ਗੁਰਚਰਨ ਪੱਖੋਕਲਾਂ
ਦੇਸ ਦਾ ਅਸਲੀ ਸੇਵਾ ਕਰਨ ਵਾਲਾ ਕਿਸਾਨੀ ਵਰਗ ਪਰਚਾਰ ਮਾਧਿਅਮਾਂ ਵਿੱਚ ਜਿਸ ਤਰਾਂ ਬਦਨਾਮੀ ਦੇ ਦਾਗ ਮੱਥੇ ਉੱਪਰ ਲਵਾਈ ਜਾ ਰਿਹਾ ਹੈ ਦਾ ਕਾਰਨ ਇਸ ਦੇ ਵਿੱਚੋਂ ਪਰਚਾਰ ਯੁੱਧ ਦਾ ਮੁਕਾਬਲਾ ਕਰਨ ਵਾਲੇ ਅਸਲੀ ਕਿਸਾਨ ਪੱਖੀ ਲੇਖਕਾਂ ਦੀ ਘਾਟ ਹੈ । ਅਸਲ ਵਿੱਚ ਕਿਸਾਨੀ ਵਰਗ ਦੇ ਵਿੱਚ ਕਿਸਾਨਾਂ ਦਾ ਪੱਖ ਰੱਖਣ ਵਾਲੇ ਲੋਕ ਹੈ ਹੀ ਨਹੀ ਜਾਂ ਖੇਤੀ ਰੁਝੇਵਿਆਂ ਵਿੱਚੋਂ ਉਸ ਕੋਲ ਵਕਤ ਹੀ ਨਹੀਂ ਕਿ ਉਹ ਉਸਨੂੰ ਬਦਨਾਮ ਕਰਨ ਵਾਲੇ ਲੋਕਾਂ ਦਾ ਜਵਾਬ ਦੇ ਸਕੇ। ਕਿਸਾਨ ਵਰਗ ਹੀ ਉਹ ਵਰਗ ਹੈ ਜੋ ਦੇਸ ਦੀ ਸੇਵਾ ਕਰ ਰਿਹਾ ਹੈ ਅਤੇ ਇਸ ਵਰਗ ਦੁਆਰਾ ਪੈਦਾ ਕੀਤੀਆਂ ਵਸਤਾਂ ਸਮਾਜ ਦੀਆਂ ਮੁੱਢਲੀਆਂ ਲੋੜਾ ਹਨ ਜਿਸ ਬਿਨਾਂ ਸਮਾਜ ਰਹਿ ਹੀ ਨਹੀਂ ਸਕਦਾ । ਵਪਾਰੀ ਅਤੇ ਕਾਰਖਾਨੇਦਾਰ ਵਰਗ ਜਿਆਦਾਤਰ ਐਸ ਪਰਸਤੀ ਦੀਆਂ ਵਸਤਾਂ ਤਿਆਰ ਕਰਦੇ ਹਨ ਪਰ ਸਰਕਾਰੀ ਸਬਸਿਡੀਆਂ ਅਤੇ ਸਹੂਲਤਾਂ ਦਾ ਵੱਡਾ ਹਿੱਸਾ ਵੀ ਹੜੱਪ ਕਰੀ ਜਾ ਰਹੇ ਹਨ ਜਦੋਂ ਕਿ ਉਹਨਾਂ ਦੁਆਰਾ ਤਿਆਰ ਵਸਤਾਂ ਦਾ ਸਮਾਜ ਨੂੰ ਲੋੜ ਸਿਰਫ ਅਮੀਰੀ ਦਿਖਾਉਣ ਲਈ ਹੀ ਹੈ ।ਕਿਸਾਨ ਵਰਗ ਨੂੰ ਬਦਨਾਮ ਕਰਨ ਵਾਲੀਆਂ ਅਨੇਕਾਂ ਕਹਾਣੀਆਂ ਪਰਚਾਰ ਸਾਧਨਾਂ ਤੇ ਪਰਚਾਰੀਆਂ ਜਾ ਰਹੀਆਂ ਹਨ। ਕੋਈ ਕਹਿੰਦਾਂ ਹੈ ਕਿ ਕਿਸਾਨ ਵਰਗ ਕਰਜਾਈ ਵੱਧ ਖਰਚ ਕਰਕੇ ਹੋ ਰਿਹਾ ਹੈ ਕੋਈ ਕਹਿੰਦਾਂ ਹੈ ਕਿ ਕਿਸਾਨ ਵਰਗ ਧਰਤੀ ਤੇ ਵਾਤਾਵਰਣ ਨੂੰ ਪਲੀਤ ਕਰ ਰਿਹਾ ਹੈ। ਇਸ ਤਰਾਂ ਹੀ ਖਾਦਾਂ ਵਰਤਣ ਬਾਰੇ ਵੀ ਬਦਨਾਮ ਕੀਤਾ ਜਾਂਦਾਂ ਹੈ। ਜਹਿਰਾਂ ਵਰਤਣ ਸਬੰਧੀ ਅਨੇਕਾਂ ਦੋਸ ਕਿਸਾਨ ਸਿਰ ਲਾਏ ਜਾ ਰਹੇ ਹਨ। ਇਸ ਤਰਾਂ ਦੀਆਂ ਅਨੇਕਾਂ ਕਹਾਣੀਆਂ ਬਣਾਕੇ ਪੇਸ ਕੀਤੀਆਂ ਜਾਂਦੀਆਂ ਹਨ ਜਿਹਨਾਂ ਵਿੱਚ ਸਚਾਈ ਨਾਂਮਾਤਰ ਹੀ ਹੈ। ਜਿਆਦਾਤਰ ਦੋਸ ਸਰਕਾਰਾਂ ਦਾ ਹੁੰਦਾਂ ਹੈ। ਜਦ ਕਿਸਾਨ ਆਤਮ ਹੱਤਿਆ ਵੀ ਕਰ ਲੈਂਦਾਂ ਹੈ ਤਦ ਵੀ ਇਸ ਨੂੰ ਹੀ ਦੋਸੀ ਬਣਾ ਧਰਿਆ ਜਾਂਦਾਂ ਹੈ ਕਿ ਇਹ ਸੰਘਰਸ ਕਿਉਂ ਨਹੀਂ ਕਰਦਾ ਹਾਲਤਾਂ ਦੇ ਖਿਲਾਫ ? ਕਿਸਾਨ ਮੌਤ ਦੇ ਮੂੰਹ ਚਲਾ ਜਾ ਰਿਹਾ ਹੈ ਅਖੌਤੀ ਵਿਦਵਾਨ ਅਤੇ ਸਰਕਾਰਾਂ ਦੇ ਏਜੰਟ ਆਗੂ ਇਸ ਮਰੇ ਹੋਏ ਕਿਸਾਨ ਤੋਂ ਵੀ ਸੰਘਰਸ ਭਾਲਦੇ ਹਨ । ਆਉ ਉਪਰੋਕਤ ਵਰਤਾਰਿਆਂ ਦੀ ਸਚਾਈ ਦੇਖੀਏ ਕਿ ਦੋਸ ਕਿਸਦਾ ਹੈ ?ਸਰਕਾਰਾਂ ਦਾ ਜਾਂ ਕਿਸਾਨਾਂ ਦਾ ਜਾਂ ਸਿਸਟਮ ਦਾ ?
ਧਰਤੀ ਨੂੰ ਹਰਿਆ ਭਰਿਆ ਬਣਾਉਣ ਵਾਲੇ ਕਿਸਾਨ ਸਿਰ ਜਦ ਪਰਾਲੀ ਸਾੜਨ ਦੇ ਨਾਂ ਤੇ ਧਰਤੀ ਦੀ ਹਿੱਕ ਸਾੜਨ ਦਾ ਇਲਜਾਮ ਲਾਇਆ ਜਾਂਦਾ ਹੈ ਤਦ ਇਹ ਕਿਉਂ ਭੁਲਾ ਦਿੱਤਾ ਜਾਂਦਾ ਹੈ ਸਾਰਾ ਸਾਲ ਧਰਤੀ ਨੂੰ ਹਰਿਆ ਭਰਿਆ ਬਣਾਉਣ ਵਾਲਾ ਕਿਸਾਨ ਹੀ ਹੈ ਜੋ ਜਮੀਨ ਦੇ ਇੱਕ ਇੱਕ ਇੰਚ ਥਾਂ ਨੂੰ ਵੀ ਹਰਿਆ ਭਰਿਆ ਕਰਨ ਲਈ ਮੱਥੇ ਤੇ ਮੁੜਕਾ ਲਿਆਉਂਦਾ ਹੈ। ਦੂਸਰਾ ਕਿਸਾਨ ਵਰਗ ਦੀ ਆਮਦਨ ਅਤੇ ਰੋਟੀ ਦਾ ਜਰੀਆ ਜਮੀਨ ਹੀ ਹੈ ਜਿਸਨੂੰ ਉਹ ਖਰਾਬ ਕਿਉਂ ਕਰੇਗਾ। ਉਹ ਤਾਂ ਇਹ ਸਭ ਕੁੱਝ ਵੀ ਜਮੀਨ ਨੂੰ ਹਰਿਆਲੀ ਨਾਲ ਭਰ ਦੇਣ ਲਈ ਹੀ ਕਰਦਾ ਹੈ ਪਰ ਗੈਰ ਕਿਸਾਨੀ ਤਬਕਾ ਆਪਣੇ ਆਪ ਨੂੰ ਸਹਿਯੋਗ ਕਰਨ ਦੀ ਥਾਂ ਤੇ ਕਿਸਾਨ ਵਰਗ ਨੂੰ ਗੁਲਾਮਾਂ ਵਾਂਗ ਮੀਡੀਆਂ ਦੇ ਕੋਠੇ ਤੇ ਚੜਕੇ ਵੀ ਗਾਲਾਂ ਕੱਢਣ ਲੱਗਦਾ ਹੈ। ਧਰਤੀ ਤੇ ਫਾਲਤੂ ਪਰਦੂਸਣ ਵਾਲੇ ਗੈਰ ਕਿਸਾਨੀ ਵਰਗ ਜਿੰਹਨਾਂ ਵਿੱਚ ਮੀਡੀਆਂ ਦੇ ਸਾਰੇ ਲੋਕ ਵੀ ਸਾਮਲ ਹਨ ਅਤੇ ਅਮੀਰ ਤਬਕਾ ਹੀ ਵੱਧ ਜੁੰਮੇਵਾਰ ਹੈ। ਸਹਿਰਾਂ ਦੇ ਵਿੱਚ ਕੁਦਰਤੀ ਦਰੱਖਤਾਂ ਦਾ ਜਿਸ ਤਰਾਂ ਖਾਤਮਾ ਕੀਤਾ ਗਿਆ ਹੈ ਅਤੇ ਹਰਿਆਲੀ ਵਾਲੀਆਂ ਥਾਵਾਂ ਪਾਰਕਾਂ ਵਗੈਰਾ ਨੂੰ ਕਿਸ ਤਰਾਂ ਤਬਾਹ ਕੀਤਾ ਜਾਂਦਾ ਹੈ ਅਤਿ ਘਿਨਾਉਣਾਂ ਹੈ ਪਰ ਨਿੰਦਿਆ ਕੇਵਲ ਕਿਸਾਨ ਵਰਗ ਨੂੰ ਹੀ ਜਾਂਦਾ ਹੈ। ਦੇਸ ਦੇ ਕਿਸਾਨ ਦੀ ਕਰਜਾਈ ਹੋਈ ਜਾਣ ਨੂੰ ਕੁੱਝ ਰਾਜਨੀਤਕ ਅਤੇ ਅਣਜਾਣ ਜਾਂ ਚਲਾਕ ਲੋਕਾਂ ਦੇ ਦਲਾਲ ਲੇਖਕ ਫਜੂਲ ਖਰਚੀ ਕਰਨ ਦਾ ਉਲਾਹਮਾ ਦਿੰਦੇ ਹਨ ਜਦ ਕਿ ਅਸਲੀਅਤ ਇਹ ਹੈ ਕਿ ਕਿਸਾਨਾਂ ਦਾ 90% ਨਿਮਨ ਕਿਸਾਨ ਵਰਗ ਕੋਲ ਫਾਲਤੂ ਖਰਚ ਕਰਨ ਲਈ ਕੁੱਝ ਹੈ ਹੀ ਨਹੀ । ਫਾਲਤੂ ਖਰਚ ਕਰਨ ਵਾਲੇ ਤਾਂ ਵਪਾਰੀ ਅਤੇ ਕਾਰਖਾਨੇਦਾਰ ਵਰਗ ਹੈ ਜਿਵੇਂ ਇਸ ਵਾਰ ਇੱਕ ਅੰਬਾਨੀ ਨੇ ਅਖੌਤੀ ਪਿਆਰ ਦੇ ਦਿਨ ਤੇ ਆਪਣੀ ਘਰਵਾਲੀ ਨੂੰ ਹੈਲੀਕਾਪਟਰ ਹੀ ਦੇ ਦਿੱਤਾ ਹੈ ਦੂਜਾ ਇੱਕ ਫਿਲਮੀ ਕਲਾਕਾਰ ਨੇ ਤਿੰਨ ਕਰੋੜ ਦੀ ਮੁੰਦਰੀ ਹੀ ਪਹਿਨਾ ਦਿੱਤੀ ਹੈ ਜਿਸਨੂੰ ਮੀਡੀਆ ਦੇ ਲੋਕ ਵਿਸੇਸ ਸੁਰਖੀਆਂ ਵਿੱਚ ਪੇਸ ਕਰ ਰਿਹਾ ਹੈ ਕੀ ਇਹ ਅਤੇ ਇਸ ਤਰਾਂ ਦੇ ਫਾਲਤੂ ਖਰਚ ਨਹੀਂ । ਇਸ ਤਰਾਂ ਦੇ ਗਰੀਬ ਲੋਕਾਂ ਦੇ ਮੂੰਹ ਚਿੜਾਉਣ ਵਾਲੇ ਲੋਕਾਂ ਨੂੰ ਗਿ੍ਰਫਤਾਰ ਨਹੀਂ ਕਰ ਲਿਆ ਜਾਣਾਂ ਚਾਹੀਦਾ। ਜਦ ਦੇਸ ਦੇ ਲੋਕ ਇੱਕ ਪਾਸੇ ਭੁੱਖੇ ਸੌਣ ਲਈ ਮਜਬੂਰ ਹੋਣ ਦੂਸਰੇ ਪਾਸੇ ਇਸ ਤਰਾਂ ਦੇ ਫਾਲਤੂ ਵਿਖਾਵੇ ਕਰਨ ਵਾਲੇ ਲੋਕਾਂ ਤੇ ਰੋਕ ਨਹੀਂ ਲਾਈ ਜਾਣੀ ਚਾਹੀਦੀ।
ਪੰਜਾਬ ਵਿੱਚ ਫੈਲਣ ਵਾਲੇ ਕੈਂਸਰ ਅਤੇ ਕਾਲੇ ਪੀਲੀਏ ਵਰਗੇ ਭਿਆਨਕ ਰੋਗਾਂ ਲਈ ਜਹਿਰਾਂ ਦੇ ਛਿੜਕਾਉ ਕਰਨ ਦੇ ਨਾਂ ਤੇ ਕਿਸਾਨ ਨੂੰ ਹੀ ਦੋਸੀ ਠਹਿਰਾਇਆ ਜਾ ਰਿਹਾ ਹੈ ਜਦ ਕਿ ਅਸਲ ਦੋਸੀ ਤਾਂ ਉਹ ਕਾਰਖਾਨੇਦਾਰ ਹਨ ਜੋ ਰਾਜਨਤਕਾਂ ਨਾਲ ਮਿਲ ਕੇ ਆਪਣੇ ਕਾਰਖਾਨਿਆਂ ਦਾ ਗੰਦ ਪੰਜਾਬ ਦੇ ਦਰਿਆਈ ਅਤੇ ਨਹਿਰੀ ਪਾਣੀ ਵਿੱਚ ਮਿਲਾਈ ਜਾ ਰਹੇ ਹਨ। ਹੁਣ ਪੰਜਾਬ ਦਾ ਨਹਿਰੀ ਪਾਣੀ ਕਾਰਖਾਨੇਦਾਰਾਂ ਦੀ ਮੇਹਰਬਾਨੀ ਨਾਲ ਜਹਿਰੀਲਾ ਹੋ ਚੁੱਕਾ ਹੈ ਰਾਜਨੀਤਕ ਅਤੇ ਮੀਡੀਆ ਦੇ ਲੋਕ ਇਹਨਾਂ ਲੋਕਾਂ ਦੇ ਨੋਟਾਂ ਤੇ ਹੀ ਚੱਲਣ ਕਾਰਨ ਇਹਨਾਂ ਦੇ ਖਿਲਾਫ ਮੂੰਹ ਖੋਲਣ ਦੀ ਥਾਂ ਇਹਨਾਂ ਦੀ ਪੁਸਤ ਪਨਾਹੀ ਕਰਦੇ ਹਨ। ਪੰਜਾਬ ਨੂੰ ਦਲੇਰ ਤਕੜੇ ਅਤੇ ਬਹਾਦਰ ਲੋਕਾਂ ਦੀ ਧਰਤੀ ਦੀ ਥਾਂ ਬਿਮਾਰ ਅਤੇ ਕਮਜੋਰ ਬਣਾਉਣ ਵਾਲੇ ਰਾਜਨੀਤਕ ਅਤੇ ਨਸਿਆਂ ਦੇ ਸੌਦਾਗਰ ਕਾਰਖਾਨੇਦਾਰ ਲੋਕ ਜੁੰਮੇਵਾਰ ਹਨ ਨਾਂ ਕਿ ਕਿਸਾਨ ਵਰਗ । ਕਿਸਾਨ ਲੋਕ ਤਾਂ ਹਾਲੇ ਵੀ ਪੰਜਾਬ ਦੀ ਨੌਜਵਾਨੀ ਨੂੰ ਖੇਤੀ ਵਰਗੇ ਸਰੀਰਕ ਕਸਰਤ ਵਾਲੇ ਕਿੱਤੇ ਨੂੰ ਕਰਕੇ ਪੰਜਾਬੀ ਨੌਜਵਾਨੀ ਨੰ ਮਜਬੂਤ ਰੱਖ ਰਹੇ ਹਨ ਪਰ ਸਰਕਾਰਾਂ ਸਹਿ ਦੇ ਰਹੀਆਂ ਹਨ ਉਹਨਾਂ ਕਿੱਤਿਆਂ ਅਤੇ ਸਿੱਖਿਆਵਾਂ ਨੂੰ ਜਿਹਨਾਂ ਨੂੰ ਗਰਿਹਣ ਕਰਨ ਤੋਂ ਬਾਅਦ 90% ਨੌਜਵਾਨੀ ਦੇ ਹੱਥ ਬੇਰੁਜਗਾਰੀ ਅਤੇ ਜਿੰਦਗੀ ਦੇ ਧੱਕੇ ਹੀ ਨਸੀਬ ਹੋ ਰਹੇ ਹਨ। ਇਸ ਤਰਾਂ ਅਸਫਲ ਹੋ ਜਾਣ ਵਾਲੀ ਨੌਜਵਾਨੀ ਦਾ ਵੱਡਾ ਹਿੱਸਾ ਨਸਿਆਂ ਅਤੇ ਅਪਰਾਧਾਂ ਵੱਲ ਚਲਾ ਜਾ ਰਿਹਾ ਹੈ। ਮੀਡੀਆਂ ਅਤੇ ਲੇਖਕਾਂ ਨੂੰ ਅਸਲ ਹਕੀਕਤਾਂ ਨੂੰ ਸਮਝਣਾਂ ਚਾਹੀਦਾ ਹੈ ਨਾਂ ਕਿ ਕਿਸਾਨ ਵਿੱਚ ਗਏ ਹੋਏ ਕਿਰਤੀ ਲੋਕਾਂ ਨੂੰ ਬਦਨਾਮ ਕਰਨ ਦਾ ਕੰਮ ਨਹੀਂ ਕਰਨਾਂ ਚਾਹੀਦਾ। ਕਿਸਾਨੀ ਤਾਂ ਗੁਰੂ ਨਾਨਕ ਵਰਗੇ ਮਹਾਨ ਫਕੀਰਾਂ ਦਾ ਵਰੋਸਾਇਆ ਹੋਇਆ ਕਿੱਤਾ ਹੈ ਜੋ ਇਮਾਨਦਾਰੀ ਨੂੰ ਨਾਲ ਲੈਕੇ ਜੰਮਦਾ ਹੈ ਅਤੇ ਸਮਾਜ ਦੀ ਸੇਵਾ ਦਾ ਉੱਤਮ ਸਾਧਨ ਹੈ। ਮਨੁੱਖ ਦੀ ਮੁੱਢਲੀ ਲੋੜ ਰੋਟੀ ਨੂੰ ਪੂਰਾ ਕਰਨ ਵਾਲਾ ਕਿਸਾਨ ਵਰਗ ਹੀ ਹੈ ਇਸਨੂੰ ਬਦਨਾਮ ਕਰਨ ਦੀ ਥਾਂ ਉਸ ਨੁਕਤੇ ਵੱਲ ਸਮਾਜ ਦੀ ਨਿਗਾਹ ਪਵਾਉਣੀ ਮੀਡੀਆਂ ਦਾ ਅਤੇ ਲੇਖਕ ਦਾ ਕੰਮ ਹੈ ਜੋ ਵਪਾਰੀ ਅਤੇ ਰਾਜਨਤਕ ਲੋਕ ਆਪਣੀ ਲੁੱਟ ਲਈ ਕਰ ਰਹੇ ਹਨ। ਕੁਦਰਤੀ ਪਾਕ ਪਵਿੱਤਰ ਕਿੱਤੇ ਨੂੰ ਹੌਸਲਾਂ ਦੇਕੇ ਗੈਰ ਕੁਦਰਤੀ ਕਿੱਤਿਆਂ ਵਿੱਚੋਂ ਮੁਨਾਫੇ ਭਾਲਣ ਵਾਲੇ ਉਦਯੋਗਿਕ ਕੂੜਾ ਕਰਕਟ ਅਤੇ ਮਨੁੱਖੀ ਗੁਲਾਮੀ ਪੈਦਾ ਕਰਨ ਦੇ ਧੰਦਿਆਂ ਦਾ ਵਿਰੋਧ ਹੋਣਾਂ ਚਾਹੀਦਾ ਹੈ। ਵਾਤਾ ਵਰਣ ਗੰਧਲਾ ਕਰਨ ਵਾਲੇ ਗੈਰ ਕੁਦਰਤੀ ਲੋੜਾ ਲਈ ਲਾਏ ਗਏ ਉਦਯੋਗ ਹਨ ਜਦੋਂ ਕਿ ਖੇਤੀ ਵਰਗਾ ਧੰਦਾ ਮਨੁੱਖ ਦੀ ਮੁੱਢਲੀ ਲੋੜ ਹੈ। ਜਦ ਤੱਕ ਕਿਸਾਨ ਵਰਗ ਰਹੇਗਾ ਧਰਤੀ ਨੂੰ ਹਰਿਆ ਭਰਿਆਂ ਰੱਖਣ ਦਾ ਕੰਮ ਜਾਰੀ ਰਹੇਗਾ ਜਿਸ ਦਿਨ ਖੇਤੀ ਵਰਗਾ ਕੰਮ ਉਦਯੋਗਿਕ ਘਰਾਣਿਆਂ ਦੇ ਹੱਥ ਚਲਾ ਜਾਵੇਗਾ ਉਸ ਸਮੇਂ ਜਰੂਰ ਹੀ ਇਹ ਧਰਤੀ ਉਜਾੜ ਬਣਾ ਦਿੱਤੀ ਜਾਵੇਗੀ ਕਿਉਂਕਿ ਆਪਣੇ ਹੱਥੀਂ ਕਿਰਤ ਕਰਨ ਵਾਲੇ ਕਿਸਾਨ ਨੂੰ ਖਤਮ ਕਰਕੇ ਕਾਰਪੋਰੇਟ ਘਰਾਣਿਆਂ ਦੇ ਹੱਥ ਜਮੀਨ ਅਤੇ ਖੇਤੀ ਦਿੱਤੇ ਜਾਣ ਦੀਆਂ ਵਿਉਤਾਂ ਬਣਾਈਆਂ ਜਾ ਰਹੀਆਂ ਹਨ। ਜਦ ਇਸ ਤਰਾਂ ਹੋ ਜਾਵੇਗਾ ਤਦ ਵਾਤਾਵਰਣ ਹੋਰ ਗੰਧਲਾਂ ਕਰ ਦਿੱਤਾ ਜਵੇਗਾ ।ਵਰਤਮਾਨ ਕਿਸਾਨੀ ਵਰਗ ਗੁਲਾਮ ਦੀ ਜਿੰਦਗੀ ਬਤੀਤ ਕਰਨ ਲਈ ਮਜਬੂਰ ਹੋਵੇਗਾ ਅਤੇ ਸਰਕਾਰਾਂ ਘਾਟਾ ਖਾਕੇ ਵੀ ਖੇਤੀ ਕਰਨ ਵਾਲੇ ਅਜਾਦ ਕਿਸਾਨ ਵਰਗ ਨੂੰ ਵੀ ਗੁਲਾਮ ਬਣਿਆ ਦੇਖਣਾਂ ਚਾਹੁੰਦੀਆਂ ਹਨ । ਜਿਸ ਤਰਾਂ ਸਰਕਾਰਾਂ ਦਾ ਮੁਲਾਜਮ ਵਰਗ ਆਪਣੇ ਲਈ ਸਦਾ ਹੀ ਮੰਗਤਾਂ ਬਣਿਆ ਰਹਿੰਦਾਂ ਹੈ ਅਤੇ ਰਾਜਨੀਤਕ ਗੁਲਾਮ ਮੰਗਤਿਆਂ ਨੂੰ ਵੇਖਕੇ ਖੁਸ ਹੁੰਦੇ ਹਨ ਅਤੇ ਇਸ ਤਰਾਂ ਹੀ ਇਹ ਕਿਸਾਨ ਨੰ ਦੇਖਣਾਂ ਚਾਹੁੰਦੇ ਹਨ। ਕਿਸਾਨਾਂ ਨੂੰ ਬਦਨਾਮ ਕਰਨ ਪਿੱਛੇ ਸਰਕਾਰ ਦੀ ਇਹੋ ਚਾਲ ਹੈ ਭਾਵੇਂ ਅਸਲ ਵਿੱਚ ਵਾਤਾਵਰਣ ਨੂੰ ਹਰਿਆ ਭਰਿਆ ਕਿਸਾਨ ਹੀ ਰੱਖਦਾ ਹੈ ਅਤੇ ਮਨੁੱਖ ਨੂੰ ਅਜਾਦ ਰਹਿਣ ਦਾ ਵੱਲ ਕਿਸਾਨ ਹੀ ਸਿਖਾਉਂਦਾਂ ਹੈ ।