ਫਤਹਿਗੜ੍ਹ ਸਾਹਿਬ -“ਮੁਤੱਸਵੀ ਹਿੰਦੂ ਜਮਾਤਾਂ ਵੱਲੋਂ ਘੱਟ ਗਿਣਤੀ ਕੌਮਾਂ ਵਿਚ ਦਹਿਸਤ ਪਾਉਣ ਹਿੱਤ ਹਿੰਦ ਵਿਚ ਸਮੇਂ-ਸਮੇਂ ਨਾਲ ਸਾਜਿਸਾਂ ਤਹਿਤ ਨਿਰੰਤਰ ਅਜਿਹਾ ਕੁਝ ਕੀਤਾ ਜਾਂਦਾ ਆ ਰਿਹਾ ਹੈ, ਜਿਸ ਨਾਲ ਇਥੇ ਹਿੰਦੂ ਜਮਾਤਾਂ ਦੀ ਸੋਚ ਹੀ ਮਜ਼ਬੂਤ ਹੋਵੇ ਨਾ ਕਿ ਇਥੇ ਵੱਸਣ ਵਾਲੀਆਂ ਮੁਸਲਿਮ, ਇਸਾਈ, ਸਿੱਖ ਅਤੇ ਰੰਘਰੇਟਿਆਂ ਆਦਿ ਕੌਮਾਂ ਉਤੇ ਜ਼ਬਰ-ਜੁਲਮ ਵੀ ਹੁੰਦੇ ਰਹਿਣ, ਉਨ੍ਹਾਂ ਨੂੰ ਕਾਨੂੰਨ ਤੇ ਵਿਧਾਨ ਅਨੁਸਾਰ ਇਨਸਾਫ਼ ਵੀ ਨਾ ਮਿਲੇ ਅਤੇ ਉਹ ਹਰ ਖੇਤਰ ਵਿਚ ਜਲੀਲ ਵੀ ਹੁੰਦੇ ਰਹਿਣ । ਬੇਸੱਕ ਕਾਂਗਰਸ ਜਮਾਤ ਵੀ ਲੁੱਕਵੇ ਤੌਰ ਤੇ ਹਿੰਦੂ ਏਜੰਡੇ ਨੂੰ ਹੀ ਲਾਗੂ ਕਰਦੀ ਹੈ, ਪਰ ਭਾਜਪਾ ਅਤੇ ਆਰ.ਐਸ.ਐਸ. ਘੱਟ ਗਿਣਤੀ ਕੌਮਾਂ ਨਾਲ ਅਜਿਹੇ ਵਿਤਕਰੇ, ਜ਼ਬਰ-ਜੁਲਮ ਕਰਨ ਵਿਚ ਪ੍ਰਮੁੱਖ ਹਨ । ਹੁਣ ਇਨ੍ਹਾਂ ਨੇ ਫਿਰ ਹਿੰਦੂ ਜਮਾਤਾਂ ਵੱਲੋਂ ਇਕ ਪਾਲਸੀ ਅਧੀਨ ਮੁਸਲਿਮ ਕੌਮ ਦੇ ਕਾਤਲ ਸ੍ਰੀ ਨਰਿੰਦਰ ਮੋਦੀ ਨੂੰ ਆਉਣ ਵਾਲੀਆ ਅਗਲੀਆਂ ਪਾਰਲੀਮੈਂਟ ਚੋਣਾਂ ਲਈ ਬਤੌਰ ਵਜ਼ੀਰ-ਏ-ਆਜਮ ਦੇ ਤੌਰ ਤੇ ਅੱਗੇ ਲਿਆਉਣ ਦੇ ਮੰਦਭਾਗੇ ਅਮਲ ਘੱਟ ਗਿਣਤੀ ਕੌਮਾਂ ਦੀ ਅਜ਼ਾਦੀ, ਇਨਸਾਫ਼ ਅਤੇ ਬਰਾਬਰਤਾ ਦੀ ਸੋਚ ਲਈ ਵੱਡਾ ਖ਼ਤਰਾਂ ਬਣਦੇ ਨਜ਼ਰ ਆ ਰਹੇ ਹਨ । ਜੋਕਿ ਘੱਟ ਗਿਣਤੀ ਕੌਮਾਂ ਲਈ ਅਤਿ ਸੰਜ਼ੀਦਾਂ ਹੋਣ ਤੇ ਮੋਦੀ ਵਰਗੇ ਅਣਮਨੁੱਖੀ ਅਤੇ ਗੈਰ ਕਾਨੂੰਨੀ ਕਾਰਵਾਈਆਂ ਕਰਨ ਦੀ ਸੋਚ ਦੇ ਮਾਲਿਕ ਨੂੰ ਕਦੀ ਵੀ ਬਤੌਰ ਵਜ਼ੀਰ-ਏ-ਆਜਮ ਪ੍ਰਵਾਨ ਨਹੀ ਕਰਨਗੇ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਬੀਜੇਪੀ, ਆਰ.ਐਸ.ਐਸ. ਵੱਲੋਂ ਹਕੂਮਤ ਪਾਰਟੀ ਵਿਚ ਬੈਠੇ ਹਿੰਦੂ ਸੋਚ ਵਾਲੇ ਆਗੂਆਂ ਦੀ ਮਿਲੀਭੁਗਤ ਨਾਲ ਮੋਦੀ ਨੂੰ ਬਤੌਰ ਵਜ਼ੀਰ-ਏ-ਆਜ਼ਮ ਦੇ ਤੌਰ ਤੇ ਅੱਗੇ ਲਿਆਉਣ ਦੇ ਹੋ ਰਹੇ ਮਨੁੱਖਤਾ ਵਿਰੋਧੀ ਅਮਲਾਂ ਦੀ ਪੁਰਜੋਰ ਨਿਖੇਧੀ ਕਰਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜਦੋ ਸਮੁੱਚੇ ਮੁਲਕ ਨਿਵਾਸੀਆਂ ਅਤੇ ਕੌਮਾਂ ਨੂੰ ਪਤਾ ਹੈ ਕਿ ਜਿਸ ਬੀਜੇਪੀ-ਆਰ.ਐਸ.ਐਸ. ਦੀਆਂ ਜਮਾਤਾਂ ਨੇ ਦੱਖਣੀ ਸੂਬਿਆਂ ਵਿਚ ਇਸਾਈ ਨਨਜ਼ਾਂ ਨਾਲ ਜ਼ਬਰ-ਜ਼ਨਾਹ ਕੀਤੇ ਹੋਣ, ਚਰਚਾਂ ਨੂੰ ਅਗਨ ਭੇਟ ਕੀਤਾ ਹੋਵੇ, ਆਸਟ੍ਰੇਲੀਅਨ ਮਿਸਨਰੀ ਸ੍ਰੀ ਗ੍ਰਾਹਮ ਸਟੇਨਜ਼ ਅਤੇ ਉਸਦੇ ਦੋ ਮਾਸੂਮ ਬੱਚਿਆਂ ਨੂੰ ਜਿੰਦਾਂ ਜਲ੍ਹਾ ਦਿੱਤਾ ਹੋਵੇ, ਗੁਜਰਾਤ ਵਿਚ ਮੁਸਲਿਮ ਕੌਮ ਦਾ ਸਾਜ਼ਸੀ ਢੰਗ ਨਾਲ ਕਤਲੇਆਮ ਕੀਤਾ ਹੋਵੇ, ਗੁਜਰਾਤ ਵਿਚ ਲੰਮੇ ਸਮੇਂ ਤੋ ਕਾਸਤ ਕਰ ਰਹੇ ਸਿੱਖ ਜਿੰਮੀਦਾਰਾਂ ਤੋ ਜ਼ਬਰੀ ਜਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਹੋਣ, 1984 ਵਿਚ ਜਿਨ੍ਹਾਂ ਪੀ.ਚਿੰਦਬਰਮ ਅਤੇ ਕਮਲਨਾਥ ਵਰਗਿਆਂ ਨੇ ਸਿੱਖ ਕੌਮ ਦਾ ਕਤਲੇਆਮ ਅਤੇ ਧੀਆਂ-ਭੈਣਾਂ ਨਾਲ ਜ਼ਬਰ-ਜ਼ਨਾਹ ਕੀਤੇ ਹੋਣ ਅਤੇ ਸਿੱਖ ਕੌਮ ਅਤੇ ਘੱਟ ਗਿਣਤੀ ਕੌਮਾਂ ਦੇ ਖ਼ੂਨ ਨਾਲ ਹੱਥ ਰੰਗੇ ਹੋਣ, ਅਜਿਹੇ ਘੱਟ ਗਿਣਤੀ ਕੌਮਾਂ ਦੇ ਕਿਸੇ ਵੀ ਕਾਤਲ ਨੂੰ ਹਿੰਦ ਦਾ ਵਜ਼ੀਰ-ਏ-ਆਜ਼ਮ ਪ੍ਰਵਾਨ ਨਹੀ ਕੀਤਾ ਜਾ ਸਕਦਾ । ਸ. ਮਾਨ ਨੇ ਇਸ ਗੱਲ ਤੇ ਕੁਝ ਤਸੱਲੀ ਪ੍ਰਗਟ ਕੀਤੀ ਕਿ ਸ੍ਰੀ ਅੰਨਾ ਹਜ਼ਾਰੇ ਵਰਗੇ ਲੋਕ ਵੀ ਇਹ ਗੱਲ ਮਹਿਸੂਸ ਕਰਨ ਲੱਗ ਪਏ ਹਨ ਕਿ ਮਨੁੱਖਤਾ ਦਾ ਕੋਈ ਵੀ ਕਾਤਲ ਹਕੂਮਤੀ ਅਹੁਦਿਆਂ ਉਤੇ ਬਿਰਾਜਮਾਨ ਨਹੀ ਹੋ ਸਕਦਾ ।
ਉਹਨਾਂ ਆਪਣੇ ਬਿਆਨ ਦੇ ਅਖ਼ੀਰ ਵਿਚ ਸਿੱਖ ਕੌਮ ਦੀ ਨਿਵੇਕਲੀ ਅਤੇ ਅਣਖੀਲੀ ਪਹਿਚਾਣ ਦੀ ਗੱਲ ਕਰਦੇ ਹੋਏ ਕਿਹਾ ਕਿ ਮੁਗਲਾਂ, ਅਫਗਾਨਾਂ, ਅੰਗਰੇਜ਼ਾਂ ਵਰਗੀਆਂ ਹਕੂਮਤਾਂ ਦੇ ਜ਼ਬਰ-ਜੁਲਮਾਂ ਅੱਗੇ ਸਿੱਖ ਕੌਮ ਨੇ ਬੀਤੇ ਇਤਿਹਾਸ ਵਿਚ ਕਦੀ ਵੀ ਈਨ ਨਹੀ ਮੰਨੀ, ਬਲਕਿ ਆਪਣੀ ਅਣਖ਼, ਗੈਰਤ ਨੂੰ ਕਾਇਮ ਰੱਖਦੇ ਹੋਏ “ਸਰਬੱਤ ਦੇ ਭਲੇ” ਦੀ ਮਨੁੱਖਤਾ ਪੱਖੀ ਸੋਚ ਉਤੇ ਪਹਿਰਾ ਦਿੰਦੇ ਹੋਏ ਸਮੇਂ-ਸਮੇਂ ਨਾਲ ਅਜਿਹੇ ਜ਼ਾਬਰ ਹੁਕਮਰਾਨਾਂ ਅਤੇ ਫ਼ੌਜਾਂ ਦੇ ਦੰਦ ਖੱਟੇ ਕੀਤੇ ਹਨ । ਇਸ ਲਈ ਆਰ.ਐਸ.ਐਸ. ਅਤੇ ਬੀਜੇਪੀ ਵਰਗੀਆਂ ਹਿੰਦੂਤਵ ਜਮਾਤਾਂ, ਘੱਟ ਗਿਣਤੀ ਕੌਮਾਂ ਵਿਰੋਧੀ ਆਪਣੇ ਮਨਸੂਬਿਆਂ ਵਿਚ ਕਤਈ ਵੀ ਕਾਮਯਾਬ ਨਹੀ ਹੋ ਸਕਣਗੀਆਂ ਜਾਂ ਉਹਨਾਂ ਵਿਚ ਦਹਿਸਤ, ਡਰ-ਭੈਅ ਪੈਦਾ ਕਰ ਸਕਣਗੀਆਂ । ਸ. ਮਾਨ ਨੇ ਮੁਸਲਿਮ, ਇਸਾਈ, ਸਿੱਖ ਕੌਮਾਂ ਅਤੇ ਰੰਘਰੇਟਿਆਂ ਨੂੰ ਅਪੀਲ ਕਰਦਿਆਂ ਹੋਏ ਕਿਹਾ ਕਿ ਉਹਨਾਂ ਦੀ ਗਿਣਤੀ ਇਥੇ 75-80 ਪ੍ਰਤੀਸਤ ਹੈ ਅਤੇ ਬੀਤੇ ਸਮੇਂ ਦੇ ਅਜ਼ਾਦੀ ਦੇ ਸੰਘਰਸ਼ਾਂ ਵਿਚ ਕੁਰਬਾਨੀਆਂ ਕਰਨ ਅਤੇ ਮਨੁੱਖਤਾ ਪੱਖੀ ਉਦਮ ਕਰਨ ਵਿਚ ਵੀ ਵੱਡਾ ਯੋਗਦਾਨ ਹੈ । ਇਸ ਲਈ ਇਥੋ ਦੀਆਂ ਹਕੂਮਤਾਂ ਅਤੇ ਰਾਜਪ੍ਰਬੰਧਾਂ ਉਤੇ ਇਨ੍ਹਾਂ ਘੱਟ ਗਿਣਤੀ ਕੌਮਾਂ ਦਾ ਹੀ ਵੱਡਾ ਹੱਕ ਬਣਦਾ ਹੈ । ਇਸ ਲਈ ਸਮੁੱਚੀਆਂ ਘੱਟ ਗਿਣਤੀ ਕੌਮਾਂ ਨੂੰ ਹਿੰਦੂਤਵ ਮਨੁੱਖਤਾ ਮਾਰੂ ਏਜੰਡੇ ਨੂੰ ਸਮਝਦੇ ਹੋਏ ਇਕ ਤਾਕਤ ਹੋਕੇ ਇਕ ਪਲੇਟਫਾਰਮ ਤੇ ਇੱਕਤਰ ਹੁੰਦੇ ਹੋਏ ਇਨ੍ਹਾਂ ਹਿੰਦੂਤਵ ਜਮਾਤਾਂ ਦੇ ਸੌਹੜੇ ਮਨਸੂਬਿਆਂ ਨੂੰ ਅਸਫ਼ਲ ਕਰਨ ਵਿਚ ਮੁੱਖ ਭੂਮਿਕਾ ਨਿਭਾਉਣੀ ਬਣਦੀ ਹੈ । ਤਾਂ ਕਿ ਕੋਈ ਵੀ ਘੱਟ ਗਿਣਤੀ ਕੌਮਾਂ ਦੇ ਹੱਕ-ਹਕੂਕਾ ਨੂੰ ਕੁੱਚਲ ਨਾ ਸਕੇ ਅਤੇ ਇਨ੍ਹਾਂ ਨਾਲ ਵਿਧਾਨਿਕ, ਮਾਲੀ, ਸਿਆਸੀ, ਧਾਰਮਿਕ, ਸਮਾਜਿਕ ਵਿਤਕਰਾ ਨਾ ਹੋ ਸਕੇ । ਉਹਨਾਂ ਅਖੀਰ ਵਿਚ ਫਿਰ ਸਪੱਸਟ ਕੀਤਾ ਕਿ ਅਸੀਂ ਮੋਦੀ, ਚਿੰਦਬਰਮ, ਕਮਲਨਾਥ ਆਦਿ ਵਰਗੇ ਕਿਸੇ ਵੀ ਕਾਤਲ ਨੂੰ ਬਤੌਰ ਵਜ਼ੀਰ-ਏ-ਆਜ਼ਮ ਨਹੀ ਪ੍ਰਵਾਨ ਕਰਾਂਗੇ ।