ਬਰਨਾਲਾ,(ਜੀਵਨ ਰਾਮਗੜ੍ਹ)-ਲੰਘੇ ਦਿਨੀਂ ਜਮਹੂਰੀ ਅਧਿਕਾਰ ਸਭਾ ਬਰਨਾਲਾ ਅਤੇ ਹੋਰ ਮੁਲਾਜ਼ਮ ਜਥੇਬੰਦੀਆਂ ਦੇ ਸੀਨੀਅਰ ਆਗੂ ਸੋਹਣ ਸਿੰਘ ਦੇ ਇਕਲੌਤੇ ਨੌਜ਼ਵਾਨ ਪੁੱਤਰ ਸੋਭਰਾਜਜੀਤ ਸਿੰਘ ਦੇ ਹਾਦਸਾਗ੍ਰਸਤ ਹੋਣ ਉਪਰੰਤ ਡੀਐਮਸੀ ਲੁਧਿਆਣਾਂ ਵਿਖੇ ਮੌਤ ਹੋ ਜਾਣ ਦੇ ਮਾਮਲੇ ’ਚ ਅੱਜ ਉਸ ਵੇਲੇ ਨਵਾਂ ਮੋੜ ਆ ਗਿਆ ਜਦੋਂ ਮ੍ਰਿਤਕ ਦੇ ਮਾਪਿਆਂ ਨੇ ਪ੍ਰੈਸ ਕਾਨਫਰੰਸ ਦੌਰਾਨ ਜਿਥੇ ਡੀਐਮ ਸੀ ਲੁਧਿਆਣਾਂ ਦੇ ਡਾਕਟਰਾਂ ਦੁਆਰਾ ਇਲਾਜ ਦੌਰਾਨ ਵਰਤੀ ਗਈ ਅਣਗਹਿਲੀ ਨੂੰ ਮੌਤ ਦਾ ਕਾਰਨ ਦੱਸਿਆ ਉਥੇ ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਨੂੰ ਅਧਾਰਹੀਣ ਬਣਾਉਣ ਲਈ ਵਰਤੇ ਢੰਗ ਤਰੀਕਿਆਂ ਦੇ ਦੋਸ਼ ਲਗਾਉਂਦਿਆਂ ਵਫ਼ਦ ਦੇ ਰੂਪ ’ਚ ਐਸ ਪੀ (ਐਚ) ਬਰਨਾਲਾ ਨੂੰ ਮਿਲ ਕੇ ਇਨਸਾਫ਼ ਲਈ ਮੰਗ ਪੱਤਰ ਵੀ ਦਿੱਤਾ।
ਮ੍ਰਿਤਕ ਦੇ ਮਾਪਿਆਂ ਪਿਤਾ ਸੋਹਣ ਸਿੰਘ ਅਤੇ ਮਾਤਾ ਬਲਜੀਤ ਕੌਰ ਨੇ ਜਨਤਕ ਜਥੇਬੰਦੀਆਂ ਦੇ ਆਗੂਆਂ ਦੀ ਹਾਜ਼ਰੀ ’ਚ ਵੱਲੋਂ ਆਪਣੀ ਰਿਹਾਇਸ ਵਿਖੇ ਕੀਤੀ ਕਾਨਫੰਰਸ ਦੌਰਾਨ ਪੱਤਰਕਾਰਾਂ ਨੂੰ ਜਾਣਕਾਰੀ ਹਿੱਤ ਦੱਸਿਆ ਕਿ ਉਸਦੇ ਲੜਕੇ ਸੋਭਰਾਜਜੀਤ ਸਿੰਘ 28 ਜਨਵਰੀ 2012 ਆਪਣੇ ਸਾਥੀ ਚਮਕੌਰ ਸਿੰਘ ਨਾਲ ਮੋਟਰਸਾਇਕਲ ’ਤੇ ਸਵਾਰ ਹੋ ਕੇ ਅਨਾਜ਼ ਮੰਡੀ ਵਾਲੇ ਰੋਡ ’ਤੇ ਜਾ ਰਿਹਾ ਸੀ ਕਿ ਅਚਾਨਕ ਉਸਦੇ ਸਾਹਮਣਿਓਂ ਲਾਇਟਾਂ ਪੈਣ ਕਾਰਨ ਸੜਕ ਵਿਚਾਲੇ ਖੜੀ ਸੀਵਰੇਜ਼ ਦੀ ਸਫਾਈ ਕਰਨ ਵਾਲੀ ਮਸ਼ੀਨ ਨਾਲ ਟਕਰਾਅ ਹੋ ਗਿਆ ਜਿਸ ਕਾਰਨ ਚਮਕੌਰ ਸਿੰਘ ਦੀ ਲੱਤ ਟੁੱਟ ਗਈ ਅਤੇ ਸੋਭਰਾਜਜੀਤ ਸਿੰਘ ਨੂੰ ਬਰਨਾਲਾ ਦੇ ਸਿਵਲ ਹਸਪਤਾਲ ਤੋਂ ਡੀਐਮਸੀ ਲੁਧਿਆਣਾਂ ਵਿਖੇ ਰੈਫ਼ਰ ਕਰ ਦਿੱਤਾ ਸੀ ਜਿਥੇ ਉਸਦੀ ਇਲਾਜ ਅਧੀਨ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੀ ਲਾਸ਼ ਦਾ ਪੋਸਟਮਾਰਟਮ ਸਿਵਲ ਹਸਪਤਾਲ ਬਰਨਾਲਾ ਵਿਖੇ ਡਾਕਟਰ ਹਰਜਿੰਦਰ ਕੌਰ (ਪੈਥਾਲੌਜਿਸਟ), ਡਾਕਟਰ ਇੰਦੂ ਬਾਂਸਲ ਅਤੇ ਡਾਕਟਰ ਭਾਰਤੀ ਦੀ ਟੀਮ ਨੇ ਕੀਤਾ। ਜਿਸ ਉਪਰੰਤ ਡਾਕਟਰਾਂ ਦੀ ਟੀਮ ਵੱਲੋਂ ਕੀਤੇ ਪੋਸਟਮਾਰਟਮ ਦੀ ਰਿਪੋਰਟ ’ਚ ਮੌਤ ਦਾ ਕਾਰਨ ਫੇਫੜਿਆਂ ਦੇ ਵਿੱਚ ਜ਼ਖਮ ਨੂੰ ਦੱਸਿਆ ਗਿਆ। ਇਸ ਤੋਂ ਅੱਗੇ ਡੀਐਮਸੀ ਦੇ ਡਾਕਟਰਾਂ ਦੀ ਅਣਗਹਿਲੀ ਦਾ ਸਿਖ਼ਰ ਇਹ ਕਿ ਮ੍ਰਿਤਕ ਦੇ ਪੋਸਟਮਾਰਟਮ ਦੌਰਾਨ ਜ਼ਖਮੀਂ ਫੇਫੜਿਆਂ ’ਚੋਂ ਡੀਐਮਸੀ ਦੇ ਡਾਕਟਰਾਂ ਦੇ ਗਲੱਵਜ਼ (ਪਲਾਸਟਿਕ ਦੇ ਦਸਤਾਨੇ) ਦੇ ਟੁਕੜੇ ਵੀ ਮਿਲੇ ਹਨ। ਮਾਪਿਆਂ ਹੈਰਾਨੀ ਪ੍ਰਗਟ ਕਰਦਿਆ ਕਿਹਾ ਕਿ ਜਦ ਸੋਭਰਾਜਜੀਤ ਸਿੰਘ ਨੂੰ ਜ਼ਖਮੀਂ ਹਾਲਤ ’ਚ ਡੀਐਮਸੀ ਵਿਖੇ ਦਾਖਲ ਕਰਵਾਇਆ ਗਿਆ ਸੀ ਤਾਂ ਉਸ ਵੇਲੇ ਫੇਫ਼ੜਿਆਂ ਨੂੰ ਕਿਸੇ ਵੀ ਕਿਸਮ ਦੀ ਚੋਟ ਤੱਕ ਨਹੀਂ ਸੀ।
ਦੂਸਰੇ ਪਾਸੇ ਉਨ੍ਹਾਂ ਬਰਨਾਲਾ ਪੁਲਿਸ ਵੱਲੋਂ ਇਸ ਮਾਮਲੇ ਤੇ ਦਿਖਾਈ ਗੈਰ-ਜਿੰਮੇਵਰਾਨਾ ਪਹੁੰਚ ਦਾ ਖੁਲਾਸਾ ਕਰਦਿਆ ਕਿਹਾ ਕਿ ਉਨ੍ਹਾਂ ਦੇ ਪੁੱਤਰ ਸੋਭਰਾਜ ਨਾਲ ਹਾਦਸਾਗ੍ਰਸਤ ਹੋਏ ਜ਼ਖਮੀ ਚਮਕੌਰ ਸਿੰਘ ਤੋਂ ਬਰਨਾਲਾ ਪੁਲਿਸ ਨੇ ਨੀਮ-ਬੇਹੋਸ਼ੀ ਦੀ ਹਾਲਤ ਵਿੱਚ ਦਬਾਅ ਅਧੀਨ ਹਾਦਸਾ ਦਾ ਕਾਰਨ ਬਣੀ ਸੀਵਰੇਜ ਸਫਾਈ ਵਾਲੀ ਮਸ਼ੀਨ ਦੇ ਜਿੰਮੇਵਾਰ ਠੇਕੇਦਾਰ/ਅਧਿਕਾਰੀਆਂ ਨੂੰ ਬਚਾਉਣ ਹਿਤ ਆਪਣੀ ਮਰਜੀ ਦੇ ਬਿਆਨ ’ਤੇ ਦਸਤਖਤ ਕਰਵਾ ਲਏ ਗਏ। ਇਸ ਦੋਸ਼ ਦੇ ਪੱਖ ਵਿੱਚ ਉਨ੍ਹਾਂ ਹੁਣ ਪੂਰਨ ਹੋਸ਼ ਵਿੱਚ ਜਖਮੀ ਚਮਕੌਰ ਸਿੰਘ ਪੁੱਤਰ ਪ੍ਰੇਮ ਸਿੰਘ ਵਾਸੀ ਹਸਨਪੁਰ ਵੱਲੋਂ ਐਸਐਸਪੀ ਦਫ਼ਤਰ ਬਰਨਾਲਾ ਵਿਖੇ ਪੇਸ ਕੀਤੀ ਨਵੀਂ ਦਰਖਾਸਤ ਨੂੰ ਪੇਸ਼ ਕੀਤਾ। ਜਿਸਦੇ ਵਿੱਚ ਚਮਕੌਰ ਸਿੰਘ ਨੇ ਪੁਲਿਸ ਵੱਲੋਂ ਲਿਖਵਾਏ ਆਪਣੇ ਪਹਿਲੇ ਬਿਆਨਾਂ ਨੂੰ ਸਿਰੇ ਤੋਂ ਖਾਰਜ ਕਰ ਦਿੱਤਾ।
ਜ਼ਿਕਰਯੋਗ ਹੈ ਕਿ ਘਟਨਾ ਦੇ ਦੂਸਰੇ ਦਿਨ 29 ਜਨਵਰੀ 2013 ਨੂੰ ਇੱਕ ਹਸਪਤਾਲ ਵਿਖੇ ਇਲਾਜ ਅਧੀਨ ਚਮਕੌਰ ਸਿੰਘ ਤੋਂ ਪੁਲਿਸ ਵੱਲੋਂ ਲਏ ਗਏ ਬਿਆਨਾਂ ਅਨੁਸਾਰ ਸੋਭਰਾਜਜੀਤ ਸਿੰਘ ਨੇ ਜੋ ਮੋਟਰਸਾਈਕਲ ਚਲਾ ਰਿਹਾ ਸੀ ਨੇ ਸਰਾਬ ਪੀਤੀ ਹੋਈ ਸੀ ਅਤੇ 100 ਕਿਮੀ: ਦੀ ਸਪੀਡ ਤੋਂ ਵੱਧ ਮੋਟਰਸਾਈਕਲ ਚਲਾ ਰਿਹਾ ਸੀ। ਜੋ ਕਿ ਸਾਹਮਣੇ ਲਾਈਟਾਂ ਪੈਣ ਕਾਰਨ ਸੜਕ ਦੇ ਸਾਈਡ ਤੇ ਖੜੀ ਸੀਵਰੇਜ ਵਾਲੀ ਮਸ਼ੀਨ ਵਿੱਚ ਜੋਰ ਨਾਲ ਟਕਰਾ ਗਿਆ ਅਤੇ ਇਹ ਹਾਦਸਾ ਅਚਾਨਕ ਤੇ ਕੁਦਰਤੀ ਵਾਪਰਿਆ ਹੈ ਜਿਸ ਵਿੱਚ ਕਿਸੇ ਦਾ ਕੋਈ ਕਸੂਰ ਨਹੀ ਤੇ ਨਾ ਹੀ ਕਿਸੇ ਦੇ ਖਿਲਾਫ ਕੋਈ ਕਾਰਵਾਈ ਕਰਾਉਣੀ ਚਾਹੁੰਦੇ ਹਾਂ। ਜਿਸ ਨੂੰ ਚਮਕੌਰ ਸਿੰਘ ਨੇ ਅੱਜ ਮੁੱਢੋ ਖਾਰਜ ਕਰਦਿਆਂ ਉਕਤ ਹਾਦਸਾ ਨਗਰ ਕੌਂਸਲ ਦੇ ਕਰਮਚਾਰੀਆਂ ਵੱਲੋਂ ਵਰਤੀ ਗਈ ਲਾਪਰਵਾਹੀ ਅਤੇ ਅਣਗਹਿਲੀ ਕਾਰਨ ਵਾਪਰਿਆ ਹੈ। ਕਿਉਕਿ ਸੀਵਰੇਜ ਦਾ ਮੈਨ ਹੌਲ ਅਤੇ ਉਸ ਮੈਨ ਹੋਲ ਤੇ ਰਾਤ ਸਮੇਂ ਬਿਨਾ ਕਿਸੇ ਇੰਡੀਕੇਸ਼ਨ ਦੇ ਸੀਵਰੇਜ ਸਾਫ ਕਰਨ ਵਾਲੀ ਮਸ਼ੀਨ ਖੜੀ ਕੀਤੀ ਗਈ ਸੀ।
ਅੱਜ ਪ੍ਰੈਸ ਕਾਨਫਰੰਸ ਮੌਕੇ ਸੋਹਣ ਸਿੰਘ, ਉਸਦੀ ਪਤਨੀ ਬਲਜੀਤ ਕੌਰ, ਬੀ.ਕੇ.ਯੂ.ਏਕਤਾ-ਡਕੌਂਦਾ ਦੇ ਸੂਬਾ ਆਗੂ ਮਨਜੀਤ ਧਨੇਰ, ਜਮਹੂਰੀ ਅਧਿਕਾਰ ਸਭਾ ਦੇ ਆਗੂ ਗੁਰਮੇਲ ਸਿੰਘ, ਸਾਹਿਬ ਸਿੰਘ, ਜਗਜੀਤ ਸਿੰਘ, ਇਨਕਲਾਬੀ ਕੇਂਦਰ ਪੰਜਾਬ ਦੇ ਪ੍ਰਧਾਨ ਸਾਥੀ ਨਰਾਇਣ ਦਤ, ਡੀ.ਟੀ.ਐਫ ਦੇ ਆਗੂ ਗੁਰਮੀਤ ਸੁਖਪੁਰਾ, ਪੈਰਾ ਮੈਡੀਕਲ ਆਗੂ ਗੁਰਜੰਟ ਸਿੰਘ,ਰਮੇਸ਼ ਕੁਮਾਰ, ਤਰਕਸ਼ੀਲ ਸੁਸਾਇਟੀ ਪੰਜਾਬ ਦੇ ਆਗੂ ਹੇਮ ਰਾਜ ਸਟੈਨੋ, ਬਲਵਿੰਦਰ ਬਰਨਾਲਾ ਪੀ..ਐਸ.ਯੂ.ਆਗੂ ਪ੍ਰਦੀਪ ਕਸਬਾ,ਮਜਦੁਰ ਮੁਕਤੀ ਮੋਰਚਾ ਦੇ ਆਗੂ ਗੁਰਪ੍ਰੀਤ ਰੂੜੇਕੇ ,ਔਰਤ ਆਗੂ ਪਰਮਜੀਤ ਕੌਰ ਜੋਧਪੁਰ, ਡੀ.ਈ.ਐ¤ਫ ਆਗੂ ਜਗਰਾਜ ਸਿੰਘ, ਸ਼ੀਸ਼ਣ ਕੁਮਾਰ ਆਦਿ ਆਗੂਆਂ ਨੇ ਮੰਗ ਕੀਤੀ ਕਿ ਇਸ ਹਾਦਸੇ ਦੇ ਜਿੰਮੇਵਾਰ ਮਿਉਂਸਪਲ ਅਧਿਕਾਰੀਆਂ/ਕਰਮਚਾਰੀਆਂ ਅਤੇ ਇਲਾਜ ‘ਚ ਅਣਗਹਿਲੀ ਅਤੇ ਲਾਪ੍ਰਵਾਹੀ ਵਰਤਣ ਵਾਲੇ ਡੀ.ਐਮ.ਸੀ.ਹਸਪਤਾਲ ਦੇ ਜਿੰਮੇਵਾਰ ਡਾਕਟਰਾਂ ਉਪਰ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਵੇ ਅਤੇ ਉਨ੍ਹਾ ਚੇਤਾਵਨੀ ਦਿੰਦਿਆ ਕਿਹਾ ਕਿ ਇਨਸਾਫ ਹਾਸਲ ਕਰਨ ਲਈ ਉਹ ਮ੍ਰਿਤਕ ਦੇ ਸਰਧਾਜਲੀ ਸਮਾਗਮ ਮੌਕੇ ਸੰਘਰਸ਼ ਦੀ ਰੂਪਰੇਖਾ ਦਾ ਐਲਾਨ ਵੀ ਕਰਨਗੇ।