ਫਤਿਹਗੜ੍ਹ ਸਾਹਿਬ – ‘‘ਬਰਤਾਨੀਆਂ ਦੇ ਪ੍ਰਧਾਨ ਮੰਤਰੀ ਡੇਵਿਡ ਕੈਮਰੂਨ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਿੱਖ ਕੌਮ ਨਾਲ ਆਪਣੇ ਡਿਪਲੋਮੈਟਿਕ ਸੰਬੰਧਾਂ ਨੂੰ ਮਜਬੂਤ ਕਰਨ ਦੇ ਅਮਲ ਸ਼ਲਾਘਾਯੋਗ ਹਨ। ਉੱਨਾਂ ਵੱਲੋਂ ਅੰਮ੍ਰਿਤਸਰ ਵਿਖੇ ਪਹੁੰਚਣ ਤੇ ਜਲ੍ਹਿਆਂਵਾਲੇ ਬਾਗ ਦੇ 1919 ਦੇ ਸਾਕੇ ਨੂੰ ਸ਼ਰਮਨਾਕ ਕਰਾਰ ਦੇਣਾ ਬੇਸ਼ੱਕ ਸਹੀ ਹੈ, ਪਰ ਸ੍ਰੀ ਕੈਮਰੂਨ ਵੱਲੋਂ 1919 ਤੋਂ ਹੀ ਵੱਡੇ ਵਾਪਰੇ ਦੁਖਾਂਤ 1984 ਵਿਚ ਬਲਿਊ ਸਟਾਰ ਦੇ ਫੌਜੀ ਹਮਲੇ, ਜਿਸ ਵਿਚ ਹਜਾਰਾਂ ਦੀ ਗਿਣਤੀ ਵਿਚ ਸਿੱਖ ਕੌਮ ਦੇ ਮਾਸੂਮ ਬੱਚੇ, ਔਰਤਾਂ, ਨੌਜਵਾਨ ਅਤੇ ਬਜ਼ੁਰਗ ਜੋ ਸ਼ਰਧਾ ਪੂਰਵਕ ਸ੍ਰੀ ਗੁਰੂ ਅਰਜੁਨ ਦੇਵ ਜੀ ਦੇ ਸ਼ਹੀਦੀ ਦਿਹਾੜੇ ਤੇ ਨਤਮਸਮਕ ਹੋਣ ਗਏ ਸਨ, ਉੱਨਾਂ ਬੇਕਸੂਰਾਂ ਨੂੰ ਫੌਜੀ ਹਮਲੇ ਰਾਹੀਂ ਸ਼ਹੀਦ ਕਰਨ ਦਾ ਹੋਇਆ ਅਮਲ 1919 ਦੇ ਹੋਏ ਦੁਖਾਂਤਕ ਕਾਂਡ ਤੋਂ ਵੀ ਵੱਡਾ ਗੈਰ ਇਨਸਾਨੀ ਕਾਰਵਾਈ ਹੋਈ ਹੈ। ਇਸ ਫੌਜੀ ਹਮਲੇ ਸੰਬੰਧੀ ਸ੍ਰੀ ਕੈਮਰਾਨ ਵੱਲੋਂ ਚੁੱਪ ਰਹਿਣ ਦਾ ਅਮਲ ਸਿੱਖ ਕੌਮ ਦੇ ਮਨਾਂ ਉੱਤੇ ਇੱਕ ਵੱਡਾ ਪ੍ਰਸ਼ਨ ਚਿੰਨ੍ਹ ਛੱਡ ਗਿਆ ਹੈ।’’
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ, ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਨੇ ਸ੍ਰੀ ਕੈਮਰਾਨ ਦੇ ਦੌਰੇ ਤੇ ਸਿੱਖ ਕੌਮ ਨਾਲ ਹੋਏ ਵਿਤਕਰੇ ਨੂੰ ਵੰਡੀ ਮਾਨਸਿਕ ਪੀੜਾ ਦੇਣ ਵਾਲਾ ਕਰਾਰ ਦਿੰਦੇ ਹੋਏ ਬਰਤਾਨੀਆਂ ਦੇ ਪ੍ਰਧਾਨ ਮੰਤਰੀ ਵੱਲੋਂ ਹੋਈ ਮਨੁੱਖਤਾ ਮਾਰੂ ਅਣਗਹਿਲੀ ਉੱਤੇ ਹੈਰਾਨੀ ਜਾਹਰ ਕਰਦੇ ਹੋਏ ਪ੍ਰਗਟ ਕੀਤੇ। ਉਨਾਂ ਕਿਹਾ ਕਿ ਦੁਨੀਆਂ ਦੀਆਂ ਸਮੁੱਚੀਆਂ ਕੌਮਾਂ, ਧਰਮਾਂ ਅਤੇ ਹੁਕਮਰਾਨਾਂ ਨੂੰ ਇਹ ਜਾਣਕਾਰੀ ਹੈ ਕਿ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਸ੍ਰੀ ਅਕਾਲ ਤਖਤ ਸਾਹਿਬ ਸਿੱਖ ਕੌਮ ਦੇ ਬਹੁਤ ਵੱਡੇ ਅਸਥਾਨ ਹਨ। ਜੱਲ੍ਹਿਆਂਵਾਲੇ ਬਾਗ ਵਿਖੇ ਬੇਸ਼ੱਕ 1919 ਵਿਚ ਬਹੁਤ ਵੱਡਾ ਦੁਖਾਂਤ ਵਾਪਰਿਆ ਸੀ, ਉਸ ਬਾਰੇ ਸੰਬੰਧਤ ਦੋਸ਼ੀ ਧਿਰਾਂ ਵੱਲੋਂ ਅਫਸੋਸ ਜਾਹਰ ਕਰਨਾ ਬਣਦਾ ਹੈ। ਪਰ ਜਦੋਂ ਜੱਲ੍ਹਿਆਂਵਾਲੇ ਬਾਗ ਤੋ ਕਿਤੇ ਜਿਆਦਾ ਸ੍ਰੀ ਦਰਬਾਰ ਸਾਹਿਬ ਦੀ ਕੌਮਾਂਤਰੀ ਪੱਧਰ ਤੇ ਮਹੱਤਤਾ ਹੈ ਅਤੇ ਉੱਥੇ 1984 ਵਿਚ ਵਾਪਰਿਆ ਹਿੰਦੂਤਵ ਤਾਕਤਾਂ ਦਾ ਸਾਜ਼ਿਸ਼ੀ ਦੁਖਾਂਤ ਜੱਲ੍ਹਿਆਂਵਾਲੇ ਬਾਗ ਤੋਂ ਵੀ ਵੱਡਾ ਦਰਦਨਾਕ ਹੈ, ਤਾਂ ਦਰਬਾਰ ਸਾਹਿਬ ਵਿਖੇ ਕੌਮਾਂਤਰੀ ਪੱਧਰ ਦੀਆਂ ਆਉਣ ਵਾਲੀਆਂ ਸ਼ਖਸੀਅਤਾਂ ਨੂੰ ਹਿੰਦੂਤਵ ਹੁਕਮਰਾਨਾਂ ਵੱਲੋਂ ਜੱਲਿਆਂਵਾਲੇ ਬਾਗ ਦੇ ਸਾਕੇ ਪ੍ਰਤੀ ਜਿਆਦਾ ਪ੍ਰਭਾਵ ਦੇ ਕੇ ਸਿੱਖ ਕੌਮ ਦੇ ਮਹਾਨ ਅਸਥਾਨ ਅਤੇ ਉੱਥੇ ਵਾਪਰੇ ਦੁਖਾਂਤ ਨੂੰ ਨਜ਼ਰ ਅੰਦਾਜ਼ ਕਰਨ ਦੇ ਹੋ ਰਹੇ ਸਾਜਿਸ਼ੀ ਅਮਲ ਹਿੰਦੂਤਵ ਤਾਕਤਾਂ ਦੀ ਸਿੱਖ ਵਿਰੋਧੀ ਸੋਚ ਦਾ ਪ੍ਰਤੱਖ ਪ੍ਰਗਟਾਵਾ ਕਰਦੇ ਹਨ। ਇਹੀ ਮੁੱਖ ਵਜਹ ਹੈ ਕਿ ਸ੍ਰੀ ਕੈਮਰੂਨ ਨੇ 1984 ਦੇ ਸਿੱਖ ਸ਼ਹੀਦਾਂ ਦੇ ਲਈ ਨਾਂ ਤਾਂ ਕੋਈ ਅਫਸੋਸ ਜਨਕ ਸ਼ਬਦ ਕਹੇ ਅਤੇ ਨਾਂ ਹੀ ਉਨਾਂ ਸਿੱਖ ਸ਼ਹੀਦਾਂ ਦੀ ਯਾਦਗਾਰ ਕਾਇਮ ਕਰਨ ਲਈ ਹਿੰਦੂਤਵ ਹਕੂਮਤ ਉੱਤੇ ਕੋਈ ਜੋਰ ਪਾਇਆ। ਸ. ਮਾਨ ਨੇ ਕਿਹਾ ਕਿ 1919 ਦੇ ਸ਼ਹੀਦਾਂ ਦੀ ਯਾਦਗਾਰ ਤਾਂ ਚਿਰਕੌਣੀ ਬਣ ਚੁੱਕੀ ਹੈ ਅਤੇ ਬਾਹਰਲੇ ਮੁਲਕਾਂ ਦੇ ਆਉਣ ਵਾਲੇ ਨੁਮਾਇੰਦੇ ਜੱਲ੍ਹਿਆਂਵਾਲੇ ਬਾਗ ਅਫ਼ਸੋਸ ਲਈ ਜ਼ਰੂਰ ਜਾਂਦੇ ਹਨ, ਜਿਸ ਦਾ ਸਾਨੂੰ ਕੋਈ ਸ਼ਿਕਵਾ ਨਹੀਂ। ਲੇਕਿਨ ਸਿੱਖ ਕੌਮ ਉੱਤੇ 1984 ਵਿਚ ਹੋਏ ਜਬਰ-ਜ਼ੁਲਮ ਸੰਬੰਧੀ ਅਜਿਹੇ ਆਉਣ ਵਾਲੇ ਨੁਮਾਇੰਦਿਆਂ ਵੱਲੋਂ ਸਿੱਖ ਕੌਮ ਦੇ ਕਾਤਲਾਂ ਨੂੰ ਕਾਨੂੰਨ ਅਨੁਸਾਰ ਸਜਾਵਾਂ ਦੇਣ ਦੀ ਗੱਲ ਨਾਂ ਕਰਨਾਂ, ਸਿੱਖ ਸ਼ਹੀਦਾਂ ਦੀ ਸ੍ਰੀ ਦਰਬਾਰ ਸਾਹਿਬ ਵਿਖੇ ਯਾਦਗਾਰ ਬਣਾਉਣ ਲਈ ਕੋਈ ਵੀ ਇਨਸਾਨੀ ਫਰਜ ਪੂਰਨ ਨਾ ਕਰਨਾ ਅਤੇ ਇਸ ਵਾਪਰੇ ਦੁਖਾਂਤ ਉੱਤੇ ਅਫਸੋਸ ਨਾਂ ਜਾਹਰ ਕਰਨ ਦੇ ਹੋ ਰਹੇ ਅਮਲ ਸਿੱਖ ਕੌਮ ਦੇ ਮਨਾਂ ਅਤੇ ਆਤਮਾਵਾਂ ਦੀ ਵੱਡੀ ਪੀੜਾ ਵਧਾਉਣ ਅਤੇ ਸਿੱਖ ਕੌਮ ਵਿਚ ‘‘ਬੇਗਾਨਗੀ’’ ਦੀ ਭਾਵਨਾਂ ਨੂੰ ਮਜਬੂਤ ਕਰ ਰਹੇ ਹਨ। ਜਿਸ ਦੇ ਨਤੀਜੇ ਕਦੀ ਵੀ ਸਮਾਜ ਅਤੇ ਮਨੁੱਖਤਾ ਪੱਖੀ ਨਹੀਂ ਹੋ ਸਕਣਗੇ। ਇਸ ਲਈ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਯੂ.ਐਨ ਅਤੇ ਯੂਰਪੀਅਨ ਯੂਨੀਅਨ ਦੇ ਆਗੂਆਂ ਤੋਂ ਇਹ ਮੰਗ ਕੀਤੀ ਜਾਂਦੀ ਹੈ ਕਿ ਸਿੱਖ ਮਨਾਂ ਨੂੰ ਪਹੁੰਚੀ ਡੂੰਘੀ ਠੇਸ ਨੂੰ ਸ਼ਾਂਤ ਕਰਨ ਅਤੇ ਉਨਾਂ ਦੇ ਮਨਾਂ ਵਿਚ ਤੇਜੀ ਨਾਲ ਵਧਦੀ ਜਾ ਰਹੀ ਬੇਗਾਨਗੀ ਦੀ ਭਾਵਨਾਂ ਨੂੰ ਖਤਮ ਕਰਨ ਲਈ ਫੌਰੀ ਸਿੱਖਾਂ ਦੇ ਕਾਤਲਾਂ ਨੂੰ ਕੌਮਾਂਤਰੀ ਕਾਨੂੰਨ ਅਨੁਸਾਰ, ਕੌਮਾਂਤਰੀ ਅਦਾਲਤਾਂ ਵਿਚ ਜਿੱਥੇ ਬਣਦੀਆਂ ਸਜਾਵਾਂ ਦੇਣ ਦਾ ਪ੍ਰਬੰਧ ਕੀਤਾ ਜਾਵੇ, ਉੱਥੇ ਸ਼੍ਰੀ ਦਰਬਾਰ ਸਹਿਬ ਵਿਖੇ ‘‘ਸਿੱਖ ਸ਼ਹੀਦੀ ਯਾਦਗਾਰ’’ ਸਮਾਰਕ ਬਣਾਉਣ ਲਈ ਪਹਿਲ ਦੇ ਆਧਾਰ ਤੇ ਉਚੇਚੇ ਯਤਨ ਕੀਤੇ ਜਾਣ।