ਬਰਨਾਲਾ,(ਜੀਵਨ ਰਾਮਗੜ੍ਹ)-ਅੱਜ ਸੰਗਰੂਰ-ਬਰਨਾਲਾ ਹਾਈਵੇਅ ਰੋਡ ’ਤੇ ਪਿੰਡ ਹਰੀਗੜ੍ਹ ਲਾਗੇ ਆਰਬਿਟ ਬੱਸ ਤੇ ਸਕਾਰਪਿਓ ਦਰਮਿਆਨ ਟੱਕਰ ਹੋ ਗਈ ਜਿਸ ਵਿੱਚ ਇੱਕ ਵਿਅਕਤੀ ਦੀ ਮੌਤ ਤੇ ਇੱਕ ਗੰਭੀਰ ਰੂਪ ‘ਚ ਜਖ਼ਮੀ ਹੋ ਗਿਆ। ਜਿਸ ਨੂੰ ਤੁਰੰਤ ਇਲਾਜ ਲਈ ਸਿਵਲ ਹਸਪਤਾਲ ਧਨੌਲਾ ਤੋਂ ਡੀਐਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਘਟਨਾ ਸਥਾਨ ਤੋਂ ਆਰਬਿਟ ਬੱਸ ਦੇ ਡਰਾਇਵਰ ਦੇ ਮੌਕੇ ਤੋਂ ਫਰਾਰ ਹੋ ਜਾਣ ਅਤੇ ਪੁਲਿਸ ਦੇ ਢਿੱਲ-ਮੱਠ ਦੇ ਰਵੱਈਏ ਖਿਲਾਫ਼ ਸਥਾਨਕ ਲੋਕਾਂ ਨੇ ਇਕੱਠੇ ਹੋ ਕੇ ਉਕਤ ਰੋਡ ’ਤੇ ਜਾਮ ਲਗਾ ਕੇ ਸੂਬਾ ਸਰਕਾਰ ਤੇ ਪੁਲਿਸ ਪ੍ਰਸਾਸ਼ਨ ਖਿਲਾਫ ਰੋਹਅ ਭਰਪੂਰ ਨਾਅਰੇਬਾਜ਼ੀ ਕਰਦਿਆਂ ਬੱਸ ਚਾਲਕ ਤੇ ਤੁਰੰਤ ਕਾਰਵਾਈ ਕਰਨ ਅਤੇ ਪੀੜਤਾਂ ਨੂੰ ਮੁਆਵਜੇ ਦੀ ਮੰਗ ਕੀਤੀ।
ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਬਕਾ ਫੌਜੀ ਬਲਵਿੰਦਰ ਸਿੰਘ ਤੇ ਜਸਵਿੰਦਰ ਸਿੰਘ ਪੁੱਤਰਾਨ ਗੁਰਚਰਨ ਸਿੰਘ ਵਾਸੀ ਹਰੀਗੜ੍ਹ ਦੋਵੇਂ ਭਰਾ ਆਪਣੀ ਗੱਡੀ ਸਕਾਰਪੀਓ ਨੰਬਰ ਐਚਆਰ29ਟੀ2456 ਤੇ ਸਵਾਰ ਹੋ ਕੇ ਬਠਿੰਡਾ ਤੋਂ ਆਪਣੀ ਭੈਣ ਨੂੰ ਮਿਲਣ ਉਪਰੰਤ ਵਾਪਸ ਆਪਣੇ ਪਿੰਡ ਹਰੀਗੜ੍ਹ ਵਿਖੇ ਆ ਰਹੇ ਸੀ ਜਦੋਂ ਉਕਤ ਸਕਾਰਪੀਓ ਸਵਾਰ ਜਦੋਂ ਸੰਗਰੂਰ-ਬਰਨਾਲਾ ਰੋਡ ’ਤੇ ਪਿੰਡ ਹਰੀਗੜ੍ਹ ਲਾਗੇ ਪੁੱਜੇ ਤਾਂ ਸਾਹਮਣਿਓ ਚੰਡੀਗੜ ਤੋਂ ਬਰਨਾਲਾ ਵੱਲ ਤੇਜ਼ ਰਫਤਾਰ ਨਾਲ ਆ ਰਹੀ ਆਰਬਿਟ ਕੰਪਨੀ ਦੀ ਬੱਸ ਨੰਬਰ ਪੀਬੀ 03 ਯੂ 3835 ਨਾਲ ਸਿੱਧੀ ਟੱਕਰ ਹੋ ਗਈ। ਜਿਸ ਉਪਰੰਤ ਸਕਾਰਪੀਓ ਗੱਡੀ ਚਾਲਕ ਬਲਵਿੰਦਰ ਸਿੰਘ ਸਾਬਕਾ ਫੌਜੀ ਦੀ ਮੌਕੇ ਤੇ ਹੀ ਮੌਤ ਹੋ ਗਈ ਅਤੇ ਜਸਵਿੰਦਰ ਸਿੰਘ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ ਜਿਸ ਨੂੰ ਆਸ-ਪਾਸ ਦੇ ਇਕੱਤਰ ਹੋਏ ਲੋਕਾਂ ਨੇ ਸਿਵਲ ਹਸਪਤਾਲ ਧਨੌਲਾ ਵਿਖੇ ਇਲਾਜ ਲਈ ਭਰਤੀ ਕਰਾਇਆ। ਜਿਸ ਦੀ ਹਾਲਤ ਨੂੰ ਗੰਭੀਰ ਭਾਂਪਦਿਆਂ ਡਾਕਟਰਾਂ ਦੀ ਟੀਮ ਨੇ ਉਸ ਨੂੰ ਡੀਐਮਸੀ ਲੁਧਿਆਣਾ ਵਿਖੇ ਰੈਫਰ ਕਰ ਦਿੱਤਾ। ਬੱਸ ਦਾ ਡਰਾਇਵਰ ਮੌਕੇ ਤੋਂ ਫਰਾਰ ਹੋ ਗਿਆ। ਘਟਨਾ ਦੇ ਪਤਾ ਚੱਲਦਿਆਂ ਹੀ ਮ੍ਰਿਤਕ ਦੇ ਪਿੰਡ ਹਰੀਗੜ੍ਹ ਵਿਖੇ ਸੋਗ ਦੀ ਲਹਿਰ ਦੌੜ ਗਈ। ਇਸ ਦੌਰਾਨ ਹੀ ਪੁਲਿਸ ਵੱਲੋਂ ਆਰਬਿਟ ਬੱਸ ਦੇ ਡਰਾਇਵਰ ਖਿਲਾਫ ਕੋਈ ਕਾਰਵਾਈ ਨਾ ਕੀਤੇ ਜਾਣ ਦੇ ਰੋਹ ਵਜੋਂ ਪਿੰਡ ਹਰੀਗੜ੍ਹ ਅਤੇ ਆਸ-ਪਾਸ ਦੇ ਪਿੰਡਾਂ ਚੋਂ ਔਰਤਾਂਅਤੇ ਮਰਦਾਂ ਨੇ ਸੰਗਰੂਰ-ਬਰਨਾਲਾ ਹਾਈਵੇ ਤੇ ਜਾਮ ਲਗਾ ਕੇ ਸੂਬੇ ਦੀ ਅਕਾਲੀ-ਭਾਜਪਾ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਖਿਲਾਫ ਰੋਹ ਭਰਪੂਰ ਨਾਅਰੇਬਾਜ਼ੀ ਕਰ ਦਿੱਤੀ। ਲੋਕਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਭਾਰਤੀ ਕਿਸਾਨ ਯੂਨੀਅਨ ਏਕਤਾ ਦੇ ਆਗੂ ਬਲੌਰ ਸਿੰਘ ਛੰਨਾ, ਰੂਪ ਸਿੰਘ ਛੰਨਾ ਤੇ ਭਗਤ ਸਿੰਘ ਕਿਸਾਨ ਆਗੂਆਂ ਨੇ ਕਿਹਾ ਕਿ ਉਹ ਉਨ੍ਹਾਂ ਚਿਰ ਸੜਕ ’ਤੇ ਧਰਨੇ ਲਗਾ ਕੇ ਜਾਮ ਲਗਾਈ ਰੱਖਣਗੇ ਜਿਨ੍ਹਾਂ ਚਿਰ ਪੁਲਿਸ ਵੱਲੋਂ ਬੱਸ ਡਰਾਇਵਰ ਖਿਲਾਫ਼ ਮਾਮਲਾ ਦਰਜ ਨਹੀਂ ਕੀਤਾ ਜਾਂਦਾ। ਲੋਕ ਰੋਹ ਨੂੰ ਦੇਖਦਿਆਂ ਪੂਰੇ ਜ਼ਿਲ੍ਹੇ ਦੀ ਪੁਲਿਸ ਨੂੰ ਹੱਥਾਂ-ਪੈਰਾਂ ਦੀ ਪੈ ਗਈ ਅਤੇ ਘਟਨਾ ਸਥਾਨ ‘ਤੇ ਡੀਐਸਪੀ, ਐਸਐਚਓ ਤਪਾ, ਐਸਐਚਓ ਧਨੌਲਾ, ਐਸਐਚਓ ਬਰਨਲਾ, ਇੰਡਸਟਰੀ ਚੌਂਕੀ ਇੰਚਾਰਜ ਤੋਂ ਇਲਾਵਾ ਟ੍ਰੈਫਿਕ ਪੁਲਿਸ ਦੇ ਅਧਿਕਾਰੀ ਵੀ ਮੌਕੇ ਤੇ ਪੁੱਜ ਗਏ ਅਤੇ ਧਰਨਕਾਰੀਆਂ ਦੇ ਰੋਹ ਨੂੰ ਦੇਖਦਿਆਂ ਥਾਣਾ ਧਨੌਲਾ ਵਿਖੇ ਉਕਤ ਬੱਸ ਦੇ ਡਰਾਇਵਰ ਖਿਲਾਫ਼ ਤੁਰੰਤ ਕਾਰਵਾਈ ਆਰੰਭ ਦਿੱਤੀ ਜਿਸ ਉਪਰੰਤ ਧਰਨਾਕਾਰੀਆਂ ਨੇ ਧਰਨਾ ਚੁੱਕ ਲਿਆ।
ਜਿਕਰਯੋਗ ਹੈ ਕਿ ਮ੍ਰਿਤਕ ਸਾਬਕਾ ਫੌਜੀ ਬਲਵਿੰਦਰ ਸਿੰਘ ਬੀਤੀ 13 ਜਨਵਰੀ ਨੂੰ ਫੌਜ ’ਚੋਂ ਰਿਟਾਇਰ ਹੋਇਆ ਸੀ। ਜਦਕਿ ਉਸਦਾ ਭਰਾ ਜਸਵਿੰਦਰ ਸਿੰਘ ਕੁੱਝ ਦਿਨ ਪਹਿਲਾਂ ਹੀ ਕੈਨੇਡਾ ਤੋਂ ਪਰਿਵਾਰਕ ਮੈਂਬਰਾਂ ਨੂੰ ਮਿਲਣ ਆਇਆ ਹੋਇਆ ਹੈ।