ਬਰਨਾਲਾ,(ਜੀਵਨ ਰਾਮਗੜ੍ਹ)-ਪੈਟਰੋਲ ਪੰਪ ਸਰਾਬ ਦੇ ਠੇਕੇ ਤੇ ਲੁੱਟ ਖੋਹ ਕਰਨ ਵਾਲੇ ਗਿਰੋਹ ਦੇ 6 ਮੈਂਬਰਾਂ ਨੂੰ ਕਾਬੂ ਕਰਨ ਵਿੱਚ ਬਰਨਾਂਲਾ ਪੁਲਿਸ ਨੇ ਸਫਲਤਾ ਹਾਸਲ ਕੀਤੀ ਹੈ। ਜਿਨ੍ਹਾਂ ਦੇ ਕੁੱਝ ਮੈਬਰ ਮਾਲਵੇ ਦੇ 4 ਜ਼ਿਲ੍ਹਿਆਂ ਦੀ ਪੁਲਿਸ ਲਈ ਵੱਖ-ਵੱਖ ਮਾਮਲਿਆਂ ਵਿੱਚ ਲੋੜੀਦੇ ਸਨ।
ਅੱਜ ਐਸਐਸਪੀ ਦਫ਼ਤਰ ਬਰਨਾਲਾ ਵਿਖੇ ਐਸਪੀ (ਡੀ) ਬਲਰਾਜ ਸਿੰਘ ਸਿੱਧੂ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੀਆਈਏ ਇੰਚਾਰਜ ਬਲਜੀਤ ਸਿੰਘ ਅਤੇ ਥਾਣਾ ਮਹਿਲ ਕਲਾਂ ਦੇ ਐਸਐਚਓ ਬਲਜੀਤ ਸਿੰਘ ਦੀ ਅਗਵਾਈ ਵਿੱਚ ਮਿਤੀ 13 ਫਰਵਰੀ 2013 ਨੂੰ ਮਹਿਲ ਕਲਾਂ ਦੇ ਨਜਦੀਕ ਬਰਨਾਲਾ-ਲੁਧਿਆਣਾ ਹਾਈਵੇ ਤੇ ਸਪੈਸਲ ਨਾਕਾਬੰਦੀ ਕੀਤੀ ਹੋਈ ਸੀ ਤਾਂ ਇਸ ਮੌਕੇ ਸੀਆਈਏ ਇੰਚਾਰਜ ਬਲਜੀਤ ਸਿੰਘ ਨੂੰ ਮੁਖਬਰੀ ਹੋਈ ਕਿ ਇਲਾਕੇ ਅੰਦਰ ਵਹੀਕਲ/ਪੈਟਰੋਲ ਪੰਪ/ਸਰਾਬ ਦੇ ਠੇਕੇ ਤੋਂ ਪੈਸਿਆਂ ਦੀ ਲੁੱਟ ਖੋਹ ਕਰਨ ਵਾਲੇ ਗਿਰੋਹ ਮੈਂਬਰ ਮਨਪ੍ਰੀਤ ਉਰਫ਼ ਮਨੀ ਪੁੱਤਰ ਕੁਲਵੰਤ ਸਿੰਘ ਵਾਸੀ ਟਿੱਬਾ ਜ਼ਿਲ੍ਹਾ ਸੰਗਰੂਰ, ਸਤਨਾਮ ਸਿੰਘ ਉਰਫ਼ ਸੋਨੂੰ ਪੁੱਤਰ ਕੁਲਵੰਤ ਸਿੰਘ ਵਾਸੀ ਬੜੀ ਜ਼ਿਲ੍ਹਾ ਸੰਗਰੂਰ, ਮਨਿੰਦਰ ਸਿੰਘ ਪੁੱਤਰ ਮਨਜੀਤ ਸਿੰਘ ਵਾਸੀ ਮਲੇਰਕੋਟਲਾ, ਉਮਾ ਸੰਕਰ ਪੁੱਤਰ ਮੋਹਨ ਲਾਲ ਵਾਸੀ ਨੌਸਹਿਰਾ ਥਾਣਾ ਅਮਰਗੜ੍ਹ (ਸੰਗਰੂਰ), ਭੀਮ ਸਿੰਘ ਪੁੱਤਰ ਨਰੈਣ ਸਿੰਘ ਵਾਸੀ ਈਨਾ ਬਾਜਵਾ ਅਤੇ ਮੁਹੰਮਦ ਅਰਸ਼ਦ ਪੁੱਤਰ ਸਿਰਾਜ ਮੁਹੰਮਦ ਵਾਸੀ ਰੋਹੀੜਾ ਮਹਿਲ ਕਲਾਂ ਵਾਲੀ ਸਾਈਡ ਕਿਸੇ ਵਾਰਦਾਤ ਨੂੰ ਅੰਜਾਮ ਦੇਣ ਲਈ ਤਿਆਰੀ ’ਚ ਹਨ ਜਿਨ੍ਹਾ ਕੋਲ ਇੱਕ ਚਿੱਟੇ ਰੰਗ ਦੀ ਆਈ ਟਵੈਂਟੀ ਕਾਰ ਅਤੇ ਅਸਲਾ ਵੀ ਹੈ ਜਿਸਦੇ ਫੌਰੀ ਬਾਅਦ ਪੁਲਿਸ ਪਾਰਟੀ ਥਾਣਾ ਮਹਿਲ ਕਲਾਂ ਵਿਖੇ ਆਈਪੀਸੀ ਦੀ ਧਾਰਾ 399,402,379,476,468,471 ਤੇ ਆਰਮਜ ਐਕਟ ਦੀ ਧਾਰਾ 25/54/59 ਤਹਿਤ ਮੁਕੱਦਮਾ ਨੰ: 11 ਮਿਤੀ 13/2/2013 ਨੂੰ ਦਰਜ਼ ਕਰਵਾ ਕੇ ਦੱਸੀ ਥਾਂ ਤੇ ਛਾਪਾ ਮਾਰਨ ਪਹੁੰਚੀ ਜਿੱਥੋ ਕਿ ਪੁਲਿਸ ਪਾਰਟੀ ਦੀ ਭਿਣਕ ਪੈਂਦਿਆਂ ਹੀ ਉਕਤ ਦੋਸ਼ੀਆਨ ਪੁਲਿਸ ਪਾਰਟੀ ’ਤੇ ਫਾਇਰਿੰਗ ਕਰਦੇ ਹੋਏ ਗੱਡੀ ‘ਚ ਸਵਾਰ ਹੋ ਕੇ ਭੱਜਣ ’ਚ ਸਫਲ ਹੋ ਗਏ ਸਨ। ਪ੍ਰੰਤੂ ਉਨ੍ਹਾਂ ਦੀ ਤਲਾਸ਼ ’ਚ ਕੀਤੀ ਨਿਹਾਲੂਵਾਲ ਤੋਂ ਪੰਡੋਰੀ ਲਿੰਕ ਸੜਕ ਤੇ ਕੀਤੀ ਨਾਕਾਬੰਦੀ ਦੌਰਾਨ ਅੱਜ ਉਨ੍ਹਾਂ ਨੂੰ ਪੁਲਿਸ ਪਾਰਟੀ ਨੇ ਅਸਲੇ ਤੇ ਗੱਡੀ ਆਈ ਟਵੈਂਟੀ ਨੰ: ਪੀਬੀ 13 ਯੂ 2865 ਸਮੇਤ ਉਕਤਾਨ ਮੁਲਜ਼ਮਾਂ ਨੂੰ ਕਾਬੂ ਕਰਨ ਵਿੱਚ ਸਫਲਤਾ ਹਾਸਲ ਕਰ ਲਈ ਹੈ। ਕਾਬੂ ਕੀਤੇ ਮੁਲਜ਼ਮਾ ਕੋਲੋਂ ਦੋ ਦੇਸੀ 315 ਬੋਰ ਪਿਸਤੋਲ ਸਮੇਤ 2 ਜਿੰਦਾ ਕਾਰਤੂਸ, ਇੱਕ 315 ਬੋਰ ਰਾਈਫਲ ਸਮੇਤ 3 ਜਿੰਦਾ ਕਾਰਤੂਸ ਤੋਂ ਇਲਾਵਾ ਹੋਰ ਮਾਰੂ ਹਥਿਆਰ ਬਰਾਮਦ ਕੀਤੇ ਹਨ।
ਉਨ੍ਹਾਂ ਅੱਗੇ ਦੱਸਿਆ ਕਿ ਉਕਤਾਨ ਮੁਲਜ਼ਮਾਂ ਵਿੱਚੋਂ ਮਨਪ੍ਰੀਤ ਉਰਫ਼ ਮਨੀ ਤੇ ਸਤਨਾਮ ਸਿੰਘ ਗੈਂਗਸਟਰ ਗੁਰਮੀਤ ਸਿੰਘ ਉਰਫ਼ ਕਾਲਾ ਧਨੌਲਾ ਦੇ ਨਜ਼ਦੀਕੀ ਸਾਥੀ ਸਨ ਜਿਹੜੇ ਕਿ ਜ਼ਿਲ੍ਹਾ ਬਰਨਾਲਾ, ਸੰਗਰੂਰ, ਪਟਿਆਲਾ ਅਤੇ ਲੁਧਿਆਣਾ ਦੇ ਕ੍ਰਮਵਾਰ ਥਾਣਾ ਠੁੱਲੀਵਾਲ, ਰੂੜੇਕੇ ਕਲਾਂ, ਧਨੌਲਾ ਤੇ ਸ਼ੇਰਪੁਰ, ਸਦਰ ਪਟਿਆਲਾ, ਸਿਵਲ ਲਾਈਨ ਪਟਿਆਲਾ, ਸਰਾਭਾ ਨਗਰ ਲੁਧਿਆਣਾ ਵਿਖੇ ਵੱਖ-ਵੱਖ ਕੇਸਾਂ ਵਿੱਚ ਲੋੜੀਦੇ ਸਨ। ਜਿਨ੍ਹਾਂ ਤੋਂ ਪੁੱਛਗਿੱਛ ਜਾਰੀ ਹੈ ਤੇ ਹੋਰ ਵੀ ਅਹਿਮ ਅਪਰਾਧਿਕ ਖੁਲਾਸੇ ਹੋਣ ਦੀ ਸੰਭਾਵਨਾ ਹੈ।