ਅੰਮ੍ਰਿਤਸਰ:- ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦਫਤਰ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕੀ ਬਲਾਕ ‘ਚ ਕੁਝ ਚੋਣਵੇਂ ਪੱਤਰਕਾਰਾਂ ਦੇ ਸਵਾਲਾਂ ਦੇ ਜੁਆਬ ਦੇਂਦਿਆਂ ਕਿਹਾ ਕਿ ਦੇਸ਼ ਦਾ ਕਾਨੂੰਨ ਸਾਰਿਆਂ ਲਈ ਬਰਾਬਰ ਹੋਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਇੱਕ ਪਾਸੇ ਕੇਂਦਰ ਸਰਕਾਰ 34 ਕਤਲ ਕਰਨ ਵਾਲੇ ਸੀਰੀਅਲ ਕਿਲਰ ਕਿਸ਼ੋਰੀ ਲਾਲ ਵਰਗਿਆਂ ਦੀ 7 ਫਾਂਸੀਆਂ ਮੁਆਫ ਕਰ ਰਹੀ ਹੈ, ਦੂਜੇ ਪਾਸੇ ਘੱਟ ਗਿੱਣਤੀਆਂ ਨੂੰ ਫਾਂਸੀ ਤੇ ਲਟਕਾਇਆ ਜਾ ਰਿਹਾ ਹੈ। ਪੱਤਰਕਾਰਾਂ ਵੱਲੋਂ ਪ੍ਰੋਫੈਸਰ ਦਵਿੰਦਰਪਾਲ ਸਿੰਘ ਭੁੱਲਰ ਬਾਰੇ ਪੁੱਛੇ ਜਾਣ ਤੇ ਉਨ੍ਹਾਂ ਕਿਹਾ ਕਿ ਸ.ਦਵਿੰਦਰਪਾਲ ਸਿੰਘ ਭੁੱਲਰ ਦੇ ਆਪਣੇ ਬਿਆਨ ਨੂੰ ਅਧਾਰ ਬਣਾ ਕੇ ਫਾਂਸੀ ਦੀ ਸਜਾ ਸੁਣਾਈ ਗਈ ਹੈ ਜਦੋਂ ਕਿ ਉਸ ਖਿਲਾਫ ਕੋਈ ਠੋਸ ਗਵਾਹੀ ਨਹੀਂ ਹੈ। ਉਹ ਤਕਰੀਬਨ 20 ਸਾਲ ਤੋਂ ਵੱਧ ਸਮੇਂ ਦਾ ਜੇਲ੍ਹ ‘ਚ ਬੰਦ ਹੈ, ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਉਸ ਨੂੰ ਰਿਹਾਅ ਕਰੇ। ਗੁਰਦੁਆਰਾ ਗਿਆਨ ਗੋਦੜੀ ਬਾਰੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖੁਦ ਇਸ ਮਾਮਲੇ ਬਾਰੇ ਉੱਤਰ ਪ੍ਰੇਦਸ਼ ਦੇ ਮੁੱਖ ਮੰਤਰੀ ਨਾਲ ਗੱਲਬਾਤ ਕਰ ਚੁੱਕੇ ਹਨ। ਉਨ੍ਹਾਂ ਨੇ ਸਾਨੂੰ ਜਨਵਰੀ ਤੱਕ ਦਾ ਸਮਾਂ ਦਿੱਤਾ ਸੀ। ਹੁਣ ਦੁਬਾਰਾ ਜਲਦੀ ਮੁੱਖ ਮੰਤਰੀ ਨੂੰ ਮਿਲਣ ਬਾਰੇ ਪ੍ਰੋਗਰਾਮ ਬਣਾਇਆ ਜਾਵੇਗਾ। ਹੋਂਦ ਚਿੱਲੜ੍ਹ ਵਿਖੇ ਮਾਰੇ ਗਏ ਸਿੱਖ ਭਾਈਚਾਰੇ ਬਾਰੇ ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਸ ਦਰਦ ਨਾਕ ਕਾਂਡ ਬਾਰੇ ਹਰੇਕ ਕਿਸਮ ਦੀ ਸਹਾਇਤਾ ਕਰ ਰਹੀ ਹੈ। ਗਰਗ ਕਮਿਸ਼ਨ ਅੱਗੇ ਗਵਾਹੀਆਂ ਕਰਵਾਉਣ ਆਦਿ ਹਰ ਪ੍ਰਕਾਰ ਦੀ ਸਹਾਇਤਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਹੁਣ ਤੀਕ ਤਕਰੀਬਨ 26 ਲੱਖ ਰੁਪਏ ਦੇ ਕਰੀਬ ਖਰਚ ਕਰ ਚੁੱਕੀ ਹੈ ਤੇ ਅੱਗੋਂ ਵੀ ਕਿਸੇ ਕਿਸਮ ਦੀ ਢਿੱਲ ਨਹੀਂ ਵਰਤੀ ਜਾਵੇਗੀ। ਪਾਕਿਸਤਾਨ ਗੁਰਦੁਆਰਾ ਸਾਹਿਬਾਨਾਂ ਦੀ ਹਾਲਾਤ ਬਾਰੇ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਅਮਰੀਕਾ ਤੋਂ ਫੂਨ ਆਇਆ ਹੈ ਕਿ ਪਾਕਿਸਤਾਨ ‘ਚ ਛੇਵੇਂ ਪਾਤਸਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੀ ਛੋਹ ਪ੍ਰਾਪਤ ਗੁਰਦੁਆਰਾ ਮੱਟੂ ਭਾਈ ਕਾ ਦੀ ਹਾਲਤ ਤਰਸਯੋਗ ਹੈ। ਇਸ ਅਸਥਾਨ ਤੇ ਗੁਰੂ ਸਾਹਿਬ 21 ਦਿਨ ਠਹਿਰੇ ਸਨ ਇਸ ਅਸਥਾਨ ਦੀ ਯੋਗ ਸਾਂਭ-ਸੰਭਾਲ ਬਾਰੇ ਜਲਦੀ ਹੀ ਦਿੱਲੀ ਸਥਿਤ ਪਾਕਿਸਤਾਨ ਦੇ ਸਫੀਰ ਨੂੰ ਪੱਤਰ ਲਿਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਪਾਕਿਸਤਾਨ ਸਰਕਾਰ ਨੂੰ ਚਾਹੀਦਾ ਹੈ ਕਿ ਉਹ ਗੁਰਦੁਆਰਾ ਸਾਹਿਬਾਨ ਤੇ ਇਤਿਹਾਸਕ ਜਾਇਦਾਦਾਂ ਦੀ ਸਾਂਭ ਸੰਭਾਲ ਸਹੀ ਢੰਗ ਨਾਲ ਕਰੇ। ਉਨ੍ਹਾਂ ਕਿਹਾ ਕਿ ਉਹ ਖੁੱਦ ਵੀ ਮਾਰਚ ਮਹੀਨੇ ਪਾਕਿਸਤਾਨ ਜਾਣਗੇ ਤੇ ਮੌਕੇ ਮੁਤਾਬਿਕ ਉਥੋਂ ਦੀ ਸਰਕਾਰ ਨਾਲ ਸਿੱਖ ਜਾਇਦਾਦਾਂ ਬਾਰੇ ਗੱਲਬਾਤ ਕਰਨਗੇ। ਉਨ੍ਹਾਂ ਇੱਕ ਵਾਰ ਫੇਰ ਪਾਕਿਸਤਾਨ ਦੀ ਸੁਪਰੀਮ ਕੋਰਟ ਵੱਲੋਂ ਘੱਟ ਗਿੱਣਤੀ ਦੀਆਂ ਜਾਇਦਾਦਾਂ ਬਾਰੇ ਕੀਤੇ ਫੈਸਲੇ ਦਾ ਸੁਆਗਤ ਵੀ ਕੀਤਾ।
ਘੱਟ ਗਿੱਣਤੀਆਂ ਨੂੰ ਫਾਂਸੀ ਦੇਣ ਤੋਂ ਪਹਿਲਾਂ ਕੇਂਦਰ ਕਿਸ਼ੋਰੀ ਲਾਲ ਬਾਰੇ ਪੱਖ ਸਪਸ਼ਟ ਕਰੇ
This entry was posted in ਪੰਜਾਬ.