ਬੀਜਿੰਗ- ਤਿਬਤ ਵਿੱਚ ਬ੍ਰਹਮਪੁੱਤਰ ਨਦੀ ਤੇ ਤਿੰਨ ਹੋਰ ਬੰਨ੍ਹ ਬੰਨ੍ਹਣ ਦੀ ਯੋਜਨਾ ਤੇ ਕਾਇਮ ਰਹਿੰਦੇ ਹੋਏ ਚੀਨ ਨੇ ਕਿਹਾ ਹੈ ਕਿ ਉਸ ਦੇ ਇਸ ਕਦਮ ਨਾਲ ਹੇਠਾਂ ਵੱਲ ਵਗਣ ਵਾਲੀ ਨਦੀ ਦੀ ਧਾਰਾ ਪ੍ਰਭਾਵਿਤ ਨਹੀਂ ਹੋਵੇਗੀ। ਚੀਨ ਨੇ ਇਹ ਵੀ ਕਿਹਾ ਕਿ ਅੰਤਰਰਾਸ਼ਟਰੀ ਨਦੀਆਂ ਦੇ ਮੁੱਦੇ ਤੇ ਭਾਰਤ ਨਾਲ ਉਸ ਦਾ ਸਹਿਯੋਗ ਕਾਇਮ ਰਹੇਗਾ।
ਚੀਨ ਦੇ ਵਿਦੇਸ਼ ਮੰਤਰਾਲੇ ਵੱਲੋਂ ਇਹ ਜਾਣਕਾਰੀ ਦਿੱਤੀ ਗਈ ਕਿ ਅੰਤਰਰਾਸ਼ਟਰੀ ਪੱਧਰ ਤੇ ਨਦੀਆਂ ਨਾਲ ਸਬੰਧਤ ਗਤੀਵਿਧੀਆਂ ਦੇ ਮਾਮਲੇ ਵਿੱਚ ਚੀਨ ਨੇ ਸਦਾ ਜਿੰਮੇਵਾਰਾਨਾ ਰੁੱਖ ਅਪਨਾਇਆ ਹੈ। ਚੀਨ ਅਤੇ ਭਾਰਤ ਵਿੱਚ ਵਗਣ ਵਾਲੀਆਂ ਨਦੀਆਂ ਦੇ ਮੁੱਦੇ ਤੇ ਵੀ ਸਹਿਯੋਗ ਦੇਣ ਲਈ ਵਚਨ-ਬੰਧ ਹੈ।ਚੀਨ ਨੇ ਇਹ ਨਵੇਂ ਤਿੰਨ ਡੈਮ ਬਣਾਉਣ ਦੀ ਅਧਿਕਾਰਕ ਤੌਰ ਤੇ ਅਜੇ ਤੱਕ ਭਾਰਤ ਨੂੰ ਕੋਈ ਵੀ ਜਾਣਕਾਰੀ ਨਹੀਂ ਦਿੱਤੀ।ਪਿੱਛਲੇ ਮਹੀਨੇ ਜਦੋਂ ਚੀਨ ਦੀ ਕੈਬਨਿਟ ਨੇ ਇਹ ਬੰਨ੍ਹ ਬਣਾਉਣ ਦੀ ਯੋਜਨਾ ਨੂੰ ਮਨਜੂਰੀ ਦਿੱਤੀ ਤਾਂ ਭਾਰਤ ਨੂੰ ਇਸ ਦੀ ਜਾਣਕਾਰੀ ਮਿਲੀ।ਭਾਰਤ ਅਤੇ ਚੀਨ ਵਿੱਚਕਾਰ ਬ੍ਰਹਮਪੁੱਤਰ ਨਦੀ ਦੇ ਜਲ ਦੇ ਅੰਕੜੇ ਸਾਂਝੇ ਕਰਨ ਦਾ ਸਮਝੌਤਾ ਹੈ ਪਰ ਭਾਰਤ ਅਤੇ ਪਾਕਿਸਤਾਨ ਵਿੱਚਕਾਰ ਅਜਿਹਾ ਕੋਈ ਸਮਝੋਤਾ ਨਹੀਂ ਹੈ।