ਨਵੀਂ ਦਿੱਲੀ- ਬੀਜੇਪੀ ਅਤੇ ਪ੍ਰੈਸ ਕਾਂਊਸਿਲ ਦੇ ਚੇਅਰਮੈਨ ਜਸਟਿਸ ਕਾਟਜੂ ਵਿੱਚਕਾਰ ਤਕਰਾਰ ਨੇ ਗੰਭੀਰ ਰੂਪ ਲੈ ਲਿਆ ਹੈ।ਭਾਜਪਾ ਨੇਤਾ ਅਰੁਣ ਜੇਟਲੀ ਨੇ ਜਸਟਿਸ ਕਾਟਜੂ ਨੂੰ ਬਰਖਾਸਤ ਕੀਤੇ ਜਾਣ ਦੀ ਮੰਗ ਕੀਤੀ ਹੈ ਅਤੇ ਜਸਟਿਸ ਕਾਟਜੂ ਨੇ ਜੇਟਲੀ ਰਾਜਨੀਤੀ ਦੇ ਯੋਗ ਨਹੀਂ ਹੈ ਇਸ ਲਈ ਉਸ ਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ।
ਜਸਟਿਸ ਕਾਟਜੂ ਨੇ ਇੱਕ ਅਖਬਾਰ ਵਿੱਚ ਛੱਪੇ ਆਪਣੇ ਲੇਖ ਵਿੱਚ ਮੋਦੀ ਅਤੇ ਉਸ ਦੀ ਰਾਜਨੀਤੀ ਦੀ ਸਖਤ ਆਲੋਚਨਾ ਕੀਤੀ ਸੀ।ਉਨ੍ਹਾਂ ਨੇ ਇਹ ਵੀ ਕਿਹਾ ਸੀ ਕਿ ਮੇਰੇ ਲਈ ਇਹ ਮੰਨਣਾ ਮੁਸ਼ਕਿਲ ਹੈ ਕਿ ਗੁਜਰਾਤ ਦੰਗਿਆਂ ਵਿੱਚ ਮੋਦੀ ਦਾ ਹੱਥ ਨਹੀਂ ਸੀ। ਬੀਜੇਪੀ ਕਾਟਜੂ ਦੇ ਲੇਖ ਤੇ ਕਾਫ਼ੀ ਭੜਕੀ ਹੋਈ ਹੈ। ਭਾਜਪਾ ਦਾ ਕਹਿਣਾ ਹੈ ਕਿ ਕਾਟਜੂ ਗੈਰ ਕਾਂਗਰਸ ਰਾਜਾਂ ਦੀ ਜਿਸ ਤਰ੍ਹਾ ਨਾਲ ਆਲੋਚਨਾ ਕਰ ਰਹੇ ਹਨ, ਉਸ ਤੋਂ ਸਾਬਿਤ ਹੁੰਦਾ ਹੈ ਕਿ ਉਹ ਅਹੁਦਾ ਦੇਣ ਵਾਲਿਆਂ ਦਾ ਧੰਨਵਾਦ ਕਰ ਰਹੇ ਹਨ। ਜੇਟਲੀ ਨੇ ਇਹ ਵੀ ਕਿਹਾ ਕਿ ਕਾਟਜੂ ਨੂੰ ਆਪਣੇ ਵਿਚਾਰ ਪੇਸ਼ ਕਰਨ ਦਾ ਪੂਰਾ ਹੱਕ ਹੈ ਪਰ ਇੱਕ ਸੰਵਿਧਾਨਿਕ ਅਹੁਦੇ ਤੇ ਰਹਿੰਦੇ ਹੋਏ ਰਾਜਨੀਤੀ ਕਰਨ ਦਾ ਅਧਿਕਾਰ ਨਹੀਂ ਹੈ।ਇਸ ਲਈ ਜਾਂ ਤਾਂ ਕਾਟਜੂ ਨੂੰ ਇਹ ਅਹੁਦਾ ਛੱਡ ਦੇਣਾ ਚਾਹੀਦਾ ਹੈ ਤੇ ਜਾਂ ਉਸ ਨੂੰ ਬਰਖਾਸਤ ਕਰ ਦੇਣਾ ਚਾਹੀਦਾ ਹੈ।
ਜਸਟਿਸ ਕਾਟਜੂ ਨੇ ਇੱਕ ਟੀਵੀ ਚੈਨਲ ਤੇ ਭਾਜਪਾ ਵੱਲੋਂ ਕੀਤੀ ਜਾ ਰਹੀ ਆਲੋਚਨਾ ਦਾ ਜਵਾਬ ਦਿੰਦੇ ਹੋਏ ਕਿਹਾ ਹੈ ਕਿ ਜੇ ਕਾਂਗਰਸ ਪ੍ਰਸ਼ਾਸਿਤ ਰਾਜਾਂ ਵਿੱਚ ਗਲਤ ਹੋਇਆ ਹੈ ਤਾਂ ਮੈਂ ਉਸ ਦੀ ਵੀ ਆਲੋਚਨਾ ਕੀਤੀ ਹੈ।ਅਰੁਣ ਜੇਟਲੀ ਤੇ ਝੂਠ ਬੋਲਣ ਅਤੇ ਤੱਥਾਂ ਨੂੰ ਤੋੜ ਮਰੋੜ ਕੇ ਪੇਸ਼ ਕਰਨ ਦਾ ਵੀ ਆਰੋਪ ਲਗਾਂਉਦੇ ਹੋਏ ਕਾਟਜੂ ਨੇ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਜੇਟਲੀ ਨੂੰ ਰਾਜਨੀਤੀ ਛੱਡ ਦੇਣੀ ਚਾਹੀਦੀ ਹੈ। ਉਹ ਇਸ ਦੇ ਕਾਬਿਲ ਨਹੀਂ ਹੈ।ਮੋਦੀ ਨੇ ਵੀ ਕਾਟਜੂ ਤੇ ਇਹ ਆਰੋਪ ਲਗਾਇਆ ਹੈ ਕਿ ਉਸ ਨੇ ਗੁਜਰਾਤ ਨੂੰ ਭੇਦਭਾਵ ਵਾਲੀਆਂ ਨਜ਼ਰਾਂ ਨਾਲ ਵੇਖਿਆ ਹੈ।