ਬਰਨਾਲਾ,(ਜੀਵਨ ਰਾਮਗੜ੍ਹ)‘‘ਔਰਤਾਂ ਨੂੰ ਆਪਣੇ ਸਨਮਾਨ ਅਤੇ ਸੁਰੱਖਿਆ, ਆਪਣੇ ਆਪ ਹੀ ਕਰਨ ਦੇ ਸਮਰੱਥ ਬਨਣਾ ਪਵੇਗਾ, ਇਸ ਲਈ ਵਿਦਿਆ ਅਤੇ ਜਾਗਰੂਕਤਾ ਮੁੱਢਲੇ ਹਥਿਆਰ ਹਨ ਜਿਹਨਾਂ ਨਾਲ ਉਹ ਬਣਦਾ ਸਮਾਜਿਕ ਰੁਤਬਾ ਪ੍ਰਾਪਤ ਕਰ ਸਕਦੀਆਂ ਹਨ।’’ ਇਹ ਵਿਚਾਰ ਡਾ. ਜਗਦੀਪ ਕੌਰ ਅਹੂਜਾ ਪ੍ਰਿੰਸੀਪਲ, ਗੁਰੂ ਗੋਬਿੰਦ ਸਿੰਘ ਕਾਲਜ ਸੰਘੇੜਾ ਨੇ ਇਥੇ ਲਿਖਾਰੀ ਸਭਾ, ਬਰਨਾਲਾ (ਰਜਿ) ਵੱਲੋਂ ਗੋਬਿੰਦ ਬਾਂਸਲ ਟਰੱਸਟ ਵਿਖੇ ‘ਵਰਤਮਾਨ ਸਮੇਂ ’ਚ ਔਰਤ ਦੇ ਸਨਮਾਨ ਅਤੇ ਸੁਰੱਖਿਆ’ ਬਾਰੇ ਕਰਵਾਏ ਸੈਮੀਨਰ ਦੌਰਾਨ ਆਪਣੇ ਪ੍ਰਧਾਨਗੀ ਭਾਸ਼ਨ ਵਿੱਚ ਪ੍ਰਗਟ ਕੀਤੇ। ਪਹਿਲਾਂ ਇਸ ਵਿਸ਼ੇ ਬਾਰੇ ਪੇਪਰ ਪੜ੍ਹਦਿਆਂ ਡਾ. ਸ਼ਰਨਜੀਤ ਕੌਰ (ਚੰਡੀਗੜ੍ਹ) ਨੇ ਵਿਚਾਰ ਪ੍ਰਗਟ ਕੀਤਾ ਕਿ ਇਸ ਬਾਰੇ ਮਹਿਜ ਸਰਕਾਰੀ ਉਪਰਾਲੇ ਹੀ ਕਾਫੀ ਨਹੀਂ, ਸਗੋਂ ਅਜੋਕੇ ਸਮੇਂ ਵਿੱਚ ਸ਼ਕਤੀਸ਼ਾਲੀ ਲੋਕ-ਲਹਿਰ ਉਸਾਰਨ ਦੀ ਲੋੜ ਹੈ, ਜਿਸ ਨਾਲ ਗਲਤ ਸੋਚ ਅਤੇ ਮਾਨਸਿਕਤਾ ਬਦਲੀ ਜਾਵੇ। ‘‘ ਪੰਜਾਬ ਟ੍ਰਿਬਿਊਨ ਦੇ ਸਾਬਕਾ ਸਮਾਚਾਰ ਸੰਪਦਾਕ ਪ੍ਰੋ: ਸ਼ਾਮ ਸਿੰਘ (ਅੰਗ-ਸੰਗ) ਨੇ ਸੈਮੀਨਰ ਦੀ ਸਾਰਥਿਕਤਾ ਬਾਰੇ ਬੋਲਦਿਆਂ ਆਖਿਆ ਕਿ ਅਜਿਹੇ ਸੈਮੀਨਾਰਾਂ ਵਿੱਚ ਵਧ ਤੋਂ ਵੱਧ ਔਰਤਾ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਇਆ ਜਾਵੇ। ਇਸਤਰੀ ਜਾਗ੍ਰਤੀ ਮੰਚ ਦੀ ਸੂਬਾਈ ਆਗੂ ਚਰਨਜੀਤ ਕੌਰ ਨੇ ਲੱਚਰ ਗਾਇਕੀ ਅਤੇ ਸਾਹਿਤ ਦੇ ਸਾਡੀ ਨੌਜਵਾਨੀ ’ਤੇ ਪੈਦੇ ਮਾਰੂ ਪ੍ਰਭਾਵਾਂ ਤੋਂ ਸੁਚੇਤ ਕਰਾਉਦਿਆਂ ਉਸਾਰੂ ਸੱਭਿਆਚਾਰਕ ਕਦਰਾਂ-ਕੀਮਤਾਂ ਦੀ ਸਥਾਪਤੀ ਦੀ ਲੋੜ ਤੇ ਜ਼ੋਰ ਦਿੱਤਾ। ਉਨ੍ਹਾਂ ਜਿੱਥੇ ਮੀਡੀਆ ਦੀ ਨਾਪੱਖੀ ਭੂਮਿਕਾ ਦੀ ਆਲੋਚਨਾ ਕੀਤੀ ਉਥੇ ਉਸਾਰੂ ਪੱਖਾਂ ਲਈ ਧੰਨਵਾਦ ਵੀ ਕੀਤਾ ਅਤੇ ਸਨਸਨੀ ਫੈਲਾਉਣ ਤੋਂ ਗਰੇਜ ਕਰਨ ਦੀ ਅਪੀਲ ਕੀਤੀ। ਇਹ ਤਸੱਲੀ ਵਾਲੀ ਗੱਲ ਹੈ ਕਿ ਇਥੇ ਕਾਫੀ ਗਿਣਤੀ ਵਿੱਚ ਇਸਤਰੀਆਂ ਮੌਜੂਦ ਹਨ ਅਤੇ ਉਹਨਾਂ ਵਿਚਾਰ ਵਟਾਂਦਰੇ ਵਿੱਚ ਵੀ ਭਾਗ ਲਿਆ ਹੈ।
ਪ੍ਰਸਿੱਧ ਨਾਵਲਕਾਰ ਓਮ ਪ੍ਰਕਾਸ਼ ਗਾਸੋ ਨੇ ਆਪਣੇ ਭਾਵਕ ਅੰਦਾਜ ਵਿੱਚ ਕਿਹਾ ਕਿ ਔਰਤ ਕਮਜੋਰ ਨਹੀਂ ਹੈ, ਲੋੜ ਹੈ ਆਂਤਰਿਕ ਸ਼ਕਤੀ ਨੂੰ ਪੁਨਰ-ਸੁਰਜੀਤ ਕਰਨ ਦੀ। ਡਾ. ਜੋਗਿੰਦਰ ਸਿੰਘ ਨਿਰਾਲਾ ਦਾ ਮੱਤ ਸੀ ਕਿ ਚੇਤਨ ਔਰਤ ਪੈਦਾ ਨਹੀਂ ਹੁੰਦੀ, ਉਸ ਨੂੰ ਸਮਾਜਿਕ-ਆਰਥਿਕ ਪ੍ਰਸਥਿਤੀਆਂ ਹੀ ਔਰਤ ਬਣਾਉਂਦੀਆਂ ਹਨ। ਇਸਤਰੀ ਜਾਗਰਤੀ ਦੀ ਪ੍ਰਤੀਨਿਧਤਾ ਕਰਦਿਆਂ ਪ੍ਰੋ: ਗੁਰਚਰਨ ਕੌਰ ਕੋਚਰ (ਲੁਧਿਆਣਾ) ਨੇ ਅੰਕੜੇ ਪੇਸ਼ ਕਰਦਿਆਂ, ਔਰਤ ਦੀ ਤਰਾਸਦੀ ਲਈ ਸਮੁੱਚੇ ਸਿਸਟਮ ਨੂੰ ਜੁੰਮੇਵਾਰ ਠਹਿਰਾਇਆ। ਪ੍ਰਗਤੀਸ਼ੀਲ ਇਸਤਰੀ ਸਭਾ ਦੀ ਸੂਬਾਈ ਆਗੂ ਇਕਬਾਲ ਕੌਰ ਉਦਾਸੀ ਨੇ ਜਿਥੇ ਅਸ਼ਲੀਲ ਗਾਇਕੀ ਨੂੰ ਭੰਡਿਆ, ਉਥੇ ਗੁੰਮਰਾਹ ਹੋ ਰਹੀਆਂ ਔਰਤਾਂ ਨੂੰ ਚੇਤਨ ਕਰਨ ਦੀ ਲੋੜ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਪ੍ਰੇਮ ਪਾਲ ਕੌਰ ਨੇ ਸਧਾਰਨ ਔਰਤ ਵੱਲੋਂ ਨਿਆਂ ਪ੍ਰਾਪਤ ਕਰਨ ਦੇ ਰਾਹ ਦੀਆਂ ਮੁਸ਼ਕਲਾਂ ਅਤੇ ਜਦੋ- ਜਹਿਦ ਬਾਰੇ ਆਪਣੇ ਵਿਚਾਰ ਰੱਖੇ। ਬੇਅੰਤ ਕੌਰ ਬੀਹਲਾ ਨੇ ਨਿਆਂ ਦੇ ਰਸਤੇ ਦੀਆਂ ਮੁਸ਼ਕਲਾਂ ਬਾਰੇ ਆਪਣੇ ਨਿਜੀ ਅਨੁਭਵ ਸਾਂਝੇ ਕੀਤੇ।
ਪ੍ਰਿੰਸੀਪਲ ਇੰਦਰਜੀਤ ਕੌਰ (ਲੁਧਿਆਣਾ) ਨੇ ਔਰਤ ਦੀ ਮਨੋਸਥਿਤੀ ਨੂੰ ਸ਼ਕਤੀਸ਼ਾਲੀ ਬਨਾਉਣ ਦੀ ਲੋੜ ਉਪਰ ਜੋਰ ਦਿੱਤਾ। ਆਂਗਣਵਾੜੀ ਵਰਕਰ ਮੀਨਾਕਸ਼ੀ ਗੁਪਤਾ (ਜੈਤੋ) ਨੇ ਔਰਤ ਅਤੇ ਮਰਦ ਦੀ ਸਾਂਝੀਵਾਲਤਾ ਉਪਰ ਜੋਰ ਦਿੱਤਾ। ਇਸਤਰੀ ਚੇਤਨਾ ਮੰਚ ਦੀ ਆਗੂ ਜਸਬੀਰ ਕੌਰ ਬਰਨਾਲਾ, ਰਾਜਿੰਦਰ ਕੌਰ ਮੁਹਾਲੀ, ਅਮਨਦੀਪ ਕੌਰ, ਸੁਖਵਿੰਦਰ ਕੌਰ, ਸਿਮਰਨਪ੍ਰੀਤ ਕੌਰ ਭੰਗੂ, ਸੁਖਵਿੰਦਰ ਕੌਰ, ਅਮਰਜੀਤ ਕੌਰ ਨੇ ਵੀ ਆਪਣੇ ਵਿਚਾਰ ਰੱਖੇ। ਸਮਾਗਮ ਦੇ ਮੁਖ ਮਹਿਮਾਨ, ਪ੍ਰਸਿੱਧ ਗਲਪਕਾਰ ਦਰਸ਼ਨ ਧੀਰ (ਬਰਤਾਨੀਆਂ) ਨੇ ਕਿਹਾ ਕਿ ਸਮਾਜਕ ਕਦਰਾਂ ਕੀਮਤਾਂ ਦੇ ਪਰਿਵਰਤਣ ਵਿੱਚ ਲੇਖਕਾਂ ਦੀ ਅਹਿਮ ਭੂਮਿਕਾ ਹੁੰਦੀ ਹੈ। ਅੱਜ ਯੂਰਪ ਵਿੱਚ ਔਰਤ ਨੂੰ ਪੂਰਨ ਬਰਾਬਰਤਾ ਹੈ, ਪਰ ਉਥੇ ਵੀ ਪਹਿਲਾਂ ਅੱਜ ਦੇ ਭਾਰਤ ਵਰਗੇ ਹਲਾਤ ਸਨ। ਫਰਾਂਸ ਇਨਕਲਾਬ ਤੋਂ ਬਾਦ ਤਬਦੀਲੀ ਆਈ ਹੈ। ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਦੇ ਪ੍ਰਧਾਨ ਡਾ. ਤੇਜਵੰਤ ਮਾਨ ਨੇ ਵੱਖ-ਵੱਖ ਇਸ਼ਤਿਹਾਰਾਂ ਵਿੱਚ ਔਰਤਾਂ ਤਸਵੀਰਾਂ ਛਾਪਣ ਦੀ ਨਿੰਦਾ ਕਰਦਿਆਂ, ਇਲੈਕਟ੍ਰੋਨਿਕ ਮੀਡੀਆ ਨੂੰ ਵੀ ਸਮਾਜਕ ਜੁੰਮੇਵਾਰੀਆਂ ਦਾ ਅਹਿਸਾਸ ਕਰਨ ਲਈ ਕਿਹਾ। ਸਭਾ ਦੇ ਪ੍ਰਧਾਨ ਜਗੀਰ ਸਿੰਘ ਜਗਤਾਰ, ਨਾਵਲਕਾਰ ਰਾਜ ਕੁਮਾਰ ਗਰਗ, ਡਾ. ਕੁਲਵੰਤ ਸਿੰਘ ਜੋਗਾ, ਨਗਰ ਸੁਧਾਰ ਟਰੱਸਟ ਦੇ ਸਾਬਕਾ ਚੇਅਰਮੈਨ ਅਤੇ ਲੇਖਕ ਪਰਮਜੀਤ ਸਿੰਘ ਮਾਨ, ਰਾਜਵਿੰਦਰ ਸਿੰਘ ਰਾਹੀਂ, ਸੁਰਜੀਤ ਸਿੰਘ ਪੰਛੀ (ਅਮਰੀਕਾ), ਕਰਮ ਸਿੰਘ ਮਾਨ (ਕਨੇਡਾ), ਕਹਾਣੀਕਾਰ ਦਰਸ਼ਨ ਗੁਰੂ, ਪ੍ਰੋ: ਅਨਿਲ ਸ਼ੋਰੀ, ਨਰਾਇਣ ਦੱਤ, ਸੁਦਾਗਰ ਸਿੰਘ ਬਾਜਵਾ, ਜਗਤਾਰ ਬੈਂਸ ਨੇ ਵੀ ਆਪਣੇ ਵਿਚਾਰ ਰੱਖੇ।
ਇਸ ਮੌਕੇ ਸਭਾ ਵੱਲੋਂ ਇਕਬਾਲ ਕੌਰ ਉਦਾਸੀ ਨੂੰ ‘ਲੋਕ ਘੋਲਾ ਦੀ ਧੀ’ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ, ਜਦੋਂ ਕਿ ‘ਪ੍ਰੋ: ਪ੍ਰੀਤਮ ਸਿੰਘ ਰਾਹੀ ਯਾਦਗਾਰੀ ਟਰੱਸਟ’ ਵੱਲੋਂ ਸਮੂਹ ਪ੍ਰਧਾਨਗੀ ਮੰਡਲ ਨੂੰ ਸਨਮਾਨ ਚਿੰਨ, ਸ਼ਾਲ ਅਤੇ ਪੁਸਤਕਾਂ ਭੇਟ ਕਰਕੇ ਸਨਮਾਨਿਤ ਕੀਤਾ। ਗਿਆਨੀ ਰਾਮ ਸਿੰਘ, ਉਜਾਗਰ ਸਿੰਘ ਬੀਹਲਾ, ਡਾ. ਰਾਹੁਲ ਰੁਪਾਲ, ਵੈਦ ਕੌਰ ਚੰਦ ਸ਼ਰਮਾਂ, ਪ੍ਰਮਾਤਮਾਂ ਨੰਦ ਅਨੰਦ ਨੇ ਵੀ ਹਾਜ਼ਰੀ ਲਵਾਈ। ਸੈਮੀਨਰ ਦੇ ਅੰਤਿਮ ਪੜਾ ’ਤੇ ਦਾਮਨੀ (ਦਿੱਲੀ) ਅਤੇ ਕਿਰਨਜੀਤ ਕੌਰ (ਮਹਿਲ ਕਲਾਂ) ਨੂੰ ਸਮਰਪਿਤ ਕਵੀ ਦਰਬਾਰ ਵਿੱਚ ਗੁਰਤੇਜ ਕੌਰ ਪਾਰਸ, ਜਗਰਾਜ ਧੌਲਾ, ਹਾਕਮ ਰੂੜੇਕੇ, ਸਾਗਰ ਸਿੰਘ ਸਾਗਰ, ਕਰਤਾਰ ਠੁੱਲੀਵਾਲ, ਗੁਲਜਾਰ ਸਿੰਘ ਸ਼ੌਕੀ, ਰਾਮ ਸਰੂਪ ਸ਼ਰਮਾਂ, ਤਰਸੇਮ, ਸੁਤੰਤਰ ਦਾਨੀਆ, ਡਾ. ਚਰਨ ਸਿੰਘ ਝਲੂਰ, ਸੁਖਦੇਵ ਸਿੰਘ ਔਲਖ, ਪਵਨ ਪਰਿੰਦਾ, ਚਰਨੀ ਬੇਦਿਲ, ਕਰਮ ਸਿੰਘ ਜਖ਼ਮੀ, ਕ੍ਰਿਸ਼ਨ ਸਿੰਘ ਸੀਤ, ਮੇਜਰ ਸਿੰਘ ਸਹੌਰ, ਬਘੇਲ ਸਿੰਘ ਧਾਲੀਵਾਲ,ਨਿਰਪਾਲ ਸਿੰਘ (ਬਠਿੰਡਾ) ਆਦਿ ਨੇ ਕਵਿਤਾਵਾਂ, ਗਜ਼ਲਾਂ ਅਤੇ ਗੀਤ ਪੇਸ਼ ਕੀਤੇ।