ਬਰਨਾਲਾ,(ਜੀਵਨ ਰਾਮਗੜ੍ਹ)-ਦੇਰ ਰਾਤ ਹੋਏ ਸਥਾਨਕ ਬਰਨਾਲਾ-ਸੰਗਰੂਰ ਹਾਈਵੇ ਦੇ ਟੀ-ਪੁਆਇੰਟ ਨੇੜੇ ਡਿਊਟੀ ਤੋਂ ਮੋਟਰਸਾਈਕਲ ’ਤੇ ਸਵਾਰ ਹੋ ਕੇ ਪਰਤ ਰਹੇ ਟਰਾਈਡੈਂਟ ਫੈਕਟਰੀ ਸੰਘੇੜਾ ਦੇ ਦੋ ਵਰਕਰ ਹਾਦਸਾ ਗ੍ਰਸਤ ਹੋ ਗਏ। ਜਿਨ੍ਹਾਂ ਵਿੱਚੋਂ ਇੱਕ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਅਤੇ ਦੂਸਰਾ ਗੰਭੀਰ ਰੂਪ ਵਿੱਚ ਜਖਮੀ ਹੋ ਗਿਆ।
ਪ੍ਰਾਪਤ ਜਾਣਕਾਰੀ ਅਨੁਸਾਰ ਜਗਦੀਪ ਸਿੰਘ (35) ਪੁੱਤਰ ਛੋਟਾ ਸਿੰਘ ਅਤੇ ਗੁਰਜੀਤ ਸਿੰਘ ਪੁੱਤਰ ਰਾਮਾ ਸਿੰਘ ਵਾਸੀਆਨ ਅੰਬੇਦਕਰ ਨਗਰ, ਦਿਹਾਤੀ ਹੰਢਿਆਇਆ (ਬਰਨਾਲਾ) ਦੇਰ ਰਾਤ ਕਰੀਬ 9 ਵਜੇ ਟਰਾਈਡੈਂਟ ਉਦਯੋਗ (ਸੰਘੇੜਾ) ਤੋਂ ਆਪਣੀ ਡਿਊਟੀ ਨਿਭਾ ਕੇ ਮੋਟਰ ਸਾਈਕਲ ਪੀਬੀ 19ਸੀ-3108 ’ਤੇ ਘਰ ਵਾਪਸ ਆ ਰਹੇ ਸਨ ਤਾਂ ਜਦੋਂ ਉਹ ਬਠਿੰਡਾ ਟੀ-ਪੁਆਇੰਟ ਦੇ ਨਜ਼ਦੀਕ ਪਹੁੰਚੇ ਤਾਂ ਸਾਹਮਣੇ ਆ ਰਹੇ ਕਿਸੇ ਵਾਹਨ ਦੀ ਤੇਜ਼ ਲਾਈਟ ਅੱਖਾਂ ’ਚ ਪੈਣ ਕਾਰਨ ਮੋਟਰ ਸਾਈਕਲ ਦਾ ਸੰਤੁਲਨ ਵਿਗੜਣ ’ਤੇ ਉਹ ਸੜਕ ਕਿਨਾਰੇ ਖੜੇ ਇੱਕ ਮਜ਼ਬੂਤ ਦਰਖੱਤ ਨਾਲ ਟਕਰਾ ਗਿਆ। ਮੋਟਰ ਸਾਈਕਲ ਨੂੰ ਜਗਦੀਪ ਸਿੰਘ ਚਲਾ ਰਿਹਾ ਸੀ ਹਾਦਸਾ ਐਨਾ ਜਬਰਦਸਤ ਸੀ ਕਿ ਮੋਟਰਸਾਈਕਲ ਚਾਲਕ ਜਗਦੀਪ ਸਿੰਘ ਦੀ ਘਟਨਾ ਸਥਾਨ ’ਤੇ ਹੀ ਮੌਤ ਹੋ ਗਈ ਜਦੋਂਕਿ ਪਿੱਛੇ ਬੈਠਾ ਗੁਰਜੀਤ ਸਿੰਘ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਹਾਦਸਾ ਦਾ ਪਤਾ ਲੱਗਣ ’ਤੇ ਇੱਕਠੇ ਹੋਏ ਆਸ ਪਾਸ ਦੇ ਲੋਕਾਂ ਨੇ ਐਂਬੂਲੈਸ 108 ਰਾਹੀ ਦੋਵਾਂ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ। ਵਰਕਰਾਂ ਦੇ ਹਾਦਸਾ ਗ੍ਰਸਤ ਹੋਣ ਦੀ ਸੂਚਨਾ ਮਿਲਦੇ ਹੀ ਟਰਾਈਡੈਂਟ ਫੈਕਟਰੀ ਦੇ ਅਧਿਕਾਰੀ ਵੀ ਤੁਰੰਤ ਸਿਵਲ ਹਸਪਤਾਲ ਬਰਨਾਲਾ ਪਹੁੰਚੇ। ਜਖਮੀ ਗੁਰਜੀਤ ਸਿੰਘ ਦੀ ਨਾਜੁਕ ਹਾਲਤ ਨੂੰ ਦੇਖਦਿਆਂ ਵਾਰਸ ਇਲਾਜ ਲਈ ਉਸ ਨੂੰ ਡੀਐਮਸੀ ਲੁਧਿਆਣੇ ਲੈ ਗਏ। ਮ੍ਰਿਤਕ ਜਗਦੀਪ ਸਿੰਘ ਦੀ ਲਾਸ ਦਾ ਪੋਸਟਮਾਰਟਮ ਅਤੇ ਕਾਨੂੰਨੀ ਕਾਰਵਾਈ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ।