ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਇਹ ਮੰਨਿਆ ਕਿ ਦਿੱਲੀ ਦੀਆਂ ਔਰਤਾਂ ਡਰ ਦੇ ਸਾਏ ਹੇਠ ਆਪਣਾ ਜੀਵਨ ਗੁਜ਼ਾਰ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਲਾਜਪਤ ਨਗਰ ਵਿੱਚ ਜਿਸ ਢੰਗ ਨਾਲ ਰੇਪ ਦੀ ਕੋਸ਼ਿਸ਼ ਕੀਤੀ ਗਈ ਹੈ, ਉਸ ਤੋਂ ਮੈਂ ਬਹੁਤ ਹੀ ਹੈਰਾਨ ਹਾਂ।ਇਹ ਘਟਨਾ ਸਾਡੇ ਸੱਭ ਲਈ ਬਹੁਤ ਹੀ ਸ਼ਰਮਨਾਕ ਹੈ।ਸ਼ੀਲਾ ਨੇ ਇਹ ਸ਼ਬਦ ਮੰਗਲਵਾਰ ਨੂੰ ਇੱਕ 19 ਸਾਲਾ ਲੜਕੀ ਦੇ ਨਾਲ ਜਾਲਮਾਨਾ ਤਰੀਕੇ ਨਾਲ ਬਲਾਤਕਾਰ ਕਰਨ ਦੀ ਕੋਸ਼ਿਸ਼ ਤੋਂ ਬਾਅਦ ਕਹੇ।
ਵਰਨਣਯੋਗ ਹੈ ਕਿ 9ਵੀਂ ਕਲਾਸ ਵਿੱਚ ਪੜ੍ਹਨ ਵਾਲੀ ਲੜਕੀ ਨਾਲ ਉਸ ਦੇ ਹੀ ਘਰ ਵਿੱਚ ਇਲੈਕਟਰਸਿਟੀ ਕਾਨਟਰੈਕਟਰ ਨੇ ਲੜਕੀ ਨਾਲ ਬਲਾਤਕਾਰ ਕਰਨ ਦਾ ਯਤਨ ਕੀਤਾ ਤਾਂ ਲੜਕੀ ਵੱਲੋਂ ਵਿਰੋਧ ਕੀਤੇ ਜਾਣ ਤੇ ਹੈਵਾਨੀਅਤ ਦੀਆਂ ਸਾਰੀਆਂ ਹਦਾਂ ਪਾਰ ਕਰਦੇ ਹੋਏ ਲੜਕੀ ਦੇ ਮੂੰਹ ਵਿੱਚ ਲੋਹੇ ਦੀ ਰਾਡ ਪਾ ਦਿੱਤੀ।ਡਰ ਨਾਲ ਸਹਿਮੀ ਲੜਕੀ ਮਦਦ ਦੀ ਗੁਹਾਰ ਲਗਾਉਂਦੀ ਰਹੀ।ਬੇਸ਼ਕ ਉਸ ਵਹਿਸ਼ੀ ਦਰਿੰਦੇ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਔਰਤਾਂ ਦੀ ਸੁਰੱਖਿਆ ਦੇ ਲਈ ਹਰ ਉਹ ਕਦਮ ਉਠਾਏ ਜਾਣਗੇ ਜਿਸ ਨਾਲ ਦਿੱਲੀ ਵਿੱਚ ਮਹਿਲਾਵਾਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰ ਸਕਣ। ਉਨ੍ਹਾਂ ਨੇ ਕਿਹਾ ਕਿ ਇਸ ਮੁੱਦੇ ਤੇ ਸਾਡੀ ਸਰਕਾਰ ਬਹੁਤ ਹੀ ਗੰਭੀਰ ਹੈ। ਅਸੀਂ ਦਿੱਲੀ ਦੀਆਂ ਮਹਿਲਾਵਾਂ ਨੂੰ ਹਰ ਹਾਲ ਵਿੱਚ ਭੈਅ ਮੁਕਤ ਬਣਾਵਾਂਗੇ।