ਲੁਧਿਆਣਾ: ਕੈਲੇਫੋਰਨੀਆਂ ਤੋਂ ਆਏ ਖੇਤੀਬਾੜੀ ਲੀਡਰਸ਼ਿਪ ਫਾਉਂਡੇਸ਼ਨ ਦੇ 27 ਮੈਂਬਰੀ ਡੈਲੀਗੇਸ਼ਨ ਨੇ ਡਾ: ਚਾਰਲਸ ਬੋਇਰ ਦੀ ਅਗਵਾਈ ਹੇਠ ਅੱਜ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦਾ ਦੌਰਾ ਕੀਤਾ । ਇਸ ਵਫਦ ਵਿੱਚ ਖੇਤੀਬਾੜੀ ਵਣਜ ਪ੍ਰਬੰਧ, ਅਰਥ ਸ਼ਾਸਤਰ ਸਿੱਖਿਆ, ਖੇਤੀ ਖੋਜ ਅਤੇ ਪਸਾਰ ਆਦਿ ਵਿਸ਼ਿਆਂ ਬਾਰੇ ਵਿਚਾਰ ਵਟਾਂਦਰਾ ਹੋਇਆ।
ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਵੱਲੋਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ, ਬੇਸਿਕ ਸਾਇੰਸਜ਼ ਕਾਲਜ ਦੇ ਡੀਨ ਡਾ: ਰਾਜਿੰਦਰ ਸਿੰਘ ਸਿੱਧੂ, ਅਪਰ ਨਿਰਦੇਸ਼ਕ ਪਸਾਰ ਸਿੱਖਿਆ ਡਾ: ਹਰਜੀਤ ਸਿੰਘ ਧਾਲੀਵਾਲ, ਅਪਰ ਨਿਰਦੇਸ਼ਕ ਖੋਜ (ਭੋਜਨ ਵਿਗਿਆਨ ਅਤੇ ਇੰਜੀਨੀਅਰਿੰਗ) ਡਾ: ਪ੍ਰਦੀਪ ਖੰਨਾ, ਅਪਰ ਨਿਰਦੇਸ਼ਕ ਸੰਚਾਰ ਡਾ: ਹਰਜੀਤ ਸਿੰਘ ਸਹਿਗਲ, ਭੂਮੀ ਵਿਗਿਆਨ ਵਿਭਾਗ ਦੇ ਮੁਖੀ ਡਾ: ਉਪਕਾਰ ਸਿੰਘ ਸਿਡਾਨਾ, ਭੂਮੀ ਅਤੇ ਪਾਣੀ ਇੰਜੀਨੀਅਰਿੰਗ ਵਿਭਾਗ ਦੇ ਵਿਗਿਆਨੀ ਡਾ: ਕੇ ਜੀ ਸਿੰਘ, ਮਾਈਕਰੋਬਾਇਲੋਜੀ ਵਿਭਾਗ ਦੀ ਸੀਨੀਅਰ ਵਿਗਿਆਨੀ ਡਾ: ਪਰਮਪਾਲ ਕੌਰ ਸਹੋਤਾ, ਪ੍ਰੋਸੈਸਿੰਗ ਅਤੇ ਫੂਡ ਇੰਜੀਨੀਅਰਿੰਗ ਵਿਭਾਗ ਦੇ ਮੁਖੀ ਡਾ: ਅਸ਼ੋਕ ਕੁਮਾਰ ਤੋਂ ਇਲਾਵਾ ਵਣਜ ਪ੍ਰਬੰਧਕ ਡਾ: ਰਮਨਦੀਪ ਸਿੰਘ ਜੱਸਲ ਨੇ ਵਿਚਾਰ ਵਟਾਂਦਰੇ ਵਿੱਚ ਭਾਗ ਲਿਆ।
ਕੈਲੇਫੋਰਨੀਆਂ ਤੋਂ ਆਏ ਵਫਦ ਦੇ ਮੈਂਬਰ ਡਾ: ਮਾਈਕਲ ਥਾਮਸ ਨੇ ਆਖਿਆ ਕਿ ਕਿਸਾਨਾਂ ਦੀ ਅਗਵਾਈ ਯੋਗਤਾ ਸੰਵਾਰਨ ਸੁਧਾਰਨ ਲਈ ਸਾਨੂੰ ਦੁਵੱਲੇ ਵਿਚਾਰ ਵਟਾਂਦਰੇ ਅਤੇ ਸਹਿਯੋਗ ਦੀ ਲੋੜ ਹੈ। ਖੇਤੀਬਾੜੀ ਸਿੱਖਿਆ ਦੇ ਪ੍ਰੋਫੈਸਰ ਡਾ: ਰਾਬਰਟ ਫਲੋਰੇਸ ਨੇ ਆਖਿਆ ਕਿ ਕੈਲੇਫੋਰਨੀਆਂ ਵਿੱਚ 70 ਹਜ਼ਾਰ ਵਿਦਿਆਰਥੀ ਸੈਕੰਡਰੀ ਪੱਧਰ ਤੇ ਅਤੇ 10 ਹਜ਼ਾਰ ਵਿਦਿਆਰਥੀ ਅੰਡਰ ਗਰੈਜੂਏਟ ਪੱਧਰ ਤੇ ਪੜ੍ਹਾਈ ਕਰ ਰਹੇ ਹਨ।
ਵਫਦ ਦੇ ਕਿਸਾਨ ਆਗੂ ਕਰਮਦੀਪ ਸਿੰਘ ਬੈਂਸ ਨੇ ਆਖਿਆ ਕਿ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨਾਲ ਸਾਂਝੇ ਤੌਰ ਤੇ ਖੇਤੀਬਾੜੀ ਤਕਨੀਕਾਂ ਦੇ ਮਾਮਲੇ ਵਿੱਚ ਸਹਿਯੋਗ ਲਾਹੇਵੰਦ ਹੋ ਸਕਦਾ ਹੈ। ਇਸੇ ਤਰ੍ਹਾਂ ਪੰਜਾਬ ਦੇ ਕਿਸਾਨਾਂ ਨੂੰ ਕੈਲੇਫੋਰਨੀਆਂ ਦੇ ਤਜਰਬੇ ਮਦਦਗਾਰ ਸਾਬਤ ਹੋ ਸਕਦੇ ਹਨ। ਵਰਨਣਯੋਗ ਗੱਲ ਇਹ ਹੈ ਕਿ ਕਰਮਦੀਪ ਸਿੰਘ ਬੈਂਸ ਕੈਲੇਫੋਰਨੀਆਂ ਵਿੱਚ ਖੇਤੀ ਕਰਦੇ ਬੈਂਸ ਪਰਿਵਾਰ ਦੀ ਚੌਥੀ ਪੁਸ਼ਤ ਵਿਚੋਂ ਸ: ਦੀਦਾਰ ਸਿੰਘ ਬੈਂਸ ਦਾ ਬੇਟਾ ਹੈ।
ਡੈਲੀਗੇਸ਼ਨ ਦਾ ਸੁਆਗਤ ਕਰਦਿਆਂ ਡਾ; ਹਰਜੀਤ ਸਿੰਘ ਸਹਿਗਲ ਨੇ ਯੂਨੀਵਰਸਿਟੀ ਢਾਂਚੇ ਬਾਰੇ ਜਾਣਕਾਰੀ ਦਿੱਤੀ ਜਦ ਕਿ ਬਾਕੀ ਵਿਗਿਆਨੀਆਂ ਨੇ ਵੀ ਆਪੋ ਆਪਣੇ ਵਿਸ਼ਿਆਂ ਬਾਰੇ ਸੰਬੋਧਨ ਕੀਤਾ। ਇਸ ਵਫਦ ਨੂੰ ਪੇਂਡੂ ਵਸਤਾਂ ਦਾ ਅਜਾਇਬ ਘਰ ਵੀ ਵਿਖਾਇਆ ਗਿਆ ਅਤੇ ਅਗਾਂਹਵਧੂ ਸਬਜ਼ੀ ਉਤਪਾਦਕ ਕਿਸਾਨ ਸ: ਦਵਿੰਦਰ ਸਿੰਘ ਮੁਸ਼ਕਾਬਾਦ ਦੇ ਖੇਤਾਂ ਦਾ ਵੀ ਦੌਰਾ ਕਰਵਾਇਆ ਗਿਆ।
ਕੈਲੇਫੋਰਨੀਆਂ ਤੋਂ ਆਏ 27 ਮੈਂਬਰੀ ਵਫਦ ਨੇ ਖੇਤੀ ਵਰਸਿਟੀ ਵਿਗਿਆਨੀਆਂ ਨਾਲ ਵਿਚਾਰ ਵਟਾਂਦਰਾ ਕੀਤਾ
This entry was posted in ਪੰਜਾਬ.