਤ ਇੰਗਲੈਂਡ ਦੀ ਝੋਲੀ ਜਾ ਪਈ।
ਟਾਸ ਜਿੱਤਣ ਤੋਂ ਬਾਅਦ ਇੰਗਲੈਂਡ ਦੇ ਕਪਤਾਨ ਐਲੀਸਟਰ ਕੁੱਕ ਨੇ ਭਾਰਤੀ ਟੀਮ ਨੂੰ ਪਹਿਲਾਂ ਖੇਡਣ ਲਈ ਸੱਦਾ ਦਿੱਤਾ ਅਤੇ ਭਾਰਤੀ ਖਿਡਾਰੀ ਬਿਨਾਂ ਕੋਈ ਵਧੀਆ ਸਕੋਰ ਬਣਾਇਆਂ ਇਕ ਤੋਂ ਬਾਅਦ ਇਕ ਆਊਟ ਹੁੰਦੇ ਗਏ। ਰੋਹਿਤ ਸ਼ਰਮਾ , ਵਿਰਾਟ ਕੋਹਲੀ , ਯੁਵਰਾਜ ਸਿੰਘ, ਮਹਿੰਦਰ ਧੋਨੀ ਕੋਈ ਖਾਸ ਸਕੋਰ ਨਾ ਬਣਾ ਸਕੇ। ਸਿਰਫ ਰੈਨਾ ਨੇ ਹੀ 83 ਦੌੜਾਂ ਦਾ ਯੋਗਦਾਨ ਪਾਇਆ ਅਤੇ ਇੰਗਲੈਂਡ ਦੀ ਟੀਮ ਲਈ 227 ਦੌੜਾਂ ਦਾ ਯੋਗਦਾਨ ਬਨਾਉਣ ਵਿਚ ਭਾਰਤੀ ਟੀਮ ਕਾਮਯਾਬ ਹੋ ਸਕੀ। ਰਵਿੰਦਰ ਜਡੇਜਾ(39 ਦੌੜਾਂ), ਭੁਵਨੇਸ਼ਵਰ (31 ਦੌੜਾਂ) ਅਤੇ ਗੌਤਮ ਗੰਭੀਰ(24 ਦੌੜਾਂ) ਨੇ ਕ੍ਰਝ ਸਮਾਂ ਟਿਕਕੇ ਖੇਡਦਿਆਂ ਸਕੋਰ ਨੂੰ ਅੱਗੇ ਵਧਾਇਆ।
ਇਸ ਮੈਚ ਵਿਚ ਰੈਨਾ ਅਤੇ ਈਆਨ ਬੈਲ ਨੇ ਆਪਣੀਆਂ 4000 ਦੌੜਾਂ ਪੂਰੀਆਂ ਕੀਤੀਆਂ।