ਮਾਸਕੋ- ਰੂਸ ਵਿੱਚ ਉਲਕਾਪਿੰਡ ਦੇ ਟੁਕੜੇ ਡਿੱਗਣ ਨਾਲ 1100 ਦੇ ਕਰੀਬ ਲੋਕ ਜਖਮੀ ਹੋ ਗਏ ਹਨ। ਇਸ 10 ਟਨ ਦੇ ਉਲਕਾਪਿੰਡ ਦੇ ਟੁਕੜਿਆਂ ਦੇ ਡਿੱਗਦੇ ਸਾਰ ਹੀ ਇਮਾਰਤਾਂ ਦੇ ਸ਼ੀਸ਼ੇ ਟੁੱਟ ਗਏ। ਇਨ੍ਹਾਂ ਟੁਕੜਿਆਂ ਵਿੱਚੋਂ ਅੱਗ ਨਿਕਲ ਰਹੀ ਸੀ।
ਰੂਸ ਦੇ ਯਰਾਲ ਦੇ ਇੱਕ ਸ਼ਹਿਰ ਦੇ ਉਪਰ ਉਲਕਾਪਿੰਡ ਵਿੱਚੋਂ ਨਿਕਲਦੇ ਹੋਏ ਅੱਗ ਦੇ ਅੰਗਿਆਰੇ ਅਸਮਾਨ ਵਿੱਚ ਉਡਦੇ ਹੋਏ ਵੇਖੇ ਗਏ ਅਤੇ ਇਸ ਕਾਰਣ ਲਗਾਤਾਰ ਕਈ ਧਮਾਕੇ ਵੀ ਹੋਏ।ਇਸ ਨਾਲ 6 ਸ਼ਹਿਰਾਂ ਵਿੱਚ ਨੁਕਸਾਨ ਹੋਇਆ ਹੈ। ਪ੍ਰਭਾਵਿਤ ਖੇਤਰ ਦੇ ਲੋਕਾਂ ਦਾ ਕਹਿਣਾ ਹੈ ਕਿ ਧਰਤੀ ਪੂਰੀ ਤਰ੍ਹਾਂ ਨਾਲ ਹਿੱਲ ਰਹੀ ਸੀ ਅਤੇ ਗੱਡੀਆਂ ਦੇ ਅਲਾਰਮ ਆਪਣੇ ਆਪ ਵੱਜਣ ਲਗ ਪਏ।
ਉਲਕਾਪਿੰਡ ਦੇ ਧਰਤੀ ਤੇ ਡਿੱਗਣ ਦੀ ਸਪੀਡ 33,000 ਮੀਲ ਪ੍ਰਤੀ ਘੰਟਾ ਸੀ ਅਤੇ ਇਸ ਦੇ ਟੁਕੜੇ 18-32 ਮੀਲ ਤੱਕ ਜਮੀਨ ਵਿੱਚ ਧੱਸ ਗਏ ਸਨ।ਇਸ ਦਾ ਭਾਰ 10 ਟਨ ਸੀ ਅਤੇ ਇਹ ਟੁਕੜਾ 49 ਫੁੱਟ ਚੌੜਾ ਸੀ।ਇਸ ਦੀ ਰਫ਼ਤਾਰ ਆਵਾਜ਼ ਦੀ ਸਪੀਡ ਤੋਂ ਵੀ ਜਿਆਦਾ ਸੀ।ਇੱਕ ਮਿਲੀਅਨ ਸਕੁਏਅਰ ਫੁੱਟ ਇਮਾਰਤਾਂ ਦੇ ਸ਼ੀਸ਼ੇ ਟੁੱਟੇ ਹਨ ਅਤੇ 3000 ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। 1100 ਲੋਕਾਂ ਨੂੰ ਮੈਡੀਕਲ ਸਹੂਲਤਾਂ ਦੇ ਕੇ ਘਰ ਭੇਜ ਦਿੱਤਾ ਗਿਆ ਹੈ ਅਤੇ 48 ਲੋਕ ਅਜੇ ਵੀ ਹਸਪਤਾਲ ਵਿੱਚ ਦਾਖਿਲ ਹਨ। ਇਸ ਦੀ ਪਾਵਰ ਐਟਮ ਬੰਬ ਦੇ ਸਮਾਨ ਸੀ।