ਬਰਨਾਲਾ,(ਜੀਵਨ ਰਾਮਗੜ੍ਹ)-ਪਿੰਡ-ਸ਼ਹਿਰਾਂ ਵਿੱਚ ਮਜ਼ਦੂਰਾਂ ਨਾਲ ਹੁੰਦੀਆਂ ਜਿਆਦਤੀਆਂ ਦੇ ਖਿਲਾਫ਼ ਸੀਪੀਆਈ (ਐਮਐਲ) ਲਿਬਰੇਸ਼ਨ ਅਤੇ ਮਜ਼ਦੂਰ ਮੁਕਤੀ ਮੋਰਚਾ ਪੰਜਾਬ ਦੀ ਅਗਵਾਈ ਵਿੱਚ ਅੱਜ ਸਥਾਨਕ ਕਚਿਹਰੀ ਚੌਂਕ ਬਰਨਾਲਾ ਵਿਖੇ ਮਜ਼ਦੂਰਾਂ ਵੱਲੋਂ ਸੂਬਾ ਸਰਕਾਰ ਦੀ ਅਰਥੀ ਸਾੜ ਕੇ ਰੋਹ ਭਰਪੂਰ ਨਾਅਰੇਬਾਜ਼ੀ ਕੀਤੀ ਗਈ।
ਧਰਨੇ ਦੌਰਾਨ ਸੀਪੀਆਈ (ਐਮਐਲ) ਲਿਬਰੇਸ਼ਨ ਦੇ ਸੂਬਾ ਕਮੇਟੀ ਮੈਂਬਰ ਮੱਖਣ ਸਿੰਘ ਰਾਮਗੜ੍ਹ ਨੇ ਕਿਹਾ ਕਿ ਪੰਜਾਬ ਦੇ ਹਰ ਪਿੰਡ ਵਿੱਚ ਪੇਂਡੂ ਧਨਾਂਢਾ ਵੱਲੋਂ ਮਜ਼ਦੂਰਾਂ ਨਾਲ ਤਰ੍ਹਾਂ-ਤਰ੍ਹਾਂ ਦੀਆਂ ਧੱਕੇਸ਼ਹੀਆਂ ਤੇ ਜਿਆਦਤੀਆਂ ਕੀਤੀਆ ਜਾਂਦੀਆ ਹਨ। ਉਨ੍ਹਾਂ ਪਿੰਡ ਕੋਟਦੂਨਾ ਦੀ ਉਦਾਹਰਨ ਦਿੰਦਿਆਂ ਕਿਹਾ ਕਿ ਉਥੇ ਦੇ ਧਨਾਂਢਾਂ ਵੱਲੋਂ ਮਜ਼ਦੂਰਾਂ ਦੇ ਵਿਹੜੇ ’ਚ ਬਣ ਰਹੇ ਨਾਲੇ ਨੂੰ ਸਿਆਸੀ ਸਰਪ੍ਰਸਤੀ ਸਦਕਾ ਰੋਕ ਦਿੱਤਾ ਗਿਆ। ਜਿਸ ਕਾਰਨ ਨਿਕਾਸੀ ਪਾਣੀ ਮਜ਼ਦੂਰਾਂ ਦੇ ਵਿਹੜੇ ਵਿੱਚ ਖੜ੍ਹ ਰਿਹਾ ਹੈ ਜਿਸਤੋਂ ਕਈ ਤਰ੍ਹਾਂ ਦੀਆਂ ਭਿਆਨਕ ਬਿਮਾਰੀਆਂ ਫੈਲਣ ਦਾ ਵੀ ਖ਼ਦਸਾ ਬਣਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਮਜ਼ਦੂਰਾਂ ਦੀਆਂ ਮੰਗਾਂ ਵੱਲ ਨਾਂ ਤਾ ਸੂਬਾ ਸਰਕਾਰ ਗੌਰ ਕਰਦੀ ਹੈ ਅਤੇ ਨਾ ਹੀ ਜ਼ਿਲ੍ਹੈ ਦਾ ਪ੍ਰਸਾਸ਼ਨ ਮਜਦੂਰਾਂ ਦੀ ਸ਼ਿਕਾਇਤ ’ਤੇ ਕੋਈ ਸੁਣਵਾਈ ਕਰਦਾ ਹੈ। ਸੀਪੀਆਈ (ਐਮਐਲ) ਲਿਬਰੇਸ਼ਨ ਦੇ ਜ਼ਿਲ੍ਹਾ ਸੈਕਟਰੀ ਗੁਰਪ੍ਰੀਤ ਸਿੰਘ ਰੂੜੇਕੇ ਨੇ ਕਿਹਾ ਕਿ ਜੇਕਰ ਕੋਟਦੂਨਾ ਦੇ ਮਜ਼ਦੂਰਾਂ ਦੀ ਸੁਣਵਾਈ ਨਾ ਹੋਈ ਤਾਂ ਜ਼ਿਲ੍ਹਾ ਪ੍ਰਸਾਸ਼ਨ ਮਜ਼ਦੂਰਾ ਦੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਰਹੇ। ਇਸ ਮੌਕੇ ਮਜ਼ਦੂਰ ਮੁਕਤੀ ਮੋਰਚਾ ਦੇ ਜ਼ਿਲ੍ਹਾ ਸਕੱਤਰ ਕਾ. ਸਿੰਗਾਰਾ ਸਿੰਘ ਚੁਹਾਣਕੇ ਕਲਾਂ ਨੇ ਵੀ ਸਰਕਾਰ ਦੁਆਰਾ ਮਜ਼ਦੂਰਾਂ ਨਾਲ ਕੀਤੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ। ਧਰਨੇ ਦੌਰਾਨ ਮਜ਼ਦੂਰ ਆਗੂ ਬੁੱਧ ਸਿੰਘ, ਮੋਹਤਮ ਸਿੰਘ, ਗੁਰਪ੍ਰੀਤ ਸਿੰਘ, ਸੱਤਪਾਲ ਸਿੰਘ, ਬੂਟਾ ਸਿੰਘ, ਲਾਭ ਕੌਰ, ਕਰਨੈਲ ਕੌਰ, ਪ੍ਰਮਜੀਤ ਕੌਰ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ ਅਤੇ ਸਥਾਨਕ ਕਚਿਹਰੀ ਚੌਂਕ ਵਿਖੇ ਸੂਬਾਂ ਸਰਕਾਰ ਦੀ ਅਰਥੀ ਵੀ ਸਾੜੀ ਗਈ।