ਨਵੀਂ ਦਿੱਲੀ-ਭਾਰਤ ਦੀ ਪਾਰਲੀਮੈਂਟ ਤੇ ਹਮਲੇ ਦੇ ਗੁਨਾਹਗਾਰ ਅਫਜਲ ਗੁਰੁ ਨੂੰ ਸ਼ਨਿਚਰਵਾਰ ਦੀ ਸਵੇਰ ਨੂੰ ਫਾਂਸੀ ਦੇ ਤਖਤੇ ਤੇ ਲਿਟਾ ਦਿੱਤਾ ਗਿਆ।ਗ੍ਰਹਿ ਸਕੱਤਰ ਆਰਕੇ ਸਿੰਹ ਅਨੁਸਾਰ ਅਫਜਲ ਨੂੰ ਸਵੇਰੇ 8 ਵਜੇ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਫਾਂਸੀ ਦਿੱਤੀ ਗਈ।ਅਫਜਲ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਜਮੂੰ ਕਸ਼ਮੀਰ ਵਿੱਚ ਅਲਰਟ ਜਾਰੀ ਕਰ ਦਿੱਤਾ ਗਿਆ ਹੈ।
ਅਫਜਲ ਗੁਰੁ ਨੂੰ ਫਾਂਸੀ ਤੇ ਲਟਕਾਉਣ ਦੀ ਸਿਫਾਰਿਸ਼ 23 ਜਨਵਰੀ ਨੂੰ ਰਾਸ਼ਟਰਪਤੀ ਪ੍ਰਣਬ ਨੂੰ ਭੇਜੀ ਗਈ ਸੀ। 26 ਜਨਵਰੀ ਨੂੰ ਰਾਸ਼ਟਰਪਤੀ ਨੇ ਆਪਣੀ ਸਹਿਮਤੀ ਦੇ ਦਿੱਤੀ ਸੀ।13 ਦਸੰਬਰ 2001 ਨੂੰ ਸੰਸਦ ਤੇ ਹਮਲਾ ਕੀਤਾ ਗਿਆ ਸੀ।ਇਸ ਹਮਲੇ ਵਿੱਚ 9 ਸੁਰੱਖਿਆ ਕਰਮਚਾਰੀ ਸ਼ਹੀਦ ਹੋ ਗਏ ਸਨ, ਜਿਨ੍ਹਾਂ ਵਿੱਚ 5 ਪੁਲਿਸ ਕਰਮਚਾਰੀ ਸ਼ਾਮਿਲ ਸਨ।
ਅਫਜਲ ਗੁਰੁ ਨੂੰ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਦਿੱਤਾ ਗਿਆ ਸੀ।18 ਦਸੰਬਰ 2002 ਨੂੰ ਦਿੱਲੀ ਦੀ ਇੱਕ ਕੋਰਟ ਨੇ ਅਫਜਲ ਨੂੰ ਫਾਂਸੀ ਦੀ ਸਜ਼ਾ ਸੁਣਾਈ ਸੀ। 29 ਅਕਤੂਬਰ 2003 ਨੂੰ ਦਿੱਲੀ ਹਾਈਕੋਰਟ ਨੇ ਫਾਂਸੀ ਦੀ ਸਜ਼ਾ ਨੂੰ ਬਰਕਰਾਰ ਰੱਖਿਆ। ਸੁਪਰੀਮ ਕੋਰਟ ਨੇ ਵੀ ਉਸ ਨੂੰ ਕੋਈ ਰਾਹਤ ਨਹੀਂ ਦਿੱਤੀ। 4 ਅਗੱਸਤ 2005 ਨੂੰ ਸੁਪਰੀਮ ਕੋਰਟ ਨੇ ਵੀ ਇਸ ਸਜ਼ਾ ਨੂੰ ਬਰਕਰਾਰ ਰੱਖਿਆ। ਉਸ ਦੀ ਪਤਨੀ ਵੱਲੋਂ ਰਾਸ਼ਟਰਪਤੀ ਨੂੰ ਰਹਿਮ ਦੀ ਅਪੀਲ ਕੀਤੇ ਜਾਣ ਕਰਕੇ ਇਸ ਸਜ਼ਾ ਤੇ ਕੁਝ ਸਮੇਂ ਲਈ ਰੋਕ ਲਗ ਗਈ ਸੀ। ਭਾਜਪਾ ਕਾਫੀ ਦੇਰ ਤੋਂ ਇਹ ਮੰਗ ਕਰਦੀ ਆ ਰਹੀ ਸੀ ਕਿ ਅਫਜਲ ਨੂੰ ਜਲਦੀ ਤੋਂ ਜਲਦੀ ਫਾਂਸੀ ਤੇ ਲਟਕਾਇਆ ਜਾਵੇ।
ਅਫਜਲ ਗੁਰੁ ਨੂੰ ਫਾਂਸੀ ਦਿੱਤੇ ਜਾਣ ਤੋਂ ਬਾਅਦ ਜਮੂੰ-ਕਸ਼ਮੀਰ ਪ੍ਰਸ਼ਾਸਨ ਨੇ ਰਾਜ ਵਿੱਚ ਕੇਬਲ ਟੀਵੀ,ਮੋਬਾਇਲ ਅਤੇ ਇੰਟਰਨੈਟ ਸੇਵਾਵਾਂ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀਆਂ ਗਈਆਂ ਹਨ।ਸ੍ਰੀ ਨਗਰ ਅਤੇ ਵਾਦੀ ਦੇ ਕੁਝ ਨਾਜੁਕ ਖੇਤਰਾਂ ਵਿੱਚ ਅਨਿਸ਼ਚਿਤ ਸਮੇਂ ਲਈ ਕਰਫਿਊ ਲਗਾ ਦਿੱਤਾ ਗਿਆ ਹੈ।
ਸਰਕਾਰ ਨੂੰ ਡਰ ਹੈ ਕਿ ਜਮੂੰ-ਕਸ਼ਮੀਰ ਵਿੱਚ ਹਾਲਾਤ ਖਰਾਬ ਨਾਂ ਹੋ ਜਾਣ। ਇਸ ਕਰਕੇ ਸਥਿਤੀ ਨੂੰ ਕਾਬੂ ਵਿੱਚ ਰੱਖਣ ਲਈ ਇਹਤਿਆਤ ਦੇ ਤੌਰ ਤੇ ਕਰਫਿਊ ਲਗਾਇਆ ਗਿਆ ਹੈ। ਲੋਕਾਂ ਨੂੰ ਘਰ ਤੋਂ ਬਾਹਰ ਨਹੀਂ ਨਿਕਲਣ ਦਿੱਤਾ ਜਾ ਰਿਹਾ।ਅਫਜਲ ਨੂੰ ਫਾਂਸੀ ਤੋਂ ਬਾਅਦ ਤਿਹਾੜ ਜੇਲ੍ਹ ਵਿੱਚ ਹੀ ਦਫਨਾ ਦਿੱਤਾ ਗਿਆ ਹੈ।ਦਿੱਲੀ ਅਤੇ ਮੁੰਬਈ ਵਿੱਚ ਵੀ ਅਲਰਟ ਜਾਰੀ ਕਰ ਦਿੱਤਾ ਗਿਆ ਹੈ।