ਬਹੁਤ ਦੁੱਖ ਅਤੇ ਅਫ਼ਸੋਸ ਤੇ ਵਿਤਕਰੇ ਭਰਿਆ ਹਿੰਦੂ ਹਕੂਮਤ ਵੱਲੋਂ ਅੱਜ ਸਵੇਰੇ ਵਰਤਾਰਾ ਹੋਇਆ ਹੈ ਕਿ ਫ਼ਾਂਸੀ ਲੱਗਣ ਵਾਲੇ ਸ੍ਰੀ ਅਫਜ਼ਲ ਗੁਰੂ ਨੂੰ, ਉਸਦੇ ਵਕੀਲ ਨੂੰ, ਨਾ ਮਾਪਿਆਂ ਨੂੰ ਇਤਲਾਹ ਦਿੱਤਿਆਂ ਬਿਨ੍ਹਾਂ ਹੀ ਸੱਜਰੇ-ਸੱਜਰੇ ਸਵੇਰੇ 5 ਵਜੇ ਅੱਜ ਮਿਤੀ 9 ਫਰਵਰੀ 2013 ਤਿਹਾੜ ਜੇਲ੍ਹ ਦੇ ਵਿਚ ਜ਼ਾਬਰ ਹਿੰਦ ਹਕੂਮਤ ਨੇ ਅਫਜ਼ਲ ਗੁਰੂ ਨੂੰ ਫ਼ਾਂਸੀ ਤੇ ਚੜ੍ਹਾ ਦਿੱਤਾ ਹੈ, ਜਿਵੇ ਕੁਝ ਦਿਨ ਪਹਿਲਾ ਕਸਾਬ ਨੂੰ ਪੂੰਨੇ ਦੀ ਜੇਲ੍ਹ ਵਿਚ ਬਗੈਰ ਕਿਸੇ ਨੂੰ ਦੱਸਿਆ ਫ਼ਾਂਸੀ ਚੜ੍ਹਾਂ ਦਿੱਤਾ ਸੀ । ਇਨ੍ਹਾਂ ਦੋਨਾਂ ਮੁਸਲਮਾਨਾਂ ਨੂੰ ਫ਼ਾਂਸੀ ਚੜ੍ਹਾਕੇ ਹਿੰਦੂ ਰਾਸਟਰ ਨੇ ਦੋ ਸਿੱਖ ਨੌਜ਼ਵਾਨਾਂ ਨੂੰ ਸ. ਦਵਿੰਦਰਪਾਲ ਸਿੰਘ ਭੁੱਲਰ, ਸ. ਬਲਵੰਤ ਸਿੰਘ ਰਾਜੋਆਣਾ ਦੇ ਫ਼ਾਂਸੀ ਦੇ ਤਖਤੇ ‘ਤੇ ਲੈਜਾਣ ਦਾ ਰਸਤਾ ਖੋਲ੍ਹ ਦਿੱਤਾ ਹੈ ।
ਸਾਡੀ ਪਾਰਟੀ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਜੋ ਗੁਰੂ ਨਾਨਕ ਸਾਹਿਬ ਦੇ ਫੁਰਮਾਨ ਸੀ ਬਾਬਰ-ਜ਼ਾਬਰ ਅਨੁਸਾਰ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਜਮਹੂਰੀਅਤ ਅਤੇ ਅਮਨਮਈ ਤਰੀਕੇ ਲੜ ਰਹੀ ਹੈ ਅਤੇ ਗੁਰੂ ਸਾਹਿਬਾਨ ਜੀ ਵੱਲੋਂ ਦਿੱਤੇ ਗਏ ਹੁਕਮਾਂ ਅਨੁਸਾਰ ਹਰ ਤਰ੍ਹਾਂ ਦੇ ਜ਼ਬਰ-ਜੁਲਮ ਦਾ ਮੁਕਾਬਲਾ ਕਰ ਰਹੀ ਹੈ, ਉਸਨੂੰ ਅੱਜ ਦੁੱਖ ਅਤੇ ਅਫ਼ਸੋਸ ਹੈ ਕਿ ਉਹ ਆਪਣੇ ਇਸ ਮਨੁੱਖਤਾ ਪੱਖੀ ਸੱਚੇ ਮਿਸ਼ਨ ਨੂੰ ਅੱਗੇ ਕਿਵੇ ਵਧਾਵੇ ? ਇਸ ਦਿਸਾ ਵੱਲ ਅੱਜ ਅਸੀਂ ਤੰਗੀ ਮਹਿਸੂਸ ਕਰ ਰਹੇ ਹਾਂ । ਕਿਉਕਿ ਅੱਜ ਦੇ ਦਿਨ ਵਿਚ ਮੁਸਲਮਾਨ ਵੀ ਤੇ ਸਿੱਖ ਵੀ ਹਿੰਦੂ ਰਾਸਟਰ ਦੇ ਜ਼ਬਰ ਤੋ ਡਰਿਆ ਤੇ ਸਹਿਮਿਆ ਬੈਠਾਂ ਹੈ । ਪਰਸੋ ਮਿਤੀ 7 ਫਰਵਰੀ 2013 ਨੂੰ, ਗੁਜਰਾਤ ਦੇ ਮੁਸਲਮਾਨਾਂ ਦੇ ਕਾਤਲ ਸ੍ਰੀ ਨਰਿੰਦਰ ਮੋਦੀ ਨੂੰ ਦਿੱਲੀ ਵਿਖੇ ਯੂਰਪਿੰਨ ਯੂਨੀਅਨ ਦੇ ਸਫੀਰਾਂ ਨੇ ਇਕ ਮੀਟਿੰਗ ਅਤੇ ਲੰਚ ਲਈ ਦਾਅਵਤ ਦਿੱਤੀ ਸੀ । ਇਸ ਦਾ ਮਤਲਬ ਹੈ ਕਿ ਯੂਰਪਿੰਨ ਮੁਲਕ ਜੋ ਆਪਣੀ ਫੋਰਨ ਪਾਲਸੀ ਵਿਚ ਸਰਕਾਰੀ ਦਹਿਸਤਗਰਦੀ, ਕਤਲੇਆਮ ਤੇ ਨਸਲਕੁਸੀ ਵਿਰੁੱਧ ਲੜਣ ਦਾ ਪ੍ਰਣ ਕਰਦੇ ਰਹੇ ਹਨ, ਉਹ ਵੀ ਅੱਜ ਐਹੋ ਜਿਹੇ ਹਿਟਲਰ, ਸਟੈਲਨ ਅਤੇ ਮਾਓ ਆਦਿ ਨਰਿੰਦਰ ਮੋਦੀ ਵਰਗੇ ਜ਼ਾਬਰਾਂ ਨੂੰ ਦਾਅਵਤਾਂ ਤੇ ਬੁਲਾ ਰਹੇ ਹਨ । ਇਸ ਤੋ ਕੁਝ ਦਿਨ ਪਹਿਲਾ ਜੋ ਇਲਾਹਾਬਾਦ ਦੇ ਵਿਚ ਹਿੰਦੂ ਧਰਮ ਦਾ ਕੁੰਭ ਮੇਲਾ ਹੋ ਰਿਹਾ ਹੈ ਉਥੇ ਹਜ਼ਾਰਾਂ ਹਿੰਦੂ ਸੰਤ, ਮਹਾਤਮਾਂ, ਬੀਜੇਪੀ ਤੇ ਆਰ.ਐਸ.ਐਸ. ਦੇ ਹਾਕਮਾਂ ਨੇ ਇਕ ਅਵਾਜ ਦੇ ਵਿਚ ਹਿੰਦੂਆਂ ਨੂੰ ਸੱਦਾ ਦਿੱਤਾ ਹੈ ਕਿ ਅਗਲਾ ਵਜ਼ੀਰ-ਏ-ਆਜ਼ਮ ਹਿੰਦ ਦਾ ਨਰਿੰਦਰ ਮੋਦੀ ਹੋਵੇ ਅਤੇ ਕੋਈ ਵੀ ਸਰਕਾਰ ਹੋਵੇ, ਰਾਮ ਮੰਦਿਰ ਦੀ ਉਸਾਰੀ ਹੋਕੇ ਹੀ ਰਹੇਗੀ । ਇਸ ਤੋ ਇਲਾਵਾ ਸਾਡੇ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ. ਗੁਰਬਚਨ ਸਿੰਘ ਨੇ ਕੱਲ੍ਹ ਸ੍ਰੀ ਅੰਮ੍ਰਿਤਸਰ ਸਾਹਿਬ ਤੋ ਐਲਾਨ ਕੀਤਾ ਹੈ ਕਿ ਹੁਣ ਤੋ ਜੋ ਪਹਿਲਾ 2003 ਦੇ ਵਿਚ ਅਕਾਲ ਤਖ਼ਤ ਸਾਹਿਬ ਤੋ ਨਾਨਕਸਾਹੀ ਕੈਲੰਡਰ ਜਾਰੀ ਕੀਤਾ ਗਿਆ ਸੀ ਉਹ ਰੱਦ ਕੀਤਾ ਜਾਂਦਾ ਹੈ ਅਤੇ ਨਵਾਂ ਨਾਨਕਸਾਹੀ ਕੈਲੰਡਰ ਹਿੰਦੂਤਵ, ਬੀਜੇਪੀ-ਆਰ.ਐਸ.ਐਸ, ਸ੍ਰੀ ਹਰਨਾਮ ਸਿੰਘ ਧੁੰਮਾ ਉਸਦੀ ਦਮਦਮੀ ਟਕਸਾਲ ਅਤੇ ਸੰਤ ਸਮਾਜ ਦੇ ਹੁਕਮਾਂ ‘ਤੇ ਇਸ ਦਾ ਚਹਿਰਾ ਬਦਲਕੇ ਹਿੰਦੂ ਬਿਕਰਮੀ ਸੰਮਤ ਵੱਲ ਦਬਦੀਲ ਕੀਤਾ ਗਿਆ ਹੈ ਉਹ ਲਾਗੂ ਕੀਤਾ ਜਾਵੇਗਾ । ਆਪ ਜੀ ਨੂੰ ਗਿਆਨ ਹੈ ਕਿ ਅਮਰੀਕਾ, ਯੂਰਪ, ਆਸਟ੍ਰੇਲੀਆ, ਕੈਨੇਡਾ ਤੇ ਹੋਰ ਇੰਨਕਲਾਬੀ ਸਿੱਖ ਜੋਕਿ ਹਿੰਦੂਤਵ ਤੋ ਪਹਿਲੀ ਪਾਤਸ਼ਾਹੀ ਦੇ ਆਦੇਸ਼…………..“ਨਾ ਹਮ ਹਿੰਦੂ, ਨਾ ਮੁਸਲਮਾਨ” ਤੇ ਚੱਲਦੇ ਹਨ, ਉਹਨਾਂ ਸਭਨਾਂ ਨੇ ਇਹ ਨਵਾਂ ਹਿੰਦੂਤਵ ਦਾ ਬਿਕਰਮੀ ਕੈਲੰਡਰ ਮੁੱਢੋ ਹੀ ਰੱਦ ਕਰ ਦਿੱਤਾ ਹੈ । ਕਿਉਕਿ ਇਸ ਨਵੇ ਕੈਲੰਡਰ ਵਿਚ ਗੁਰੂ ਸਾਹਿਬਾਨ ਦੀ ਸਿੱਖੀ ਸੋਚ ਨੂੰ ਦਫ਼ਨ ਕਰਕੇ ਹਿੰਦੂਤਵ ਸੋਚ ਨੂੰ ਉਭਾਰਿਆ ਗਿਆ ਹੈ । ਜਿਸਨੂੰ ਸਿੱਖ ਕੌਮ ਕਤਈ ਪ੍ਰਵਾਨ ਨਹੀ ਕਰ ਸਕਦੀ । ਇਸੇ ਤਰ੍ਹਾਂ ਪਾਕਿਸਤਾਨ ਦੀ ਸ਼੍ਰੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਵੀ ਇਸ ਤਬਦੀਲ ਹੋਏ ਹਿੰਦੂਤਵ ਬਿਕਰਮੀ ਕੈਲੰਡਰ ਨੂੰ ਮੰਨਣ ਤੋ ਇੰਨਕਾਰ ਕਰ ਦਿੱਤਾ ਹੈ ।
ਜੋ ਅਫਜਲ ਗੁਰੂ ਨੂੰ ਖੂਫੀਆਂ ਤੌਰ ਤੇ ਫ਼ਾਂਸੀ ਦਿੱਤੀ ਗਈ ਹੈ ਇਸ ਤੋ ਜ਼ਾਹਿਰ ਹੈ ਕਿ ਸ. ਮਨਮੋਹਨ ਸਿੰਘ ਦੀ ਸਰਕਾਰ ਹਿੰਦੂਤਵ ਦੇ ਅਸਰ ਤੇ ਦਬਾਅ ਹੇਠ ਝੁਕ ਚੁੱਕੀ ਹੈ ਜਿਸਦਾ ਮਤਲਬ ਹੈ ਕਿ ਹੁਣ ਕਾਂਗਰਸ ਪਾਰਟੀ ਤੇ ਇਸ ਦੇ ਸਾਥੀ ਗਠਬੰਧਨ ਵੱਲੋਂ ਨਰਿੰਦਰ ਮੋਦੀ ਤੇ ਬੀਜੇਪੀ-ਆਰ.ਐਸ.ਐਸ. ਆਦਿ ਸੰਗਠਨਾਂ ਵੱਲੋਂ ਬਤੌਰ ਵਜ਼ੀਰ-ਏ-ਆਜ਼ਮ ਦੇ ਨਰਿੰਦਰ ਮੋਦੀ ਨੂੰ ਲਿਆਉਣ ਦੀ ਅਗਵਾਈ ਦਾ ਮੁਕਾਬਲਾਂ ਨਹੀ ਕਰ ਸਕਣਾ । ਦੂਸਰੇ ਪਾਸੇ ਸ. ਪ੍ਰਕਾਸ਼ ਸਿੰਘ ਬਾਦਲ ਤੇ ਉਹਨਾਂ ਦੇ ਹੋਣਹਾਰ ਸਪੁੱਤਰ ਸ. ਸੁਖਬੀਰ ਸਿੰਘ ਬਾਦਲ ਤੇ ਇਨ੍ਹਾਂ ਦੇ ਸਾਲਾ ਸਾਹਿਬ ਸ. ਬਿਕਰਮ ਸਿੰਘ ਮਜੀਠੀਏ ਨੇ ਵੀ ਕਹਿ ਦਿੱਤਾ ਹੈ ਕਿ ਅਗਲੀ ਹਕੂਮਤ ਬੀਜੇਪੀ ਦੇ ਵਿਚ ਸਾਨੂੰ ਮਨੁੱਖਤਾ ਦਾ ਕਾਤਲ ਨਰਿੰਦਰ ਮੋਦੀ ਬਤੌਰ ਵਜੀਰ-ਏ-ਆਜਿ਼ਮ ਮੰਨਜੂਰ ਹੋਵੇਗਾ ।
ਅੱਜ ਸਵੇਰੇ ਜਦੋ ਮੈਨੂੰ ਅਫਜਲ ਗੁਰੂ ਦੀ ਫ਼ਾਂਸੀ ਦੀ ਖ਼ਬਰ ਸੁਣਾਈ ਗਈ ਮੇਰਾ ਮਨ ਬਹੁਤ ਉਦਾਸ ਹੋਇਆ ਅਤੇ ਸਵੇਰ ਦਾ ਸ਼ਾਹਵੇਲ੍ਹੇ (ਨਾਸਤਾ) ਵੀ ਨਾ ਖਾਧਾ ਗਿਆ । ਕਿਉਕਿ ਅਜਿਹੀ ਘੱਟ ਗਿਣਤੀ ਕੌਮਾਂ ਨੂੰ ਕੁਚਲਣ ਵਾਲੀ ਅਣਮਨੁੱਖੀ ਫ਼ਾਂਸੀ ਦੇ ਨਾਲ ਇਕ ਤਾਂ ਸਿੱਖਾਂ ਨੂੰ ਫ਼ਾਂਸੀ ਦੇਣ ਦੇ ਬੂਹੇ ਖੁੱਲ ਗਏ ਹਨ ਅਤੇ ਦੂਸਰੇ ਪਾਸੇ ਜਦੋ ਇੰਦਰਾਂ ਗਾਂਧੀ ਨੇ ਝਟਪਟ ਕਸ਼ਮੀਰੀ ਅਜ਼ਾਦੀ ਘੁਲਾਟੀਏ ਮਕਬੂਲ ਭੱਟ ਨੂੰ ਤਿਹਾੜ ਜੇਲ੍ਹ ਵਿਚ ਫ਼ਾਂਸੀ ਦੇ ਦਿੱਤੀ ਸੀ, ਉਸ ਤੋ ਬਾਅਦ ਕਸ਼ਮੀਰ ਦੇ ਹਾਲਾਤ ਵਿਗੜਦੇ ਹੀ ਰਹੇ ਹਨ । ਸਾਡੀ ਪਾਰਟੀ ਨੇ ਹਿੰਦ ਹਕੂਮਤ ਨੂੰ ਕਈ ਵਾਰੀ ਸੁਚੇਤ ਕੀਤਾ ਸੀ ਕਿ ਇੰਦਰਾਂ ਗਾਂਧੀ ਵੱਲੋਂ ਕੀਤੀ ਬੇਵਕੂਫੀ ਨੂੰ ਦੁਹਰਾਇਆ ਨਾ ਜਾਵੇ । ਕਿਉਕਿ ਸਾਡੀ ਪਾਰਟੀ ਸਿੱਖ ਵਸੋਂ ਵਾਲੇ ਇਲਾਕੇ ਪੰਜਾਬ, ਹਰਿਆਣਾ, ਹਿਮਾਚਲ, ਜੰਮੂ-ਕਸ਼ਮੀਰ, ਚੰਡੀਗੜ੍ਹ, ਰਾਜਸਥਾਂਨ, ਲੇਹ-ਲਦਾਖ ਵਿਚ ਪੁਰ-ਅਮਨ ਚਾਹੁੰਦੀ ਹੈ ਅਤੇ ਫ਼ਾਂਸੀਆਂ ਦੀ ਸਿਆਸਤ ਦੇ ਨਾਲ ਸਾਡੇ ਸਿੱਖ ਵਸਦੇ ਇਲਾਕੇ ਫਿਰ ਬੇਚੈਨ ਹੋ ਜਾਣਗੇ ਤੇ ਇਸ ਖਿੱਤੇ ਵਿਚ ਹਾਲਾਤ ਅਤਿ ਵਿਸਫੋਟਿਕ ਬਣ ਜਾਣਗੇ ।
ਸਾਡੀ ਪਾਰਟੀ ਨੂੰ ਇਹ ਵੀ ਚਿੰਤਾ ਹੈ ਕਿ ਅਗਲੇ ਸਾਲ 2014 ਵਿਚ ਨਾਟੋ ਤੇ ਅਮਰੀਕਨ ਫੌਜਾਂ ਨੇ ਇਸਲਾਮਿਕ ਪਾਕਿਸਤਾਨ ਦੇ ਵਿਚੋਂ ਚਲੇ ਜਾਣਾ ਹੈ । ਅਸੀ ਮਹਿਸੂਸ ਕਰਦੇ ਹਾਂ ਕਿ ਅਮਰੀਕਾ ਤੇ ਨਾਟੋ ਫੌਜਾਂ ਆਪਣੀ ਮਿਲਟਰੀ ਤਾਕਤ ਨਾਲ ਇਸਲਾਮਿਕ ਮੁਲਕਾਂ ਦੇ ਵਿਚ ਹਮਲੇ ਕਰਕੇ ਕੁਝ ਸਮੇਂ ਲਈ ਹਾਲਾਤਾਂ ਨੂੰ ਸ਼ਾਂਤ ਤਾ ਕਰ ਲੈਦੇ ਹਨ ਪਰ ਇਨ੍ਹਾਂ ਮੁਲਕਾਂ ਵਿਚ ਸਥਾਈ ਤੌਰ ਤੇ ਅਮਨ-ਚੈਨ ਕਾਇਮ ਕਰਨ ਵਿਚ ਕਦੀ ਕਾਮਯਾਬ ਨਹੀ ਹੁੰਦੀਆਂ । ਜਦੋ ਇਨ੍ਹਾਂ ਇਸਲਾਮਿਕ ਮੁਲਕਾਂ ਵਿਚੋਂ ਅਮਰੀਕਨ ਤੇ ਨਾਟੋ ਫੌਜਾਂ ਅਲਵਿਦਾ ਹੋ ਜਾਂਦੀਆਂ ਹਨ ਜਿਵੇ ਕਿ ਇਰਾਕ ਵਿਚ ਅੱਜ ਹੀ 60 ਕਤਲ ਹੋ ਗਏ ਹਨ। ਇਸੇ ਤਰ੍ਹਾਂ ਅਮਰੀਕਾ ਤੇ ਨਾਟੋ ਦੀਆਂ ਫੌਜਾਂ ਇਰਾਕ ਦੇ ਵਿਚ ਅਮਨ ਪੈਦਾ ਨਹੀ ਕਰ ਸਕੀਆਂ । ਇਸੇ ਤਰ੍ਹਾਂ ਹੀ ਅਫ਼ਗਾਨੀਸਤਾਨ ਵਿਚ ਹੋਵੇਗਾ । ਜਦੋ ਅਲਕਾਇਦਾਂ ਤੇ ਤਾਲੀਬਾਨੀ, ਅਮਰੀਕਨ ਤੇ ਨਾਟੋ ਦੀਆਂ ਫੌਜਾਂ ਦੀ ਲੜਾਈ ਤੋ ਅਗਲੇ ਸਾਲ ਵੇਹਲੇ ਹੋ ਜਾਣਗੇ ਤਾਂ ਸਾਡੇ ਸਿੱਖ ਵਸੋ ਵਾਲੇ ਇਲਾਕਿਆ ਵਿਚ ਲਾਜ਼ਮੀ ਬੇਚੈਨ ਤੇ ਅਸਥਿਰ ਹੋਣ ਤੋ ਇੰਨਕਾਰ ਨਹੀ ਕੀਤਾ ਜਾ ਸਕਦਾ ।
ਹੁਣ ਸਭ ਤੋ ਸੰਜ਼ੀਦਾਂ ਸਵਾਲ ਇਹ ਉਤਪੰਨ ਹੁੰਦਾ ਹੈ ਕਿ ਹਿੰਦੂ ਰਾਸਟਰ ਨੇ ਆਪਣੀਆਂ ਜ਼ਾਬਰ ਅਤੇ ਤਾਨਾਸ਼ਾਹੀ ਸੋਚ ਅਧੀਨ ਪਹਿਲੇ ਸ੍ਰੀ ਕਸਾਬ ਨੂੰ ਚੁੱਪ-ਚਪੀਤੇ ਪੂੰਨੇ ਦੀ ਜੇਲ੍ਹ ਵਿਚ ਫ਼ਾਂਸੀ ਲਗਾ ਦਿੱਤੀ ਸੀ ਅਤੇ ਅੱਜ ਸ੍ਰੀ ਅਫਜ਼ਲ ਗੁਰੂ ਨੂੰ ਉਸੇ ਸੋਚ ਅਧੀਨ ਗੁਪਤ ਢੰਗਾਂ ਰਾਹੀ ਫ਼ਾਂਸੀ ਲਗਾਕੇ ਸਾਡੇ ਦੋ ਸਿੱਖ ਨੌਜ਼ਵਾਨਾਂ ਪ੍ਰੋ. ਦਵਿੰਦਰਪਾਲ ਸਿੰਘ ਭੁੱਲਰ ਅਤੇ ਸ. ਬਲਵੰਤ ਸਿੰਘ ਰਾਜੋਆਣਾ ਨੂੰ ਇਸੇ ਗੁਪਤ ਢੰਗਾਂ ਦੀ ਵਰਤੋਂ ਕਰਦੇ ਹੋਏ ਆਉਣ ਵਾਲੇ ਸਮੇਂ ਵਿਚ ਫ਼ਾਂਸੀਆਂ ਲਗਾਉਣ ਲਈ ਹਿੰਦੂ ਰਾਸ਼ਟਰ ਪੱਖੀ ਅਤੇ ਹਿੰਦੂਤਵ ਸੋਚ ਨੂੰ ਪੂਰਾ ਕਰਨ ਲਈ ਰਾਹ ਖੋਲ੍ਹ ਦਿੱਤਾ ਹੈ । ਜਿਸ ਤੋ ਅੱਜ ਸਿੱਖ ਕੌਮ ਦਾ ਦਰਦ ਰੱਖਣ ਵਾਲੇ ਸਮੁੱਚੇ ਪੰਥ ਦਰਦੀਆਂ ਨੂੰ ਗੰਭੀਰਤਾਂ ਨਾਲ ਸੋਚਣ ਅਤੇ ਇਨ੍ਹਾਂ ਆਉਣ ਵਾਲੀਆਂ ਕੌਮੀ ਆਫ਼ਤਾਂ ਨੂੰ ਰੋਕਣ ਲਈ ਸਮੂਹਿਕ ਤੌਰ ਤੇ ਉੱਦਮ ਕਰਨ ਲਈ ਤਿਆਰ ਰਹਿਣਾ ਪਵੇਗਾ ।
ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਤਾਂ ਅੱਜ ਵੀ ਆਪਣੇ ਗੁਰੂ ਸਾਹਿਬਾਨ ਜੀ ਦੀ ਮਨੁੱਖਤਾ ਪੱਖੀ ਹਰ ਤਰ੍ਹਾਂ ਦੇ ਜ਼ਬਰ-ਜੁਲਮ ਵਿਰੁੱਧ ਲੜਨ ਅਤੇ ਅਣਖ਼ ਤੇ ਗੈਰਤ ਨਾਲ ਜਿਊਣ ਦੇ ਮਕਸਦ ਦੀ ਪ੍ਰਾਪਤੀ ਲਈ 12 ਫਰਵਰੀ 2013 ਨੂੰ ਸ੍ਰੀ ਫਤਹਿਗੜ੍ਹ ਸਾਹਿਬ ਵਿਖੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆਂ, ਜਿਨ੍ਹਾਂ ਨੇ ਕੌਮੀ ਮਿਸ਼ਨ ਦੀ ਪ੍ਰਾਪਤੀ ਲਈ ਮਹਾਨ ਕੁਰਬਾਨੀਆਂ ਕੀਤੀਆਂ, ਉਹਨਾਂ ਦਾ 66ਵਾਂ ਜਨਮ ਦਿਹਾੜਾਂ ਬਿਨ੍ਹਾਂ ਕਿਸੇ ਡਰ-ਭੈਅ ਅਤੇ ਖੌਫ ਤੋ ਮਨਾਉਣ ਜਾ ਰਹੀ ਹੈ ਅਤੇ ਇਸੇ ਸੋਚ ਨੂੰ ਮਜ਼ਬੂਤ ਕਰਨ ਹਿੱਤ ਮੋਗਾ ਦੀ ਜਿਮਨੀ ਚੋਣ ਵਿਚ ਦੋਵੇ ਹਿੰਦੂਤਵ ਜਮਾਤਾਂ ਕਾਂਗਰਸ, ਬੀਜੇਪੀ ਅਤੇ ਉਹਨਾਂ ਦੇ ਗੁਲਾਮ ਬਣੇ ਬਾਦਲ ਦਲੀਆਂ ਵਿਰੁੱਧ ਆਪਣਾ ਉਮੀਦਵਾਰ ਸ. ਬੀਰਇੰਦਰਪਾਲ ਸਿੰਘ ਸਹੋਲੀ ਨੂੰ ਇਸ ਸਿਆਸੀ ਜੰਗ ਵਿਚ ਉਤਾਰਿਆ ਹੈ । ਇਸ ਸਮੇਂ ਅਸੀਂ (ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ)) ਇਕੱਲੇ ਹੀ ਕੌਮੀ ਸੋਚ ਉਤੇ ਪਹਿਰਾ ਦੇ ਰਹੇ ਹਾਂ, ਹੁਣ ਪੰਜਾਬ, ਹਿੰਦ ਅਤੇ ਬਾਹਰਲੇ ਮੁਲਕਾਂ ਵਿਚ ਬੈਠੇ ਪੰਥ ਦਰਦੀ ਸਾਨੂੰ ਇਹ ਜ਼ਰੂਰ ਜਾਣਕਾਰੀ ਦੇਣ ਕਿ ਜਦੋ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਪੰਜਾਬ ਹਕੂਮਤ ਅਤੇ ਐਸ.ਜੀ.ਪੀ.ਸੀ. ਉਤੇ ਕਾਬਿਜ ਬਾਦਲ ਦਲੀਏ, ਦਮਦਮੀ ਟਕਸਾਲ, ਸੰਤ ਸਮਾਜ, ਸਿੱਖ ਸਟੂਡੈਟ ਫੈਡਰੇਸਨਾਂ ਅਤੇ ਇਥੋ ਤੱਕ ਕਈ ਖ਼ਾੜਕੂ ਜਥੇਬੰਦੀਆਂ ਵੀ ਮੁਸਲਿਮ, ਸਿੱਖ ਅਤੇ ਇਸਾਈਆ ਕੌਮਾਂ ਦੇ ਕਾਤਿਲਾਂ ਨੂੰ ਸਹਿਯੋਗ ਕਰਕੇ ਹਿੰਦੂਤਵ ਸੋਚ ਨੂੰ ਮਜ਼ਬੂਤੀ ਦੇ ਰਹੀਆਂ ਹਨ ਤਾਂ ਅਸੀਂ ਆਪਣੀ ਮੰਜਿ਼ਲ ਵੱਲ ਕਿਹੜੇ ਢੰਗ-ਤਰੀਕਿਆਂ ਦੀ ਵਰਤੋਂ ਕਰਕੇ ਅੱਗੇ ਵੱਧ ਸਕੀਏ । ਕਿਉਕਿ ਹੁਣ ਅਸੀਂ ਬਿਲਕੁਲ ਇਕੱਲੇ ਰਹਿ ਗਏ ਹਾਂ ਅਤੇ ਆਪ ਜੈਸੇ ਪੰਥ ਦਰਦੀਆਂ ਦੇ ਨੇਕ ਮਸ਼ਵਰਿਆਂ ਅਤੇ ਕੀਮਤੀ ਵਿਚਾਰਾਂ ਤੋ ਬਿਨ੍ਹਾਂ ਆਪਣੀ ਕੌਮੀ ਮੰਜਿ਼ਲ ਵੱਲ ਵੱਧਣਾ ਅਤੇ ਪ੍ਰਾਪਤ ਕਰਨਾ ਮੁਸ਼ਕਿਲ ਹੋਵੇਗਾ । ਇਸ ਲਈ ਅਸੀਂ ਉਪਰੋਕਤ 12 ਫਰਵਰੀ ਦੇ ਫਤਹਿਗੜ੍ਹ ਦੇ ਸਮਾਗਮ ਅਤੇ 23 ਫਰਵਰੀ ਨੂੰ ਮੋਗਾ ਵਿਖੇ ਪੈਣ ਵਾਲੀਆਂ ਵੋਟਾਂ ਤੋ ਸਮੇਂ ਆਪ ਜੀ ਦੇ ਸਲਾਹ ਮਸ਼ਵਰਿਆਂ ਦੀ ਉਡੀਕ ਵਿਚ ਰਹਾਂਗੇ । ਕਿ ਕੌਮ ਇਨ੍ਹਾਂ ਮੌਕਿਆਂ ਉਤੇ ਸਾਨੂੰ ਕਿਹੋ ਜਿਹਾ ਮਾਹੌਲ ਪੈਦਾ ਕਰਦੀ ਹੈ ।