ਲੁਧਿਆਣਾ / ਡੇਹਲੋਂ – ਲਾਗਲੇ ਪਿੰਡ ਨੰਗਲ ਦੇ ਗੁਰਦੁਆਰਾ ਸਾਹਿਬ ਬਾਬਾ ਸੰਗਤ ਸਿੰਘ ਜੀ ਦਾ ਪਿਛਲੇ ਕੁਝ ਦਿਨਾਂ ਤੋਂ ਪੈਦਾ ਹੋਇਆ ਵਿਵਾਦ ਰੁਕਣ ਦੀ ਬਜਾਏ ਹੋਰ ਭਖਦਾ ਚਲਿਆ ਜਾ ਰਿਹਾ ਹੈ ਜਿਸ ਕਾਰਨ ਪਿੰਡ ਦੇ ਰਵਿਦਾਸ ਭਾਈਚਾਰੇ ਵਿੱਚ ਵੱਡੀ ਪੱਧਰ ਤੇ ਰੋਸ ਫੈਲ ਚੁੱਕਾ ਹੈ। ਇਸ ਸਬੰਧੀ ਅੱਜ 200 ਦੇ ਕਰੀਬ ਰਵਿਦਾਸ ਭਾਈਚਾਰੇ ਨਾਲ ਸਬੰਧਿਤ ਪਿੰਡ ਵਾਸੀਆਂ ਨੇ ਇਂੱਕਠੇ ਹੋ ਕੇ ਜਿਥੇ ਇਸ ਵਿਵਾਦ ਨੂੰ ਪੈਦਾ ਕਰਨ ਵਾਲੇ ਅਨਸਰਾਂ ਵਿਰੁੱਧ ਸਖਤ ਕਾਰਵਾਈ ਦੀ ਮੰਗ ਕੀਤੀ ਉਥੇ ਹੀ ਗੁਰੂ ਘਰ ਦਾ ਚੁਕਿਆ ਗਿਆ ਸਾਰਾ ਸਮਾਨ ਵੀ ਗੁਰੂ ਘਰ ਵਿੱਚ ਪਹੁੰਚਾਉਣ ਦੀ ਮੰਗ ਕੀਤੀ। ਗੁਰਦੁਆਰਾ ਸਾਹਿਬ ਦੇ ਲੈਟਰ ਪੈਡ ਤੇ 2 ਸੌ ਦੇ ਕਰੀਬ ਸੰਗਤਾਂ ਦੇ ਦਸਖਤਾਂ ਵਾਲੇ ਪ੍ਰੈਸ ਨੋਟ ਦੁਆਰਾ ਪ੍ਰਬੰਧਕੀ ਕਮੇਟੀ ਨੇ ਦੋਸ਼ ਲਗਾਇਆ ਕਿ ਅਗਸਤ 2009 ਦੇ ਬਣੇ ਇਸ ਗੁਰੂ ਘਰ ਵਿੱਚੋਂ 25 ਜਨਵਰੀ ਨੂੰ ਕਮੇਟੀ ਦੇ ਕੁਝ ਵਿਅਕਤੀਆਂ ਵੱਲੋਂ ਬਿਨਾਂ ਕਿਸੇ ਅਨਾਉਂਸਮੈਂਟ ਅਤੇ ਬਿਨਾਂ ਸੰਗਤਾਂ ਨੂੰ ਦੱਸਿਆਂ ਗੁਰੂ ਘਰ ਵਿੱਚੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਚੋਰੀ ਛੁੱਪੇ ਚੁੱਕ ਕੇ ਪਿੰਡ ਦੇ ਦੂਸਰੇ ਗੁਰੂ ਘਰ ਵਿੱਚ ਪਹੁੰਚਾ ਦਿੱਤਾ ਗਿਆ ਜਦਕਿ ਗੁਰੂ ਘਰ ਦੇ ਨਿਸ਼ਾਨ ਸਾਹਿਬ ਵਾਲੇ ਥੜੇ ਨੂੰ ਵੀ ਬੜੀ ਹੀ ਨਿਰਦਤਾ ਨਾਲ ਹਥੌੜਿਆਂ ਨਾਲ ਭੰਨ ਕੇ ਨਿਸ਼ਾਨ ਸਾਹਿਬ ਨੂੰ ਜੁੱਤੀਆਂ ਪਹਿਨ ਕੇ ਹੀ ਚੁੱਕ ਲਿਜਾਇਆ ਗਿਆ ਜਿਸ ਕਾਰਨ ਨਿਸ਼ਾਨ ਸਾਹਿਬ ਦੇ ਹੋਏ ਨਿਰਾਦਰ ਕਾਰਨ ਸੰਗਤਾਂ ਦੇ ਮਨਾਂ ਨੂੰ ਭਾਰੀ ਠੇਸ ਪੁੱਜੀ ਅਤੇ ਸੰਗਤਾਂ ਨੂੰ ਡਰਾਉਣ ਧਮਕਾਉਣ ਤੋਂ ਇਲਾਵਾ ਗੁਰੂ ਘਰ ਦਾ ਕਰੀਬ ਢਾਈ ਲੱਖ ਰੁਪਏ ਦਾ ਸਮਾਨ ਵੀ ਚੁੱਕ ਲਿਆ ਗਿਆ। ਇਹ ਸਾਰੀ ਕਾਰਵਾਈ ਗੁਰਦੁਆਰਾ ਕਮੇਟੀ ਵੱਲੋਂ ਰਣਜੀਤ ਸਿੰਘ ਨੰਗਲ, ਹਰਜੀਤ ਸਿੰਘ ਨੰਗਲ, ਬਲਵੀਰ ਸਿੰਘ, ਮੇਹਰ ਸਿੰਘ ਫੌਜੀ ਅਤੇ ਅਮਰਜੀਤ ਸਿੰਘ ਜੋ ਕਿ ਕਮੇਟੀ ਮੈਂਬਰ ਹੀ ਹਨ ਤੋਂ ਗੁਰੂ ਘਰ ਦਾ ਹਿਸਾਬ ਮੰਗਣ ਤੇ ਹੋਈ ਤਾਂ ਕਿ ਗੁਰੂ ਘਰ ਦਾ ਖਾਧਾ ਪੈਸਾ ਹੜੱਪਣ ਲਈ ਇਸ ਗੁਰਦੁਆਰੇ ਦਾ ਦੂਸਰੇ ਗੁਰਦੁਆਰੇ ਨਾਲ ਰਲੇਵੇਂ ਦਾ ਐਲਾਨ ਧੱਕੇ ਨਾਲ ਹੀ ਕਰ ਦਿੱਤਾ ਜਾਵੇ। ਗੁਰੂ ਘਰ ਵਿੱਚੋਂ ਸਰੂਪ ਚੁੱਕਣ ਤੋਂ ਬਾਅਦ ਜਦੋਂ ਪਿੰਡ ਵਿਚੋਂ ਵੱਡੀ ਗਿਣਤੀ ’ਚ ਲੋਕ ਥਾਣਾ ਡੇਹਲੋਂ ਵਿਖੇ ਪਹੁੰਚੇ ਤਾਂ ਪੁਲੀਸ ਨੇ ਸੂਝ ਤੋਂ ਕੰਮ ਲੈਂਦਿਆਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਤਾਂ ਗੁਰੂ ਘਰ ਵਿੱਚ ਸ਼ਿਸੋਭਿਤ ਕਰਵਾ ਦਿੱਤਾ ਪਰ ਗੁਰੂ ਘਰ ਦਾ ਸਮਾਨ ਪ੍ਰਬੰਧੀ ਕਮੇਟੀ ਨੂੰ ਅਜੇ ਤੱਕ ਨਹੀਂ ਮਿਲਿਆ ਜਦਕਿ ਹੁਣ ਉਪਰੋਕਤ ਸ਼ਰਾਰਤੀ ਅਨਸਰਾਂ ਵੱਲੋਂ ਉਕਤ ਗੁਰੂ ਘਰ ਨੂੰ ਤਾਲੇ ਜੜ ਦਿੱਤੇ ਗਏ ਹਨ ਅਤੇ ਗੁਰੂ ਘਰ ਨੂੰ ਮੁੜ ਬੰਦ ਕਰਵਾਉਣ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ ਜਦਕਿ ਗੁਰੂ ਘਰ ਦੀ ਗੋਲਕ, ਨਕਦੀ, ਗੁਰੂ ਘਰ ਦਾ ਸਪੀਕਰ ਅਤੇ ਹੋਰ ਬਹੁਤ ਸਾਰਾ ਸਮਾਨ ਇਹ ਆਪਣੇ ਘਰਾਂ ਵਿੱਚ ਰੱਖੀ ਬੈਠੇ ਹਨ। ਪਿੰਡ ਦੇ ਸਰਪੰਚ ਜੋਰਾ ਸਿੰਘ ਨੂੰ ਇਸ ਘਟਨਾਂ ਸਬੰਧੀ ਪੁੱਛਣ ਤੇ ਉਹਨਾਂ ਕਿਹਾ ਕਿ ਨਾਂ ਤਾਂ ਗੁਰੂ ਸਾਹਿਬ ਦਾ ਸਰੂਪ ਗੁਰੂ ਘਰ ਵਿੱਚੋਂ ਚੁੱਕਣ ਵੇਲੇ ਕਿਸੇ ਨੇ ਉਸ ਨੂੰ ਪੁੱਛਿਆ ਅਤੇ ਨਾਂ ਹੀ ਰੱਖਣ ਵੇਲੇ। ਇਸ ਸਬੰਧੀ ਜਦੋਂ ਥਾਣਾ ਡੇਹਲੋਂ ਦੇ ਮੁਖੀ ਸ੍ਰ: ਹਰਬੰਸ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਜੇਕਰ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸੰਗਤਾਂ ਵੱਲੋਂ ਉਹਨਾਂ ਕੋਲ ਕੋਈ ਲਿਖਤੀ ਸ਼ਿਕਾਇਤ ਆਵੇਗੀ ਤਾਂ ਕਾਨੂੰਨ ਮੁਤਾਬਿਕ ਕਾਰਵਾਈ ਕੀਤੀ ਜਾਵੇਗੀ।